''ਵਨ ਸਪੋਰਟ-ਵਨ ਸਟੇਟ, ਵਨ ਕਾਰਪੋਰੇਟ-ਵਨ ਈਵੈਂਟ ਵਰਗੀ ਯੋਜਨਾ ਲਾਗੂ ਕਰਾਂਗੇ''

08/24/2021 11:49:34 AM

ਹਿਮਾਚਲ ’ਚ ਜਨ ਆਸ਼ੀਰਵਾਦ ਯਾਤਰਾ ’ਚ ਮਿਲੇ ਅਥਾਹ ਸਮਰਥਨ ਤੋਂ ਗਦਗਦ ਅਨੁਰਾਗ ਠਾਕੁਰ ਬੋਲੇ–ਇਹ ਪਲ ਪੂਰੀ ਜ਼ਿੰਦਗੀ ਯਾਦਾਂ ’ਚ ਬਣੇ ਰਹਿਣਗੇ

ਹਮੀਰਪੁਰ- ਛੋਟੀ ਜਿਹੀ ਉਮਰ ’ਚ ਚਮਕ ਬਿਖੇਰਨ ਦੇ ਨਾਲ ਲਗਾਤਾਰ ਅੱਗੇ ਵਧ ਰਿਹਾ ਹੈ ਛੋਟੇ ਜਿਹੇ ਸੂਬੇ ਦਾ ਇਕ ਸਿਤਾਰਾ। ਨਾਂ ਹੈ ਅਨੁਰਾਗ ਠਾਕੁਰ। ਕ੍ਰਿਕਟ ਖੇਡਣ ਤੋਂ ਸ਼ੁਰੂਆਤ ਕੀਤੀ ਅਤੇ ਹਿਮਾਚਲ ਵਿਚ ਕ੍ਰਿਕਟ ਦੇ ਢਾਂਚੇ ਵਿਚ ਖਾਮੀਆਂ ਵੇਖੀਆਂ, ਖਿਡਾਰੀਆਂ ਨੂੰ ਕਿੱਟ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਤਰਸਦੇ ਵੇਖਿਆ ਤਾਂ ਬੱਲਾ ਛੱਡ ਕੇ ਕ੍ਰਿਕਟ ਪ੍ਰਬੰਧਨ ਵੱਲ ਮੁੜ ਗਏ। ਫਿਰ ਦੇਸ਼ ਵਿਚ ਕ੍ਰਿਕਟ ਪ੍ਰਬੰਧਨ ਕਰਨ ਵਾਲੀ ਸਰਵਉੱਚ ਸੰਸਥਾ ਬੀ. ਸੀ. ਸੀ. ਆਈ. ਵਿਚ ਸਕੱਤਰ ਅਤੇ ਫਿਰ ਇਸ ਦੇ ਮੁਖੀ ਵੀ ਬਣੇ। ਸਿਆਸਤ ਵਿਚ ਪਾਰੀ ਸ਼ੁਰੂ ਕੀਤੀ ਤਾਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਬਣੇ, ਕੇਂਦਰੀ ਵਿੱਤ ਰਾਜ ਮੰਤਰੀ ਅਤੇ ਹੁਣ ਕੈਬਨਿਟ ਵਿਚ 2 ਅਹਿਮ ਮੰਤਰਾਲਿਆਂ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਅਤੇ ਖੇਡ ਤੇ ਯੁਵਾ ਸੇਵਾਵਾਂ ਦੇ ਮਾਮਲਿਆਂ ਦੇ ਮੰਤਰਾਲਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਘਰ ਪੈਦਾ ਹੋਏ ਅਤੇ ਹਮੀਰਪੁਰ ਦੀ ਸੰਸਦੀ ਸੀਟ ਤੋਂ 4 ਵਾਰ ਸੰਸਦ ਮੈਂਬਰ ਰਹੇ ਅਨੁਰਾਗ ਠਾਕੁਰ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਵਿਚ ਜਨ ਆਸ਼ੀਰਵਾਦ ਯਾਤਰਾ ਕੱਢ ਰਹੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨੂੰ ਦੇਰ ਰਾਤ ਤਕ ਉਨ੍ਹਾਂ ਦੀ ਉਡੀਕ ਕਰਦੇ ਵੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੂਬੇ ਦੀ ਜਨਤਾ ਨੂੰ ਵੀ ਆਪਣੇ ਹਰਦਿਲ ਅਜੀਜ਼ ਨੇਤਾ ਤੋਂ ਕਾਫੀ ਉਮੀਦਾਂ ਹਨ। ਹਿਮਾਚਲ ਵਿਚ ਜਨ ਆਸ਼ੀਰਵਾਦ ਯਾਤਰਾ ਦੇ ਬਿਜ਼ੀ ਸ਼ੈਡਿਊਲ ’ਚੋਂ ਆਪਣੇ ਘਰ ਸਮੀਰਪੁਰ (ਜ਼ਿਲਾ ਹਮੀਰਪੁਰ) ਪਹੁੰਚੇ ਕੇਂਦਰੀ ਯੁਵਾ, ਖੇਡ ਤੇ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨਾਲ ਪ੍ਰਕਾਸ਼ ਠਾਕੁਰ ਨੇ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਕੁਝ ਸਵਾਲ-ਜਵਾਬ :-

