ਅਮਰੀਕਾ ’ਚ 10 ਸਾਲਾ ਕੈਂਸਰ ਪੀੜਤ ਭਾਰਤੀ ਬੱਚਾ ਇਕ ਦਿਨ ਲਈ ਬਣਿਆ ਪੁਲਸ ਅਧਿਕਾਰੀ
Wednesday, May 22, 2024 - 03:05 AM (IST)
ਨਿਊਯਾਰਕ (ਰਾਜ ਗੋਗਨਾ)– 10 ਸਾਲਾ ਕੈਂਸਰ ਪੀੜਤ ਭਾਰਤੀ ਆਰੀਆ ਪਟੇਲ ਦੀ ਪੁਲਸ ਅਫ਼ਸਰ ਬਣਨ ਦੀ ਇੱਛਾ ਪੂਰੀ ਹੋਈ, ਜਦੋਂ ਉਸ ਨੇ ਇਕ ਦਿਨ ਦੀ ਡਿਊਟੀ ਦੌਰਾਨ ਖੋਜ ਤੇ ਬਚਾਅ ਕਾਰਜਾਂ ਦੇ ਨਾਲ-ਨਾਲ ਫਾਇਰ-ਫਾਈਟਿੰਗ ’ਚ ਵੀ ਹਿੱਸਾ ਲਿਆ।
ਅਮਰੀਕਾ ਦੇ ਜਾਰਜੀਆ ’ਚ ਰਹਿਣ ਵਾਲੇ ਗੁਜਰਾਤੀ ਮੂਲ ਦੇ ਆਰੀਆ ਪਟੇਲ ਨਾਂ ਦਾ ਲੜਕਾ ਇਨ੍ਹੀਂ ਦਿਨੀਂ ਕੈਂਸਰ ਨਾਲ ਪੂਰੀ ਤਾਕਤ ਨਾਲ ਲੜਿਆ ਹੈ ਤੇ ਇਸ ਨੂੰ ਹਰਾਇਆ ਹੈ। ਆਰੀਆ ਦੀ ਉਮਰ ਸਿਰਫ਼ 10 ਸਾਲ ਹੈ ਪਰ ਇੰਨੀ ਛੋਟੀ ਉਮਰ ’ਚ ਵੀ ਇਸ ਲੜਕੇ ’ਚ ਇੰਨੀ ਹਿੰਮਤ ਹੈ, ਉਸ ਦਾ ਜਨੂੰਨ ਅਜਿਹਾ ਹੈ ਕਿ ਉਸ ਨੂੰ ਦੇਖ ਕੇ ਕੋਈ ਨਹੀਂ ਦੱਸ ਸਕਦਾ ਕਿ ਉਹ ਕਦੇ ਕੈਂਸਰ ਦਾ ਮਰੀਜ਼ ਸੀ। ਛੋਟੇ ਉਮਰੇ ਆਰੀਆ ਦੀ ਇੱਛਾ ਵੱਡਾ ਹੋ ਕੇ ਪੁਲਸ ਅਫ਼ਸਰ ਬਣਨ ਦੀ ਸੀ, ਇਸ ਲਈ ਉਸ ਨੂੰ ਪੁਲਸ ਦੀ ਵਰਦੀ ਪਾਉਣ ਲਈ ਲੰਬਾ ਸਮਾਂ ਉਡੀਕ ਕਰਨੀ ਪਈ ਪਰ ਹੁਣ ਆਰੀਆ ਪਟੇਲ ਦੀ ਇੱਛਾ ਪੂਰੀ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : 23 ਦੀ ਪਟਿਆਲਾ ਰੈਲੀ ’ਚ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਗੇ ਕਿਸਾਨ, ਹਜ਼ਾਰਾਂ ਕਿਸਾਨ ਕਰਨਗੇ ਪਟਿਆਲਾ ਕੂਚ
ਆਰੀਆ ਪਟੇਲ, ਜੋ ਬੀਤੇ ਸ਼ਨੀਵਾਰ ਜਾਰਜੀਆ ਦੇ ਕੋਬ ਕਾਊਂਟੀ ਪੁਲਸ ਵਿਭਾਗ ’ਚ ਵਰਦੀ ’ਚ ਦਫ਼ਤਰ ਪਹੁੰਚਿਆ ਸੀ, ਦਾ ਸਵਾਗਤ ਇਕ ਕਿਤਾਬ ਦੇ ਨਾਲ ਕੀਤਾ ਗਿਆ ਸੀ, ਸਹੁੰ ਚੁਕਾਈ ਗਈ ਸੀ ਤੇ ਇਕ ਖਿਡੌਣਾ ਬੰਦੂਕ ਦੇ ਨਾਲ-ਨਾਲ ਇਕ ਬੈਜ ਤੇ ਟੋਪੀ ਵੀ ਦਿੱਤੀ ਗਈ ਸੀ। ਕੈਂਸਰ ਨੂੰ ਮਾਤ ਦੇ ਕੇ ਪੁਲਸ ਅਧਿਕਾਰੀ ਬਣਨ ਦਾ ਸੁਪਨਾ ਦੇਖਣ ਵਾਲੇ ਆਰੀਆ ਦੇ ਜਨੂੰਨ ਨੂੰ ਸਲਾਮ ਕਰਦਿਆਂ ਕੋਬ ਕਾਊਂਟੀ ਦੇ ਪਬਲਿਕ ਸੇਫਟੀ ਡਾਇਰੈਕਟਰ ਮਾਈਕ ਰਜਿਸਟਰ ਨੇ ਕਿਹਾ ਕਿ ਆਰੀਆ ਪਟੇਲ ਇਸ ਗੱਲ ਦੀ ਉੱਤਮ ਉਦਾਹਰਣ ਹੈ ਕਿ ਇਕ ਪੁਲਸ ਅਧਿਕਾਰੀ ਕਿਹੋ-ਜਿਹਾ ਹੋਣਾ ਚਾਹੀਦਾ ਹੈ।
ਆਰੀਆ ਪਟੇਲ ਨੇ ਨਾ ਸਿਰਫ਼ ਵਰਦੀ ’ਚ ਤਸਵੀਰਾਂ ਖਿੱਚਵਾਈਆਂ, ਸਗੋਂ ਆਪਣੀ ਸੁਪਨਮਈ ਨੌਕਰੀ ਦੌਰਾਨ ਪੁਲਸ ਅਭਿਆਸਾਂ, ਖੋਜ ਤੇ ਬਚਾਅ ਮਿਸ਼ਨਾਂ ’ਚ ਵੀ ਹਿੱਸਾ ਲਿਆ। ਉਸ ਦੇ ਨਾਲ ਉਸ ਦੇ ਮਾਤਾ-ਪਿਤਾ ਵੀ ਆਪਣੇ ਪੁੱਤ ਨੂੰ ਪੁਲਸ ਦੀ ਵਰਦੀ ’ਚ ਦੇਖ ਕੇ ਖ਼ੁਸ਼ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਆਰੀਆ ਨੇ ਕਿਹਾ ਕਿ ਉਸ ਨੂੰ ਪੁਲਸ ਅਫ਼ਸਰ ਬਣ ਕੇ ਬੜਾ ਮਜ਼ਾ ਆਇਆ। ਆਰੀਆ ਆਮ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪੁਲਸ ਵਿਭਾਗ ਦੇ ਕੰਮ ਤੋਂ ਵੀ ਬਹੁਤ ਪ੍ਰਭਾਵਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।