ਯਮਨ ’ਚ ਸਾਊਦੀ ਹਵਾਈ ਹਮਲਿਆਂ ’ਚ 20 ਦੀ ਮੌਤ
Thursday, Jan 08, 2026 - 09:43 AM (IST)
ਕਾਹਿਰਾ (ਏਜੰਸੀ)- ਦੱਖਣ-ਪੱਛਮੀ ਯਮਨ ਦੇ ਅਦ-ਦਾਲੀ ਸੂਬੇ ’ਤੇ ਸ਼ਾਸਨ ਕਰ ਰਹੇ ‘ਦੱਖਣੀ ਪਰਿਵਰਤੀ ਪ੍ਰੀਸ਼ਦ’ (ਅਲ-ਮਜਲਿਸ ਅਲ-ਇੰਤਕਾਲੀ ਅਲ-ਜੁਨੂਬੀ) ਦੀਆਂ ਫੌਜਾਂ ਖ਼ਿਲਾਫ਼ ਸਾਊਦੀ ਲੀਡਰਸ਼ਿਪ ਵਾਲੇ ਅਰਬ ਗੱਠਜੋੜ ਦੇ ਹਮਲਿਆਂ ’ਚ 20 ਲੋਕ ਮਾਰੇ ਗਏ ਹਨ। ਸੂਬਾਈ ਸਰਕਾਰ ਦੇ ਇਕ ਸੂਤਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਤਰ ਨੇ ਕਿਹਾ, ‘ਗੱਠਜੋੜ ਦੇ ਜਹਾਜ਼ਾਂ ਨੇ ਅਦ-ਦਾਲੀ ਸੂਬੇ ਦੇ ਜ਼ੁਬੈਦ, ਅਲ-ਜੰਦ ਅਤੇ ਜਹਾਫ਼ ਇਲਾਕਿਆਂ ’ਚ ਫੌਜੀ ਉਪਕਰਨਾਂ ’ਤੇ ਲੱਗਭਗ 12 ਹਵਾਈ ਹਮਲੇ ਕੀਤੇ। ਇਹ ਉਪਰਕਨ ਅਸਥਾਈ ਰਾਜਧਾਨੀ ਅਦਨ ਤੋਂ ਸਮੱਗਲਿੰਗ ਕਰਕੇ ਲਿਆਂਦੇ ਗਏ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਭਰੇ ਟਰੱਕਾਂ ਰਾਹੀਂ ਲਿਜਾਇਆ ਜਾ ਰਿਹਾ ਸੀ। ਹਵਾਈ ਹਮਲਿਆਂ ’ਚ ਔਰਤਾਂ ਅਤੇ ਬੱਚਿਆਂ ਸਮੇਤ 20 ਲੋਕ ਮਾਰੇ ਗਏ ਹਨ।’ ਯਮਨ ਦੀ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਕਾਰ ਦਾ ਸਮਰਥਨ ਕਰਨ ਵਾਲੇ ਅਰਬ ਗੱਠਜੋੜ ਦੇ ਬੁਲਾਰੇ ਤੁਰਕੀ ਅਲ-ਮਲਿਕੀ ਨੇ ‘ਐਕਸ’ ’ਤੇ ਕਿਹਾ ਕਿ ਗੱਠਜੋੜ ਫੋਰਸਾਂ ਨੇ ਯਮਨ ਦੀ ਸਰਕਾਰ ਨਾਲ ਮਿਲ ਕੇ ਬੁੱਧਵਾਰ ਸਵੇਰੇ ਅਦ-ਦਾਲੀ ਸੂਬੇ ’ਚ ਪ੍ਰੀਸ਼ਦ ਦੇ ਟਿਕਾਣਿਆਂ ’ਤੇ ਸੀਮਤ ਹਮਲੇ ਕੀਤੇ ਤਾਂ ਜੋ ਉਨ੍ਹਾਂ ਫੌਜੀ ਕਾਰਵਾਈਆਂ ਨੂੰ ਰੋਕਿਆ ਜਾ ਸਕੇ ਜੋ ਸੰਘਰਸ਼ ਨੂੰ ਵਧਾ ਸਕਦੀਆਂ ਸਨ।
