ਪਹਾੜਾਂ ’ਤੇ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ
Tuesday, Nov 04, 2025 - 10:50 PM (IST)
ਜਲੰਧਰ/ਮਨਾਲੀ, (ਪੁਨੀਤ, ਰਮੇਸ਼)– ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲਿਆਂ ’ਚ ਪਏ ਮੀਂਹ ਕਾਰਨ ਤਾਪਮਾਨ 15 ਡਿਗਰੀ ਤੋਂ ਹੇਠਾਂ ਪਹੁੰਚ ਗਿਆ। ਉੱਥੇ ਹੀ, ਅੰਤਰਰਾਸ਼ਟਰੀ ਸੈਰ-ਸਪਾਟਾ ਨਗਰੀ ਮਨਾਲੀ ’ਚ ਮੰਗਲਵਾਰ ਸਵੇਰੇ ਆਸਮਾਨ ’ਚ ਸੰਘਣੇ ਬੱਦਲ ਛਾਏ ਰਹੇ ਅਤੇ ਪੂਰਾ ਦਿਨ ਤੇਜ਼ ਹਵਾਵਾਂ ਦੇ ਨਾਲ-ਨਾਲ ਹਲਕਾ ਮੀਂਹ ਅਤੇ ਪਹਾੜਾਂ ’ਚ ਹਲਕੀ ਬਰਫਬਾਰੀ ਹੋਈ। ਸਰਦ ਹਵਾਵਾਂ ਅਤੇ ਪਹਾੜਾਂ ’ਤੇ ਬਰਫਬਾਰੀ ਨਾਲ ਮਨਾਲੀ ’ਚ ਠੰਢ ਮਹਿਸੂਸ ਹੋ ਰਹੀ ਹੈ।
ਪੰਜਾਬ ’ਚ ਸ਼ਾਮ 7 ਵਜੇ ਇਕ ਦਮ ਮੌਸਮ ਦਾ ਮਿਜ਼ਾਜ ਬਦਲਦਾ ਨਜ਼ਰ ਆਇਆ, ਜਿਸ ਤੋਂ ਬਾਅਦ ਤੇਜ਼ ਹਨੇਰੀ ਚੱਲਣ ਲੱਗੀ ਅਤੇ ਤੇਜ਼ ਹਵਾਵਾਂ ਦਰਮਿਆਨ ਮੀਂਹ ਨੇ ਦਸਤਕ ਦੇ ਦਿੱਤੀ। ਵੱਖ-ਵੱਖ ਜ਼ਿਲਿਆਂ ਵਿਚ 45 ਮਿੰਟ ਤੋਂ ਲੈ ਕੇ 1 ਘੰਟੇ ਤੱਕ ਮੀਂਹ ਪਿਆ, ਜਿਸ ਨਾਲ ਅਚਾਨਕ ਤਾਪਮਾਨ ’ਚ 3-4 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਮੀਂਹ ਅਤੇ ਤੇਜ਼ ਹਨੇਰੀ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ, ਕਈ ਜ਼ਿਲਿਆਂ ’ਚ ਦੇਰ ਰਾਤ ਤਕ ਰੁਕ-ਰੁਕ ਕੇ ਮੀਂਹ ਜਾਰੀ ਰਿਹਾ।
ਮੌਸਮ ਵਿਭਾਗ ਦੇ ਅਪਡੇਟ ਕੀਤੇ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ 27 ਤੇ ਘੱਟੋ-ਘੱਟ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ, ਅਬੋਹਰ ਵਿਚ ਸਭ ਤੋਂ ਘੱਟ ਤਾਪਮਾਨ 13.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 29.8, ਜਦੋਂ ਕਿ ਘੱਟੋ-ਘੱਟ 15.4, ਪਟਿਆਲਾ ’ਚ ਵੱਧ ਤੋਂ ਵੱਧ 29.7 ਤੇ ਘੱਟੋ-ਘੱਟ 16.1, ਬਠਿੰਡਾ ’ਚ ਘੱਟੋ-ਘੱਟ 14, ਫਰੀਦਕੋਟ ’ਚ ਘੱਟੋ-ਘੱਟ 16.5, ਗੁਰਦਾਸਪੁਰ ’ਚ ਘੱਟੋ-ਘੱਟ 13.8, ਐੱਸ. ਬੀ. ਐੱਸ. ਨਗਰ ’ਚ ਘੱਟੋ-ਘੱਟ 15.4, ਫਿਰੋਜ਼ਪੁਰ ’ਚ ਘੱਟੋ-ਘੱਟ 16.1, ਹੁਸ਼ਿਆਰਪੁਰ ’ਚ ਘੱਟੋ-ਘੱਟ 15.6, ਮਾਨਸਾ ’ਚ ਘੱਟੋ-ਘੱਟ 17.2, ਮੋਹਾਲੀ ’ਚ ਘੱਟੋ-ਘੱਟ 15.7, ਜਦੋਂ ਕਿ ਰੋਪੜ ਵਿਚ ਘੱਟੋ-ਘੱਟ ਤਾਪਮਾਨ 12.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
