6,000 ਰੂਸੀ ਸੈਨਿਕ ਮਾਰੇ ਗਏ: ਜ਼ੇਲੇਂਸਕੀ

Wednesday, Mar 02, 2022 - 05:17 PM (IST)

ਕੀਵ (ਵਾਰਤਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਰੂਸੀ ਫੌਜੀ ਹਮਲੇ ਤੋਂ ਬਾਅਦ ਹੁਣ ਤੱਕ ਯੂਕ੍ਰੇਨ ਵਿਚ ਲਗਭਗ 6,000 ਰੂਸੀ ਫੌਜੀ ਮਾਰੇ ਗਏ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ, 'ਇਸ ਗਿਣਤੀ ਬਾਰੇ ਸੋਚੋ: ਲਗਭਗ 6 ਹਜ਼ਾਰ ਰੂਸੀ ਸੈਨਿਕ ਮਾਰੇ ਗਏ ਹਨ। ਕਿਉਂ? ਯੂਕ੍ਰੇਨ ਲਈ? ਇਹ ਅਸੰਭਵ ਹੈ।'

ਇਹ ਵੀ ਪੜ੍ਹੋ: ਰੂਸ ਖ਼ਿਲਾਫ਼ ਕਾਰਵਾਈ ਲਈ ਅੰਤਰਰਾਸ਼ਟਰੀ ਅਦਾਲਤ ਪੁੱਜਾ ਯੂਕ੍ਰੇਨ, 7-8 ਮਾਰਚ ਨੂੰ ਹੋਵੇਗੀ ਸੁਣਵਾਈ

ਇਸ ਤੋਂ ਪਹਿਲਾਂ ਯੂਕ੍ਰੇਨ ਦੇ ਫ਼ੌਜ ਮੁਖੀ ਨੇ ਕਿਹਾ ਸੀ ਕਿ ਲਗਭਗ 5840 ਰੂਸੀ ਫ਼ੌਜੀ ਮਾਰੇ ਗਏ ਹਨ। ਇਸ ਤੋਂ ਇਲਾਵਾ 221 ਟੈਂਕ, 31 ਹੈਲੀਕਾਪਟਰ, 30 ਏਅਰਕ੍ਰਾਫਟ, 85 ਤੋਪਖਾਨੇ, 862 ਬਖਤਰਬੰਦ ਕੈਰੀਅਰ, 355 ਵਾਹਨ, 60 ਫਿਊਲ ਟੈਂਕ, 40 ਰਾਕੇਟ ਲਾਂਚਰ ਅਤੇ 9 ਐਂਟੀ-ਏਅਰਕ੍ਰਾਫਟ ਸਿਸਟਮ ਨੂੰ ਡੇਗਿਆ ਗਿਆ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਰੂਸੀ ਹਮਲੇ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਰੂਸੀ ਫ਼ੌਜ ਨੂੰ ਵੱਡੀ ਗਿਣਤੀ ਵਿਚ ਯੂਕ੍ਰੇਨੀ ਲੜਾਕਿਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ, 'ਇਸ ਸਥਿਤੀ ਨੂੰ ਮਿਜ਼ਾਈਲਾਂ, ਬੰਬਾਂ, ਟੈਂਕਾਂ ਅਤੇ ਹੋਰ ਹਮਲਿਆਂ ਨਾਲ ਨਹੀਂ ਬਦਲਿਆ ਜਾ ਸਕਦਾ। ਅਸੀਂ ਆਪਣੀ ਜਨਮ ਭੂਮੀ ਵਿਚ ਹਾਂ, ਅਤੇ ਇਸ ਲਈ ਲੜ ਰਹੇ ਹਾਂ। ਯੂਕ੍ਰੇਨ ਦੇ ਲੋਕੋ, ਅੱਜ ਤੁਸੀਂ ਅਜੇਤੂ ਹੋਣ ਦਾ ਪ੍ਰਤੀਕ ਬਣ ਗਏ ਹੋ। ਤੁਸੀਂ ਇਸ ਤੱਥ ਦੇ ਪ੍ਰਤੀਕ ਹੋ ਕਿ ਕਿਸੇ ਵੀ ਦੇਸ਼ ਦੇ ਲੋਕ ਕਿਸੇ ਵੀ ਸਮੇਂ ਧਰਤੀ 'ਤੇ ਸਭ ਤੋਂ ਵਧੀਆ ਲੋਕ ਬਣ ਸਕਦੇ ਹਨ।' ਉਨ੍ਹਾਂ ਕਿਹਾ, 'ਮੈਂ ਤੁਹਾਡੀ ਸਭ ਦੀ ਪ੍ਰਸ਼ੰਸਾ ਕਰਦਾ ਹਾਂ, ਹਾਲੀਵੁੱਡ ਤੋਂ ਲੈ ਕੇ ਸਿਆਸਤਦਾਨਾਂ ਤੱਕ ਪੂਰੀ ਦੁਨੀਆ ਤੁਹਾਡੀ ਤਾਰੀਫ਼ ਕਰ ਰਹੀ ਹੈ।'

