90 ਦਿਨਾਂ ''ਚ 90 ਕਰੋੜ ਮਾਮਲੇ! ਚੀਨ ''ਚ ਕੋਰੋਨਾ ''ਸੁਨਾਮੀ'' ਦਾ ਦਾਅਵਾ

Monday, Dec 26, 2022 - 02:08 PM (IST)

ਬੀਜਿੰਗ (ਬਿਊਰੋ) ਚੀਨ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਕਿਸ ਹੱਦ ਤੱਕ ਵੱਧ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਤਿੰਨ ਮਹੀਨਿਆਂ 'ਚ 90 ਕਰੋੜ ਮਾਮਲੇ ਸਾਹਮਣੇ ਆਉਣਗੇ। ਮਹਾਮਾਰੀ ਨੂੰ ਜਾਣਨ ਵਾਲੇ ਮਾਹਰ ਇਹ ਦਾਅਵਾ ਕਰ ਰਹੇ ਹਨ। ਇਸ ਵੇਲੇ ਹਾਲਾਤ ਇਹ ਹਨ ਕਿ ਹਸਪਤਾਲ ਭਰੇ ਪਏ ਹਨ। ਹਾਲਾਤ ਇਹ ਹਨ ਕਿ ਹਸਪਤਾਲ ਦੇ ਡਾਕਟਰ ਵੀ ਬਿਮਾਰ ਪੈਣ ਲੱਗੇ ਹਨ। ਸ਼ਮਸ਼ਾਨਘਾਟ ਵੀ ਭਰੇ ਹੋਏ ਹਨ। ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ ਇਸ ਹਫ਼ਤੇ 'ਚ ਇੱਕ ਦਿਨ ਵਿੱਚ 4 ਕਰੋੜ ਮਾਮਲੇ ਸਾਹਮਣੇ ਆ ਸਕਦੇ ਹਨ।

PunjabKesari

ਮਹਾਮਾਰੀ ਨਾਲ ਜੁੜੇ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਦੀ ਅੱਧੀ ਤੋਂ ਵੱਧ ਆਬਾਦੀ ਕੋਰੋਨਾ ਤੋਂ ਪ੍ਰਭਾਵਿਤ ਹੋ ਸਕਦੀ ਹੈ। ਕੋਰੋਨਾ ਸੰਕਰਮਣ ਦੀ ਵੱਧਦੀ ਰਫਤਾਰ ਦੇ ਵਿਚਕਾਰ ਮਹਾਮਾਰੀ ਵਿਗਿਆਨੀਆਂ ਦੁਆਰਾ ਕੀਤੀਆਂ ਗਈਆਂ ਭਵਿੱਖਬਾਣੀਆਂ ਡਰਾਉਣੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ 'ਚ ਬਲੂਮਬਰਗ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਚੀਨ 'ਚ ਇਸ ਹਫ਼ਤੇ ਇੱਕ ਦਿਨ 'ਚ ਕੋਰੋਨਾ ਦੇ 3.7 ਕਰੋੜ ਮਾਮਲੇ ਸਾਹਮਣੇ ਆ ਸਕਦੇ ਹਨ। ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਧ ਹੋਵੇਗਾ।

PunjabKesari

ਮਾਹਰਾਂ ਨੇ ਕਹੀ ਇਹ ਗੱਲ

ਮਾਹਰਾਂ ਦਾ ਮੰਨਣਾ ਹੈ ਕਿ ਜ਼ੀਰੋ-ਕੋਵਿਡ ਨੀਤੀ ਤਹਿਤ ਚੀਨੀ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕੈਦ ਰੱਖਿਆ, ਜਿਸ ਕਾਰਨ ਉਹ ਵਾਇਰਸ ਦੇ ਵਿਰੁੱਧ ਇਮਿਊਨਿਟੀ ਵਿਕਸਿਤ ਨਹੀਂ ਕਰ ਸਕੇ ਅਤੇ ਹੁਣ ਅਚਾਨਕ ਸਭ ਕੁਝ ਖੋਲ੍ਹ ਦਿੱਤਾ, ਜਿਸ ਕਾਰਨ ਇਨਫੈਕਸ਼ਨ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾ ਇਨਫੈਕਸ਼ਨ ਦੇ ਅਚਾਨਕ ਵਧਣ ਨਾਲ ਡਾਕਟਰ ਵੀ ਬਿਮਾਰ ਪੈ ਰਹੇ ਹਨ ਅਤੇ ਚੀਨ ਦੀ ਸਿਹਤ ਪ੍ਰਣਾਲੀ ਵੀ ਬੁਰੀ ਤਰ੍ਹਾਂ ਨਾਲ ਢਹਿ ਗਈ ਹੈ। ਹਾਲਾਤ ਇਹ ਨੇ ਕਿ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਨੂੰ ਦਾਖ਼ਲ ਕਰਨ ਲਈ ਥਾਂ ਨਹੀਂ ਹੈ। ਚੀਨੀ ਨਿਊਜ਼ ਏਜੰਸੀ ਮੁਤਾਬਕ ਡਾਕਟਰ ਅਤੇ ਮੈਡੀਕਲ ਸਟਾਫ਼ ਨਾਲ ਜੁੜੇ ਲੋਕ ਵੀ ਕੋਰੋਨਾ ਸੰਕਰਮਿਤ ਹੋ ਰਹੇ ਹਨ ਅਤੇ ਫਿਰ ਵੀ ਉਹ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

