ਅਫਗਾਨਿਸਤਾਨ ''ਚ ਭਾਰੀ ਮੀਂਹ ਤੇ ਬਰਫਬਾਰੀ ਦਾ ਕਹਿਰ, 24 ਘੰਟਿਆਂ ''ਚ 19 ਲੋਕਾਂ ਦੀ ਮੌਤ

01/13/2020 11:44:39 AM

ਕਾਬੁਲ— ਅਫਗਾਨਿਸਤਾਨ 'ਚ ਭਾਰੀ ਮੀਂਹ ਤੇ ਬਰਫਬਾਰੀ ਕਾਰਨ ਪਿਛਲੇ 24 ਘੰਟਿਆਂ ਦੌਰਾਨ 19 ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਤੋਂ ਲਗਭਗ 21 ਸੂਬਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਹੁਣ ਤਕ 21 ਲੋਕ ਜ਼ਖਮੀ ਹੋ ਗਏ ਹਨ ਤੇ 19 ਲੋਕ ਮਾਰੇ ਗਏ।

ਕੰਧਾਰ ਸੂਬੇ 'ਚ ਕਈ ਘਰਾਂ ਦੀਆਂ ਛੱਤਾਂ ਢਹਿ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 4 ਔਰਤਾਂ ਤੇ 3 ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ 13 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਸਥਾਨਕ ਸਰਕਾਰ ਨੇ ਐਮਰਜੈਂਸੀ ਮੀਟਿੰਗ ਸੱਦੀ ਹੈ। ਇਸ ਤੋਂ ਇਲਾਵਾ ਹੈਲਮੰਡ ਸੂਬੇ 'ਚ 3 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹਨ। ਹੈਰੇਤ ਸੂਬੇ 'ਚ ਵੀ ਕਈ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ 8 ਲੋਕ ਮਾਰੇ ਗਏ। ਅਧਿਕਾਰੀਆਂ ਮੁਤਾਬਕ ਸਾਰੀਆਂ ਸੜਕਾਂ ਅਤੇ ਹਾਈਵੇਅਜ਼ ਬੰਦ ਹਨ। ਹੈਰੇਤ ਪੁਲਸ ਨੇ ਲੋਕਾਂ ਨੂੰ ਅਲਰਟ ਕਰਦਿਆਂ ਕਿਹਾ ਕਿ ਜੇਕਰ ਜ਼ਰੂਰੀ ਨਾ ਹੋਵੇ ਤਾਂ ਲੋਕ ਘਰਾਂ 'ਚ ਹੀ ਰਹਿਣ ਕਿਉਂਕਿ ਉਹ ਹਾਈਵੇਅਜ਼ 'ਤੇ ਫਸ ਸਕਦੇ ਹਨ।


Related News