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਤੁਸੀਂ ਹਿਮਾਚਲ ਆ ਰਹੇ ਹੋ। ਆਪਣੇ ਲੋਕਾਂ ਵਿਚਕਾਰ ਆ ਕੇ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ। ਜ਼ਿੰਮੇਵਾਰੀ ਮਿਲਣ ਦੇ 40 ਦਿਨਾਂ ਬਾਅਦ ਮੈਂ ਹਿਮਾਚਲ ਆਇਆ ਹਾਂ। ਆਸ਼ੀਰਵਾਦ ਯਾਤਰਾ ਦੀ ਸ਼ੁਰੂਆਤ ਹਿਮਾਚਲ ਦੀ ਹੱਦ ਤੋਂ ਹੋਣੀ ਸੀ। ਅਸੀਂ ਚੰਡੀਗੜ੍ਹ ਵਿਚ ਹਿਮਾਚਲ ਭਵਨ ਆ ਰਹੇ ਹਾਂ। ਇਸ ਦੀ ਸੂਚਨਾ ਜਿਵੇਂ ਹੀ ਲੋਕਾਂ ਨੂੰ ਮਿਲੀ, ਪੂਰਾ ਹਿਮਾਚਲ ਭਵਨ ਨੱਕੋ-ਨੱਕ ਭਰ ਗਿਆ। 3 ਹਜ਼ਾਰ ਤੋਂ ਵੱਧ ਲੋਕ ਉੱਥੇ ਆਸ਼ੀਰਵਾਦ ਦੇਣ ਪਹੁੰਚ ਗਏ। ਵੱਡੀ ਗੱਲ ਇਹ ਸੀ ਕਿ ਲੋਕਾਂ ਦੀ ਮੰਗ ਕੋਈ ਨਹੀਂ ਸੀ, ਬਸ ਉਹ ਆਪਣਾ ਸਹਿਯੋਗ ਤੇ ਸਮਰਥਨ ਵਿਖਾਉਣ ਲਈ ਆਏ ਸਨ। ਇੰਨਾ ਪਿਆਰ, ਉਤਸ਼ਾਹ ਤੇ ਆਪਣਾਪਨ ਜੋ ਲੋਕਾਂ ਨੇ ਵਿਖਾਇਆ ਹੈ, ਇਹ ਲਮਹੇ ਸਾਰੀ ਜ਼ਿੰਦਗੀ ਯਾਦਾਂ ਵਿਚ ਬਣੇ ਰਹਿਣਗੇ ਅਤੇ ਮੈਨੂੰ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ। ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਸੀ। ਇਸ ਲਈ ਮੈਂ 37 ਵਿਧਾਨ ਸਭਾ ਹਲਕਿਆਂ ਦਾ ਇਹ ਪਹਿਲਾਂ ਤੋਂ ਨਿਰਧਾਰਤ ਦੌਰਾ ਕੀਤਾ। ਇਸ ਦੌਰੇ ’ਚ ਮੈਨੂੰ ਲੋਕਾਂ ਦਾ ਅਥਾਹ ਪਿਆਰ ਮਿਲਿਆ। ਮੇਰਾ ਕੰਮ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਾ ਹੈ।

ਯਾਤਰਾ ਤੋਂ ਵਾਪਸ ਆ ਕੇ ਮੋਦੀ ਜੀ ਨੂੰ ਕੀ ਸੁਨੇਹੇ ਦੇਵੋਗੇ ਤੁੁਸੀਂ?

