ਬਰਮਿੰਘਮ ਵਿਚ ਹੋਏ ਭਿਆਨਕ ਸੜਕ ਹਾਦਸੇ ਵਿਚ 6 ਦੀ ਮੌਤ, 1 ਦੀ ਹਾਲਤ ਗੰਭੀਰ

12/17/2017 3:34:02 PM

ਬਰਮਿੰਘਮ (ਏਜੰਸੀ)- ਇਥੇ ਹੋਏ ਭਿਆਨਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਜ਼ਖਮੀ ਹੈ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਵੈਸਟ ਮਿਡਲੈਂਡ ਪੁਲਸ ਨੇ ਦੱਸਿਆ ਕਿ ਐਤਵਾਰ ਤੜਕੇ 1 ਵਜੇ ਈਡਗਬਾਸਟਨ ਨੇੜੇ ਬੈਲਗ੍ਰੇਵ ਮਿਡਲਵੇਅ ’ਤੇ ਭਿਆਨਕ ਸੜਕ ਹਾਦਸਾ ਹੋਇਆ। ਪੁਲਸ ਨੇ ਇਸ ਹਾਦਸੇ ਨੂੰ 'ਬਹੁਤ ਭਿਆਨਕ ਅਤੇ ਦੁਖਦਾਈ' ਦੱਸਿਆ ਹੈ। ਹਾਦਸੇ ਵਿਚ ਨੁਕਸਾਨੇ ਗਏ ਵਾਹਨ ਸੜਕਾਂ ’ਤੇ ਪਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿਚ ਇਕ ਟੈਕਸੀ ਡਰਾਈਵਰ ਅਤੇ ਉਸ ਦੀ ਮਹਿਲਾ ਯਾਤਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਕ ਹੋਰ ਵਿਅਕਤੀ ਨੂੰ ਹਾਦਸੇ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। 3 ਹੋਰ ਵਿਅਕਤੀਆਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਉਨ੍ਹਾਂ ਨਾਲ ਚੌਥੇ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵੈਸਟ ਮਿਡਲੈਂਡ ਪੁਲਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬ੍ਰਿਸਟਲ ਸਟ੍ਰੀਟ ਨੂੰ ਐਤਵਾਰ ਨੂੰ ਬੰਦ ਕਰ ਦਿੱਤਾ ਗਿਆ। ਹਾਦਸੇ ਤੋਂ 7 ਮਿੰਟ ਬਾਅਦ ਹੀ 2 ਐਂਬੂਲੈਂਸ ਮੌਕੇ ’ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ। 


Related News