ਇਹ ਵੀ ਪੜ੍ਹੋ: ਯੂਕ੍ਰੇਨ ਦੇ ਲੋਕਾਂ ਦੀ ਬਹਾਦਰੀ ਦੀ ਵੀਡੀਓ ਵਾਇਰਲ, ਰੂਸੀ ਫੌਜ ਨੂੰ ਸ਼ਹਿਰ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਟੈਂਕਾਂ 'ਤੇ ਚੜ੍ਹੇ ਲੋਕ

ਯੂਕ੍ਰੇਨ ਦੀ ਫ਼ੌਜ ਨੇ ਰੂਸੀ ਹਮਲੇ ਦੇ 7ਵੇਂ ਦਿਨ ਬੁੱਧਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਹਰ ਦਿਸ਼ਾ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ਵਿਚ ਯੂਕ੍ਰੇਨ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਰਿਪੋਰਟ ਮੁਤਾਬਕ ਮੰਗਲਵਾਰ ਨੂੰ 600 ਯੂਕ੍ਰੇਨੀ ਫੌਜੀ ਮਾਰੇ ਗਏ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿਚ ਪੁਲਸ ਹੈੱਡਕੁਆਰਟਰ 'ਤੇ ਰਾਕੇਟ ਹਮਲਾ ਹੋਇਆ ਹੈ, ਜਿਸ ਵਿਚ ਇਕ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਫਾਇਰਫਾਈਟਰਜ਼ ਇਮਾਰਤ ਦੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕ੍ਰੇਨ ਬੁੱਧਵਾਰ ਨੂੰ ਨੁਕਸਾਨ ਦਾ ਮੁਲਾਂਕਣ ਕਰੇਗਾ। ਯੂਕ੍ਰੇਨ ਦੇ ਗ੍ਰਹਿ ਮੰਤਰੀ ਦੇ ਸਲਾਹਕਾਰ ਐਂਟੋਨ ਗੇਰਾਸ਼ੈਂਕੋ ਦੇ ਹਵਾਲੇ ਨਾਲ ਬੀ.ਬੀ.ਸੀ. ਨੇ ਕਿਹਾ ਕਿ ਹਮਲੇ ਤੋਂ ਬਾਅਦ ਕਰਾਜ਼ਿਨ ਨੈਸ਼ਨਲ ਯੂਨੀਵਰਸਿਟੀ ਦੀ ਇਮਾਰਤ ਨੂੰ ਵੀ ਅੱਗ ਲੱਗ ਗਈ ਹੈ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਰੂਸੀ ਗੋਲਾਬਾਰੀ 'ਚ ਘੱਟੋ-ਘੱਟ 21 ਲੋਕ ਮਾਰੇ ਗਏ ਅਤੇ 112 ਜ਼ਖ਼ਮੀ ਹੋ ਗਏ ਹਨ। ਇਸ ਦੇ ਨਾਲ ਹੀ, ਯੂਕ੍ਰੇਨ ਦੇ ਗ੍ਰਹਿ ਮੰਤਰਾਲਾ ਨੇ ਪੁਸ਼ਟੀ ਕੀਤੀ ਕਿ ਕੀਵ ਤੋਂ 120 ਕਿਲੋਮੀਟਰ ਦੂਰ ਜ਼ਾਇਟੋਮੀਰ ਸ਼ਹਿਰ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ ਹਨ।

ਇਹ ਵੀ ਪੜ੍ਹੋ: ਬਾਈਡੇਨ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ 3 ਕਰੋੜ ਬੈਰਲ ਤੇਲ ਦੇਣ ਦਾ ਕੀਤਾ ਐਲਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News