5 ਦਿਨਾਂ ਦੇ ਪ੍ਰਵਾਸ ’ਚ 150 ਦੇ ਲਗਭਗ ਪ੍ਰੋਗਰਾਮ ਅਤੇ ਲਗਭਗ ਸਵਾ ਲੱਖ ਲੋਕਾਂ ਨਾਲ ਸੰਪਰਕ ਦਾ ਤਜਰਬਾ, ਆਸ਼ੀਰਵਾਦ ਤੇ ਸਨੇਹ ਲੈ ਕੇ ਜਾ ਰਿਹਾ ਹਾਂ। ਬਰਸਾਤ ’ਚ, ਰਾਤ ਦੇ ਹਨੇਰੇ ਵਿਚ ਸੁੰਨਸਾਨ ਥਾਵਾਂ ’ਤੇ ਸੜਕਾਂ ਕੰਢੇ ਵੱਡੀ ਗਿਣਤੀ ਵਿਚ ਲੋਕ ਅਤੇ ਉਨ੍ਹਾਂ ਵਿਚ ਮੌਜੂਦ ਉਤਸ਼ਾਹ ਦੱਸਦਾ ਹੈ ਕਿ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ’ਤੇ ਪਹਿਲਾਂ ਵਾਂਗ ਬਣਿਆ ਹੋਇਆ ਹੈ। ਇਹੀ ਸੁਨੇਹਾ ਅਸੀਂ ਪ੍ਰਧਾਨ ਮੰਤਰੀ ਨੂੰ ਦੇਵਾਂਗੇ।

ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਬਾਰੇ ਸਰਕਾਰ ਦਾ ਕੀ ਵਿਚਾਰ ਹੈ?

ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ ਪਹੁੰਚਣ ਲਈ ਸਾਬਕਾ ਮਨਮੋਹਨ ਸਰਕਾਰ ਜ਼ਿੰਮੇਵਾਰ ਹੈ। ਕਾਂਗਰਸ ਦੀ ਉਸ ਵੇਲੇ ਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ ਸਬਸਿਡੀ ਦੇਣੀ ਬੰਦ ਕਰ ਦਿੱਤੀ। ਤੇਲ ਕੰਪਨੀਆਂ ’ਤੇ ਆਰਥਿਕ ਬੋਝ ਵਧਣ ਲੱਗਾ ਤਾਂ ਉਨ੍ਹਾਂ ਨੇ ਤੇਲ ਦੀਆਂ ਕੀਮਤਾਂ ਵਧਾਉਣ ਦੀ ਮਨਜ਼ੂਰੀ ਮੰਗੀ। ਸਰਕਾਰ ਨੇ ਨਾ ਕੀਮਤ ਵਧਾਉਣ ਦੀ ਮਨਜ਼ੂਰੀ ਦਿੱਤੀ ਅਤੇ ਨਾ ਸਬਸਿਡੀ ਦੀ ਰਕਮ। ਤੇਲ ਕੰਪਨੀਆਂ ਨੂੰ ਘਾਟਾ ਪੂਰਾ ਕਰਨ ਲਈ ਬਾਜ਼ਾਰ ਵਿਚ ਆਇਲ ਬਾਂਡ ਜਾਰੀ ਕਰ ਕੇ ਪੈਸਾ ਚੁੱਕਣ ਦੇ ਹੁਕਮ ਦੇ ਦਿੱਤੇ ਗਏ। ਤੇਲ ਕੰਪਨੀਆਂ ਨੇ ਕੇਂਦਰ ਦੇ ਹੁਕਮ ’ਤੇ ਲੱਖਾਂ ਕਰੋੜ ਰੁਪਏ ਬਾਜ਼ਾਰੀ ਤੋਂ ਚੁੱਕ ਲਏ, ਜਿਨ੍ਹਾਂ ਦਾ ਭੁਗਤਾਨ ਮੋਦੀ ਸਰਕਾਰ ਵਿਆਜ ਸਮੇਤ ਲੋਕਾਂ ਨੂੰ ਕਰ ਰਹੀ ਹੈ। ਹਾਲਾਂਕਿ ਸਸਤੇ ਤੇਲ ਨੂੰ ਲੈ ਕੇ ਸਰਕਾਰ ’ਤੇ ਟੈਕਸ ਘੱਟ ਕਰਨ ਦਾ ਦਬਾਅ ਹੈ ਪਰ ਆਇਲ ਬਾਂਡ ਦੀਆਂ ਕਿਸ਼ਤਾਂ ਅਤੇ ਵਿਆਜ ਦੇ ਭੁਗਤਾਨ ਲਈ ਰਕਮ ਜੁਟਾਉਣ ਕਾਰਨ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨਾ ਸਰਕਾਰ ਲਈ ਚਾਹ ਕੇ ਵੀ ਸੰਭਵ ਨਹੀਂ। ਮੋਦੀ ਸਰਕਾਰ ਦੇ ਦੋਵੇਂ ਕਾਰਜਕਾਲਾਂ ਵਿਚ ਤੇਲ ’ਤੇ ਲਾਏ ਗਏ ਟੈਕਸਾਂ ਤੋਂ 115.73 ਕਰੋੜ ਰੁਪਏ ਦਾ ਵਾਧੂ ਰੈਵੇਨਿਊ ਮਿਲੇਗਾ, ਜਦੋਂਕਿ ਇਨ੍ਹਾਂ 10 ਸਾਲਾਂ ਵਿਚ ਆਇਲ ਬਾਂਡ ਦੇ ਵਿਆਜ ਤੇ ਪ੍ਰਿੰਸੀਪਲ ਰੀ-ਪੇਮੈਂਟਸ ਦੀ ਰਕਮ 1.43 ਕਰੋੜ ਰੁਪਏ ਬਣਦੀ ਹੈ, ਜੋ ਵਾਧੂ ਰੈਵੇਨਿਊ ਦਾ ਸਿਰਫ 9 ਫੀਸਦੀ ਹੈ।

