ਕਾਂਗੋ ’ਚ ਖਾਨ ਢਹਿਣ ਕਾਰਨ 80 ਲੋਕਾਂ ਦੀ ਮੌਤ
Tuesday, Nov 18, 2025 - 04:35 AM (IST)
ਬੁਕਾਵੂ - ਦੱਖਣ-ਪੂਰਬੀ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ (ਡੀ. ਆਰ. ਸੀ.) ਵਿਚ ਸ਼ਨੀਵਾਰ ਨੂੰ ਇਕ ਖਾਨ ਢਹਿ ਗਈ। ਇਸ ਹਾਦਸੇ ਵਿਚ ਘੱਟੋ-ਘੱਟ 80 ਲੋਕਾਂ ਦੀ ਮੌਤ ਹੋ ਗਈ। ਮਲਬੇ ਹੇਠ ਹੋਰ ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਹ ਹਾਦਸਾ ਲੁਆਲਾਬਾ ਸੂਬੇ ਦੇ ਮੁਲੋਂਡੋ ਵਿਚ ਕਲਾਂਡੋ ਖਾਨ ਵਿਚ ਵਾਪਰਿਆ।
ਸੂਬੇ ਦੇ ਗ੍ਰਹਿ ਮੰਤਰੀ ਰਾਏ ਕੌਂਬਾ ਮਾਯੋਂਡੇ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਅਤੇ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ ਖਾਨ ’ਚ ਜਾਣ ’ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਬਾਵਜੂਦ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਜ਼ਬਰਦਸਤੀ ਖਾਨ ਵਿਚ ਦਾਖਲ ਹੋ ਗਏ ਸਨ। ਮੌਕੇ ’ਤੇ ਫੌਜ ਦੇ ਜਵਾਨਾਂ ਵੱਲੋਂ ਗੋਲੀਬਾਰੀ ਕਰਨ ਨਾਲ ਮਾਈਨਿੰਗ ਕਰਨ ਵਾਲਿਆਂ ’ਚ ਦਹਿਸ਼ਤ ਫੈਲ ਗਈ ਅਤੇ ਉਹ ਖਾਨ ਦੇ ਉੱਪਰ ਪੁਲ ਵੱਲ ਭੱਜੇ, ਜਿਸ ਕਾਰਨ ਪੁਲ ਢਹਿ ਗਿਆ।
ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਕਈ ਲੋਕ ਖਾਨ ਦੇ ਹੇਠਾਂ ਖੜ੍ਹੇ ਦਿਖਾਈ ਦੇ ਰਹੇ ਹਨ। ਅਚਾਨਕ ਖਾਨ ਦਾ ਇਕ ਵੱਡਾ ਹਿੱਸਾ ਢਹਿ ਗਿਆ, ਜਿਸ ਨਾਲ ਬਹੁਤ ਸਾਰੇ ਲੋਕ ਹੇਠਾਂ ਦੱਬੇ ਗਏ। ਬਹੁਤ ਸਾਰੇ ਲੋਕ ਬਚਣ ਦੀ ਕੋਸ਼ਿਸ਼ ਕਰਦੇ ਹੋਏ ਇਕ-ਦੂਜੇ ਦੇ ਉੱਪਰ ਡਿੱਗ ਪਏ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਮੌਤ ਹੋ ਗਈ।