PunjabKesari

20 ਦਿਨਾਂ 'ਚ 25 ਕਰੋੜ ਲੋਕ ਸੰਕਰਮਿਤ

ਦਿ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਲੀਕ ਹੋਏ ਦਸਤਾਵੇਜ਼ ਦੇ ਹਵਾਲੇ ਨਾਲ ਕਿਹਾ ਕਿ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦਾ ਮੰਨਣਾ ਹੈ ਕਿ 1 ਤੋਂ 20 ਦਸੰਬਰ ਦਰਮਿਆਨ ਦੇਸ਼ 'ਚ ਲਗਭਗ 25 ਕਰੋੜ ਲੋਕ ਸੰਕਰਮਿਤ ਹੋਏ ਹਨ। ਇਸ ਦੇ ਅਨੁਸਾਰ ਸਿਰਫ 20 ਦਿਨਾਂ ਵਿੱਚ ਦੇਸ਼ ਦੀ ਲਗਭਗ 18 ਪ੍ਰਤੀਸ਼ਤ ਆਬਾਦੀ ਕੋਰੋਨਾ ਨਾਲ ਸੰਕਰਮਿਤ ਹੋਈ ਹੈ। ਮਹਾਮਾਰੀ ਵਿਗਿਆਨੀ ਐਰਿਕ ਫਿਗੇਲ ਡਿੰਗ ਦਾ ਅਨੁਮਾਨ ਹੈ ਕਿ ਅਗਲੇ 90 ਦਿਨਾਂ ਵਿੱਚ ਚੀਨ ਦੇ 60 ਪ੍ਰਤੀਸ਼ਤ ਅਤੇ ਵਿਸ਼ਵ ਦੀ 10 ਪ੍ਰਤੀਸ਼ਤ ਆਬਾਦੀ ਦੇ ਕੋਰੋਨਾ ਸੰਕਰਮਿਤ ਹੋਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਗਲੇ ਤਿੰਨ ਮਹੀਨਿਆਂ ਵਿੱਚ ਚੀਨ ਦੇ ਲਗਭਗ 90 ਕਰੋੜ ਲੋਕ ਕੋਰੋਨਾ ਸੰਕਰਮਿਤ ਹੋ ਜਾਣਗੇ। ਇਸ ਦੌਰਾਨ ਲੱਖਾਂ ਮੌਤਾਂ ਹੋਣ ਦੀ ਵੀ ਸੰਭਾਵਨਾ ਹੈ।

 

ਚੀਨ ਵਿੱਚ ਆ ਸਕਦੀਆਂ ਹਨ ਤਿੰਨ ਲਹਿਰਾਂ 

ਚੀਨ ਦੇ ਮਹਾਮਾਰੀ ਵਿਗਿਆਨੀ ਵੂ ਜੁਨਯਾਓ ਦਾ ਕਹਿਣਾ ਹੈ ਕਿ ਚੀਨ ਵਿੱਚ ਤਿੰਨ ਮਹੀਨਿਆਂ ਵਿੱਚ ਤਿੰਨ ਲਹਿਰਾਂ ਆ ਸਕਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਇਸ ਸਮੇਂ ਪਹਿਲੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸਦੀ ਸਿਖਰ ਜਨਵਰੀ ਦੇ ਅੱਧ ਵਿੱਚ ਆ ਸਕਦੀ ਹੈ।ਉਨ੍ਹਾਂ ਕਿਹਾ ਕਿ ਚੀਨ ਦਾ ਲੂਨਰ ਨਿਊ ਯੀਅਰ ਵੀ 21 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਕਾਰਨ ਲੋਕ ਯਾਤਰਾ ਕਰਨਗੇ, ਜਿਸ ਕਾਰਨ ਦੂਜੀ ਲਹਿਰ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਲੱਖਾਂ ਲੋਕ ਯਾਤਰਾ ਕਰਦੇ ਹਨ। ਇਸ ਲਈ ਜਨਵਰੀ ਦੇ ਅੰਤ ਤੋਂ ਦੂਜੀ ਲਹਿਰ ਸ਼ੁਰੂ ਹੋ ਸਕਦੀ ਹੈ ਜੋ ਫਰਵਰੀ ਦੇ ਅੱਧ ਤੱਕ ਚੱਲੇਗੀ।ਜਦਕਿ ਤੀਜੀ ਲਹਿਰ ਫਰਵਰੀ ਦੇ ਅੰਤ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵੂ ਜੁਨਯੂ ਦਾ ਕਹਿਣਾ ਹੈ ਕਿ ਛੁੱਟੀ ਤੋਂ ਬਾਅਦ ਲੋਕ ਦੁਬਾਰਾ ਯਾਤਰਾ ਕਰਨਗੇ ਅਤੇ ਇਸ ਕਾਰਨ ਤੀਜੀ ਲਹਿਰ ਸ਼ੁਰੂ ਹੋ ਸਕਦੀ ਹੈ। ਤੀਜੀ ਲਹਿਰ ਫਰਵਰੀ ਦੇ ਅਖੀਰ ਤੋਂ ਮਾਰਚ ਦੇ ਅੱਧ ਤੱਕ ਚੱਲ ਸਕਦੀ ਹੈ।ਹਾਲ ਹੀ ਵਿੱਚ ਇੱਕ ਅਮਰੀਕੀ ਖੋਜ ਸੰਸਥਾ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ 2023 ਵਿੱਚ ਚੀਨ ਵਿੱਚ ਕੋਰੋਨਾ ਧਮਾਕਾ ਹੋ ਸਕਦਾ ਹੈ ਅਤੇ ਅਗਲੇ ਸਾਲ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News