ਯਾਤਰਾ ’ਚ ਸ਼ਾਂਤਾ ਕੁਮਾਰ ਦਾ ਆਸ਼ੀਰਵਾਦ ਮਿਲਿਆ। ਤੁਸੀਂ ਇਸ ਪਲ ਨੂੰ ਕਿਵੇਂ ਵੇਖਦੇ ਹੋ?

ਸ਼ਾਂਤਾ ਜੀ ਸੂਬੇ ਦੇ ਸਭ ਤੋਂ ਸੀਨੀਅਰ ਨੇਤਾ ਹਨ। ਉਹ ਹੋਰ ਵਰਕਰਾਂ ਵਾਂਗ ਖੁਦ ਚੱਲ ਕੇ ਆਏ ਸਨ। ਉਨ੍ਹਾਂ ਮੇਰਾ ਸਵਾਗਤ ਵੀ ਕੀਤਾ ਅਤੇ ਆਸ਼ੀਰਵਾਦ ਵੀ ਦਿੱਤਾ। ਜਦੋਂ ਕਿਸੇ ਵਿਅਕਤੀ ਦਾ ਕੱਦ ਵੱਡਾ ਹੁੰਦਾ ਹੈ ਤਾਂ ਉਸ ਤੋਂ ਉਮੀਦਾਂ ਵੀ ਵਧਦੀਆਂ ਹਨ।

ਖਿਡਾਰੀਆਂ, ਖੇਡਾਂ ਤੇ ਖੇਡ ਸੰਘਾਂ ਦੀਆਂ ਮੰਗਾਂ ’ਤੇ ਤੁਸੀਂ ਕਿਵੇਂ ਖਰੇ ਉਤਰੋਗੇ?

ਖੇਡਾਂ ਨੂੰ ਆਪਣੇ ਸੂਬੇ ਵਿਚ ਉਤਸ਼ਾਹ ਦੇਣਾ ਸੂਬਾ ਸਰਕਾਰ ਦਾ ਕੰਮ ਹੁੰਦਾ ਹੈ। ਖੇਡ ਸੰਘਾਂ ਦਾ ਕੰਮ ਸੂਬੇ ਵਿਚ ਚੰਗੇ ਖਿਡਾਰੀਆਂ ਦੀ ਚੋਣ ਕਰਨਾ ਅਤੇ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ। ਸਟੇਟ ਸਬਜੈਕਟ ਹੋਣ ਕਾਰਨ ਸਰਕਾਰ ਨੂੰ ਵੱਖ-ਵੱਖ ਪੱਧਰਾਂ ’ਤੇ ਖੇਡਾਂ ਨੂੰ ਉਤਸ਼ਾਹ ਦੇਣ ਲਈ ਪ੍ਰੋਗਰਾਮ ਤੈਅ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿਚ ਖਿਡਾਰੀਆਂ ਨੂੰ ਮੁਕਾਬਲੇਬਾਜ਼ੀ ਕਰਨ ਅਤੇ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲੇ। ਵਨ ਸਪੋਰਟ-ਵਨ ਸਟੇਟ, ਵਨ ਕਾਰਪੋਰੇਟ-ਵਨ ਈਵੈਂਟ ਵਰਗੀ ਯੋਜਨਾ ਕੌਮੀ ਪੱਧਰ ’ਤੇ ਲਾਗੂ ਕਰਨ ਦੀ ਤਿਆਰੀ ਕੀਤੀ ਜਾਵੇਗੀ ਤਾਂ ਜੋ ਸੂਬਿਆਂ ਤੋਂ ਚੰਗੇ ਖਿਡਾਰੀ ਅੱਗੇ ਆਉਣ। ਸਰਕਾਰ ਨੇ ਖੇਡਾਂ ਦਾ ਬਜਟ ਵਧਾਇਆ ਅਤੇ ਅਜਿਹੇ ਖਿਡਾਰੀ ਜੋ ਭਵਿੱਖ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ, ਉਨ੍ਹਾਂ ਲਈ ਉੱਚ-ਪੱਧਰੀ ਸਹੂਲਤਾਂ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹਨ। ਓਲੰਪਿਕ ਖੇਡਾਂ ਵਿਚ ਮੈਡਲ ਜਿੱਤ ਕੇ ਆਏ ਖਿਡਾਰੀਆਂ ਨੂੰ ਉਨ੍ਹਾਂ ਜਿੰਨਾ ਸਨਮਾਨ ਤੇ ਸਮਾਂ ਦਿੱਤਾ, ਓਨਾ ਹੀ ਸਨਮਾਨ ਉਨ੍ਹਾਂ ਮੈਡਲ ਨਾ ਹਾਸਲ ਕਰ ਸਕਣ ਵਾਲੇ ਖਿਡਾਰੀਆਂ ਨੂੰ ਵੀ ਦਿੱਤਾ।

