ਪਿਉਰਟੋ ਰੀਕੋ ਨੇੜੇ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ, 31 ਨੂੰ ਬਚਾਇਆ ਗਿਆ
Friday, May 13, 2022 - 10:05 AM (IST)
ਸੈਨ ਜੁਆਨ/ਪਿਉਰਟੋ ਰੀਕੋ (ਏਜੰਸੀ)- ਪਿਉਰਟੋ ਰੀਕੋ ਦੇ ਨੇੜੇ ਇੱਕ ਟਾਪੂ ਦੇ ਉੱਤਰ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰਾਂ ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ੱਕ ਹੈ ਕਿ ਕਿਸ਼ਤੀ 'ਤੇ ਸ਼ਰਨਾਰਥੀ ਸਵਾਰ ਸਨ। ਅਮਰੀਕੀ ਕੋਸਟ ਗਾਰਡ ਦੇ ਬੁਲਾਰੇ ਰਿਕਾਰਡੋ ਕੋਸਟ੍ਰੋਡਾਡ ਨੇ ਕਿਹਾ ਕਿ ਕਿਸ਼ਤੀ 'ਤੇ ਸਵਾਰ ਲੋਕਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਵਿਆਪਕ ਪੱਧਰ 'ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ: ਔਰਤਾਂ ਨੂੰ ਹਰ ਮਹੀਨੇ ਮਿਲੇਗੀ 'ਮਾਹਵਾਰੀ ਛੁੱਟੀ', ਇਹ ਦੇਸ਼ ਬਣਾਉਣ ਜਾ ਰਿਹੈ ਕਾਨੂੰਨ
ਉਨ੍ਹਾਂ ਕਿਹਾ, 'ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਘੱਟੋ-ਘੱਟ 8 ਹੈਤੀ ਨਾਗਰਿਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਹਾਲਾਂਕਿ ਕਿਸ਼ਤੀ 'ਤੇ ਸਵਾਰ ਸਾਰੇ ਲੋਕ ਕਿਸ ਦੇਸ਼ ਦੇ ਨਾਗਰਿਕ ਸਨ, ਇਸ ਬਾਰੇ ਕੋਈ ਤੁਰੰਤ ਜਾਣਕਾਰੀ ਉਪਲੱਬਧ ਨਹੀਂ ਹੈ।' ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਹੈਲੀਕਾਪਟਰ ਨੇ ਵੀਰਵਾਰ ਨੂੰ ਕਿਸ਼ਤੀ ਦਾ ਪਤਾ ਲਗਾਇਆ ਸੀ। ਕਿਸ਼ਤੀ ਨੂੰ Descheo ਟਾਪੂ 'ਤੇ ਦੇਖਿਆ ਗਿਆ ਸੀ। ਇਸ ਟਾਪੂ 'ਤੇ ਲੋਕ ਨਹੀਂ ਰਹਿੰਦੇ ਹਨ। ਯੂ.ਐੱਸ. ਕੋਸਟ ਗਾਰਡ ਨੇ ਕਿਹਾ ਕਿ ਬਚਾਏ ਗਏ ਲੋਕਾਂ ਵਿਚ 20 ਪੁਰਸ਼ ਅਤੇ 11 ਔਰਤਾਂ ਹਨ।
ਇਹ ਵੀ ਪੜ੍ਹੋ: ਅਮਰੀਕਾ ’ਚ ਡਰੱਗਜ਼ ਦੀ ਓਵਰਡੋਜ਼ ਨਾਲ 2021’ਚ ਹੋਈਆਂ 1,07,000 ਰਿਕਾਰਡ ਮੌਤਾਂ
ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਨੁਸਾਰ, ਅਕਤੂਬਰ 2021 ਤੋਂ ਮਾਰਚ ਤੱਕ 571 ਹੈਤੀ ਨਾਗਰਿਕਾਂ ਅਤੇ ਡੋਮਿਨਿਕਨ ਰੀਪਬਲਿਕ ਦੇ 252 ਲੋਕਾਂ ਨੂੰ ਪਿਉਰਟੋ ਰੀਕੋ ਅਤੇ ਯੂ.ਐੱਸ. ਵਰਜਿਨ ਆਈਲੈਂਡਜ਼ ਦੇ ਆਸ-ਪਾਸ ਦੇ ਸਮੁੰਦਰੀ ਖੇਤਰ ਤੋਂ ਹਿਰਾਸਤ ਵਿੱਚ ਲਿਆ ਗਿਆ। ਵਿੱਤੀ ਸਾਲ 2021 ਵਿੱਚ, 310 ਹੈਤੀ ਨਾਗਰਿਕਾਂ ਅਤੇ 354 ਡੋਮਿਨਿਕਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਦੋਂ ਕਿ ਵਿੱਤੀ ਸਾਲ 2020 ਵਿੱਚ, 22 ਹੈਤੀ ਨਾਗਰਿਕਾਂ ਅਤੇ 313 ਡੋਮਿਨਿਕਨ ਲੋਕਾਂ ਨੂੰ ਫੜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਹੈਤੀ ਅਤੇ ਡੋਮਿਨਿਕਨ ਰੀਪਬਲਿਕ ਦੇ ਲੋਕ ਆਪਣੇ ਦੇਸ਼ਾਂ ਵਿਚ ਹਿੰਸਾ ਅਤੇ ਗ਼ਰੀਬੀ ਤੋਂ ਪ੍ਰੇਸ਼ਾਨ ਹਨ ਅਤੇ ਲਗਾਤਾਰ ਉਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ: ਰਨਵੇਅ ਤੋਂ ਉਤਰਦੇ ਹੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 122 ਲੋਕ ਸਨ ਸਵਾਰ (ਵੀਡੀਓ)