ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਨੂੰ ਵੱਡਾ ਝਟਕਾ : 84,000 ਵੀਜ਼ਿਆਂ 'ਤੇ ਚੱਲੀ ਕੈਂਚੀ!
Monday, Mar 23, 2026 - 05:40 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਸਭ ਤੋਂ ਵੱਡਾ ਅਸਰ ਭਾਰਤੀ ਅਤੇ ਚੀਨੀ ਨਾਗਰਿਕਾਂ 'ਤੇ ਪੈ ਰਿਹਾ ਹੈ। ਇੱਕ ਤਾਜ਼ਾ ਮੀਡੀਆ ਰਿਪੋਰਟ ਅਨੁਸਾਰ ਸਾਲ 2025 ਦੇ ਪਹਿਲੇ ਅੱਠ ਮਹੀਨਿਆਂ ਵਿੱਚ 2024 ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 2.5 ਲੱਖ ਘੱਟ ਵੀਜ਼ੇ ਜਾਰੀ ਕੀਤੇ ਗਏ ।
ਸਟੂਡੈਂਟ ਅਤੇ ਵਰਕ ਵੀਜ਼ਾ ਵਿੱਚ ਵੱਡੀ ਕਟੌਤੀ
ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਜਾਰੀ ਅਮਰੀਕੀ ਵਿਦੇਸ਼ ਵਿਭਾਗ ਦੇ ਅੰਕੜਿਆਂ ਮੁਤਾਬਕ ਜਨਵਰੀ ਤੋਂ ਅਗਸਤ 2025 ਦਰਮਿਆਨ ਪੱਕੀ ਰਿਹਾਇਸ਼ (PR) ਅਤੇ ਅਸਥਾਈ ਵੀਜ਼ਿਆਂ ਵਿੱਚ 11 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਵੀਜ਼ੇ ਆਮ ਤੌਰ 'ਤੇ ਵਿਦਿਆਰਥੀਆਂ, ਕਾਮਿਆਂ ਅਤੇ ਰਿਸ਼ਤੇਦਾਰਾਂ ਨੂੰ ਦਿੱਤੇ ਜਾਂਦੇ ਹਨ। ਖ਼ਾਸ ਤੌਰ 'ਤੇ ਭਾਰਤੀ ਅਤੇ ਚੀਨੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਵੀਜ਼ਿਆਂ ਵਿੱਚ 84,000 ਦੀ ਕਮੀ ਆਈ ਹੈ, ਜਿਸ ਦਾ ਮੁੱਖ ਕਾਰਨ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਰਕਰਾਂ ਦੀ ਗਿਣਤੀ ਵਿੱਚ ਹੋਈ ਗਿਰਾਵਟ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੁਣ Canada ਜਾਣਾ ਹੋਇਆ ਹੋਰ ਵੀ ਔਖਾ; ਇਮੀਗ੍ਰੇਸ਼ਨ ਕੋਟੇ 'ਚ ਭਾਰੀ ਕਟੌਤੀ, ਜਾਣੋ ਨਵੇਂ ਨਿਯਮਾਂ ਦਾ ਅਸਰ
ਵਿਦਿਆਰਥੀਆਂ ਲਈ ਵਧੀਆਂ ਮੁਸ਼ਕਲਾਂ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2024 ਵਿੱਚ ਅਮਰੀਕਾ ਨੇ 3.44 ਲੱਖ ਤੋਂ ਵੱਧ ਸਟੂਡੈਂਟ ਵੀਜ਼ਾ ਜਾਰੀ ਕੀਤੇ ਸਨ, ਜੋ ਕਿ 2025 ਵਿੱਚ ਘਟ ਕੇ ਸਿਰਫ਼ 2.38 ਲੱਖ ਰਹਿ ਗਏ ਹਨ। ਇਸ ਤੋਂ ਇਲਾਵਾ ਪਰਿਵਾਰਕ ਸ਼੍ਰੇਣੀ ਦੇ ਵੀਜ਼ਿਆਂ (ਜਿਵੇਂ ਕਿ ਅਮਰੀਕੀ ਨਾਗਰਿਕਾਂ ਦੇ ਬਾਲਗ ਬੱਚੇ ਅਤੇ ਭੈਣ-ਭਰਾ) ਵਿੱਚ ਵੀ 27 ਫੀਸਦੀ (ਲਗਭਗ 44,000) ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਵਪਾਰ ਅਤੇ ਸੈਰ-ਸਪਾਟਾ ਵੀਜ਼ਿਆਂ ਵਿੱਚ ਵੀ ਲਗਭਗ 2 ਲੱਖ ਦੀ ਕਮੀ ਆਈ ਹੈ।
ਪ੍ਰਸ਼ਾਸਨ ਦਾ ਪੱਖ: 'ਵੀਜ਼ਾ ਇੱਕ ਸਹੂਲਤ ਹੈ, ਅਧਿਕਾਰ ਨਹੀਂ'
ਇਨ੍ਹਾਂ ਸਖ਼ਤ ਫੈਸਲਿਆਂ 'ਤੇ ਵ੍ਹਾਈਟ ਹਾਊਸ ਦੀ ਬੁਲਾਰਾ ਐਬੀਗੇਲ ਜੈਕਸਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੂੰ ਅਮਰੀਕੀ ਨਾਗਰਿਕਾਂ ਨੂੰ ਪਹਿਲ ਦੇਣ ਦੇ ਜਨਾਦੇਸ਼ ਨਾਲ ਚੁਣਿਆ ਗਿਆ ਹੈ ਅਤੇ ਉਨ੍ਹਾਂ ਦੀ ਹਰ ਨੀਤੀ ਇਸੇ ਤਰਜੀਹ ਨੂੰ ਦਰਸਾਉਂਦੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਸਪੱਸ਼ਟ ਕੀਤਾ ਕਿ "ਵੀਜ਼ਾ ਇੱਕ ਸਹੂਲਤ ਹੈ, ਕੋਈ ਅਧਿਕਾਰ ਨਹੀਂ"। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨਾਲ ਸਮਝੌਤਾ ਕਰਕੇ ਬਿਨਾਂ ਜਾਂਚ-ਪੜਤਾਲ ਦੇ ਵਿਦੇਸ਼ੀ ਨਾਗਰਿਕਾਂ ਦੇ ਵੱਡੇ ਪੱਧਰ 'ਤੇ ਦਾਖਲੇ ਦੀ ਇਜਾਜ਼ਤ ਦੇਣ ਲਈ ਤਿਆਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
