ਜ਼ਿਲ੍ਹੇ ’ਚ ਕੋਵਿਡ-19 ਦੇ 5 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
Thursday, May 04, 2023 - 08:31 PM (IST)

ਹੁਸ਼ਿਆਰਪੁਰ (ਘੁੰਮਣ) : ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 478 ਨਵੇਂ ਸੈਂਪਲ ਲੈਣ ਅਤੇ 520 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅੱਜ ਕੋਵਿਡ-19 ਦੇ 5 ਨਵੇਂ ਪਾਜ਼ੇਟਿਵ ਕੇਸ ਆਏ ਹਨ ਅਤੇ 34 ਕੇਸ ਐਕਟਿਵ ਹਨ।
ਹੁਣ ਤੱਕ ਜ਼ਿਲ੍ਹੇ ਦੇ ਕੋਵਿਡ ਸੈਂਪਲਾਂ ਦੀ ਕੁੱਲ ਗਿਣਤੀ : 201198
ਜ਼ਿਲ੍ਹੇ ’ਚ ਨੈਗੇਟਿਵ ਸੈਂਪਲਾਂ ਦੀ ਕੁੱਲ ਗਿਣਤੀ : 163231
ਜ਼ਿਲ੍ਹੇ ’ਚ ਪਾਜ਼ੇਟਿਵ ਸੈਂਪਲਾ ਦੀ ਹੁਣ ਤੱਕ ਕੁੱਲ ਗਿਣਤੀ : 42772
ਜ਼ਿਲ੍ਹੇ ’ਚ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ : 41314
ਜ਼ਿਲ੍ਹੇ ’ਚ ਕੋਵਿਡ ਨਾਲ ਹੋਈ ਕੁੱਲ ਮੌਤਾਂ : 1424
ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਕੋਵਿਡ-19 ਦੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਨੇ ਕਿਹਾ ਕਿ ਕੋਵਿਡ ਤੋਂ ਬਚਣ ਲਈ ਜ਼ਰੂਰੀ ਹੈ ਕਿ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਘਰੋਂ ਬਾਹਰ ਤਾਂ ਹੀ ਨਿਕਲਣਾ ਚਾਹੀਦਾ ਹੈ, ਜੇਕਰ ਜ਼ਰੂਰੀ ਹੋਵੇ। ਜ਼ਿਆਦਾ ਭੀੜ-ਭਾੜ ਵਾਲੀ ਜਗ੍ਹਾ ’ਤੇ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਨੂੰ ਗਲ਼ੇ ਨਾ ਮਿਲੋ। ਜਨਤਕ ਥਾਵਾਂ ’ਤੇ ਆਮ ਵਰਤੋਂ ਵਾਲੀਆਂ ਵਸਤੂਆਂ ਨੂੰ ਛੂਹਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਸਮੇਂ-ਸਮੇਂ ’ਤੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਂਦੇ ਰਹਿਣਾ ਚਾਹੀਦਾ ਹੈ। ਕੋਵਿਡ ਦੇ ਲੱਛਣ, ਜਿਵੇਂ ਕਿ ਬੁਖਾਰ, ਖਾਂਸੀ, ਸਾਹ ਲੈਣ ਵਿਚ ਤਕਲੀਫ, ਥਕਾਵਟ, ਸਰੀਰਕ ਦਰਦ, ਦਸਤ, ਨੱਕ ਵਗਣਾ ਅਤੇ ਗਲ਼ੇ ਵਿਚ ਖਾਰਿਸ਼ ਆਦਿ ਨਜ਼ਰ ਆਉਣ ਤਾਂ ਤੁਰੰਤ ਨੇੜੇ ਦੀ ਸਰਕਾਰੀ ਸੰਸਥਾ ਵਿਚ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਡਾਕਟਰ ਤੋਂ ਸਲਾਹ-ਮਸ਼ਵਰੇ ਬਿਨਾਂ ਸਵੈ-ਦਵਾਈ ਲੈਣ ਲਈ ਕੋਈ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ।
ਡਾ. ਬਲਵਿੰਦਰ ਕੁਮਾਰ ਨੇ ਕਿਹਾ ਕਿ ਬੁਖਾਰ, ਵਗਦਾ ਨੱਕ ਅਤੇ ਖੰਘ ਲਈ ਲੱਛਣ ਪ੍ਰਬੰਧਨ ਦੀ ਪਾਲਣਾ ਕਰੋ। ਖਾਂਸੀ ਕਰਦੇ ਜਾਂ ਛਿੱਕਣ ਵੇਲੇ ਨੱਕ ਅਤੇ ਮੂੰਹ ਨੂੰ ਢਕ ਕੇ ਰੱਖੋ। ਦਿਨ ’ਚ ਤਿੰਨ ਵਾਰ ਗਰਮ ਪਾਣੀ ਦੇ ਗਰਾਰੇ ਕਰੋ ਜਾਂ ਭਾਫ਼ ਲਓ। ਸੋਸ਼ਲ ਮੀਡੀਆ ਰਾਹੀਂ ਗ਼ਲਤ ਜਾਣਕਾਰੀ ਫੈਲਾਉਣ ਤੋਂ ਬਚੋ । ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਮੈਡੀਕਲ ਜਾਂ ਪੈਰਾ-ਮੈਡੀਕਲ ਸਟਾਫ ਨੂੰ ਵੀ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਸਕ ਪਹਿਨਣ ਤੇ ਮਾਸਕ ਦੇ ਅਗਲੇ ਹਿੱਸੇ ਨੂੰ ਨਹੀਂ ਛੂਹਣਾ ਚਾਹੀਦਾ। ਚਿਹਰੇ, ਨੱਕ ਜਾਂ ਮੂੰਹ ਨੂੰ ਵੀ ਵਾਰ-ਵਾਰ ਛੂਹਣ ਤੋਂ ਬਚਣਾ ਚਾਹੀਦਾ ਹੈ। ਡਾ. ਬਲਵਿੰਦਰ ਕੁਮਾਰ ਡਮਾਣਾ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਪਾਲਣ ਕਰਕੇ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।