ਕੀ ਤੁਹਾਡੀ ਸਰਕਾਰ ਸਕੂਲਾਂ ਵਿਚ ਖੇਡਾਂ ਨੂੰ ਜ਼ਰੂਰੀ ਵਿਸ਼ੇ ਵਜੋਂ ਸ਼ਾਮਲ ਕਰਨ ’ਤੇ ਵਿਚਾਰ ਕਰ ਰਹੀ ਹੈ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਖੇਡਾਂ ਦੀ ਦੁਨੀਆ ਵਿਚ ਇਕ ਸ਼ਕਤੀ ਦੇ ਰੂਪ ’ਚ ਸਥਾਪਤ ਹੁੰਦੇ ਵੇਖਣਾ ਚਾਹੁੰਦੇ ਹਨ। ਇਸ ਲਈ ਦੇਸ਼ ਵਿਚ ਕੋਰੋਨਾ ਪਾਬੰਦੀਆਂ ਕਾਰਨ ਜਦੋਂ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ ਤਾਂ ਉਸ ਦੌਰ ’ਚ ਵੀ ਉਨ੍ਹਾਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਜਾ ਰਹੇ ਸਾਰੇ ਖਿਡਾਰੀਆਂ ਨੂੰ ਉੱਚ-ਪੱਧਰੀ ਸਿਖਲਾਈ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ। ਜਿਹੜੇ ਖਿਡਾਰੀ ਓਲੰਪਿਕ ਵਿਚ ਖੇਡਣ ਗਏ ਸਨ, ਸਕੂਲੀ ਬੱਚੇ ਉਨ੍ਹਾਂ ਤੋਂ ਪ੍ਰੇਰਣਾ ਲੈ ਸਕਣ, ਇਸ ਦੇ ਲਈ ਇਨ੍ਹਾਂ ਖਿਡਾਰੀਆਂ ਨੂੰ ਸੂਬੇ ਦੇ 75 ਚੋਣਵੇਂ ਸਕੂਲਾਂ ਵਿਚ ਭੇਜਿਆ ਜਾ ਰਿਹਾ ਹੈ। ਖਿਡਾਰੀ ਖੇਡਾਂ ਸਬੰਧੀ ਸਕੂਲੀ ਬੱਚਿਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਆਉਣ ਲਈ ਆਪਣੇ ਤਜਰਬੇ ਸੁਣਾਉਣਗੇ। ਉਹ ਉਨ੍ਹਾਂ ਨੂੰ ਸਿਖਾਉਣਗੇ ਕਿ ਚੰਗਾ ਖਿਡਾਰੀ ਬਣਨ ਲਈ ਕੀ ਕਰੀਏ ਅਤੇ ਕੀ ਨਾ ਕਰੀਏ।

ਹਿਮਾਚਲ ’ਚ ਵੀ ਹਿੰਮਤ ਭਰੀਆਂ ਖੇਡਾਂ ਦੀਆਂ ਕਾਫੀ ਸੰਭਾਵਨਾਵਾਂ ਹਨ। ਤੁਸੀਂ ਕੀ ਯਤਨ ਕਰੋਗੇ?

ਹਿਮਾਚਲ ਪ੍ਰਦੇਸ਼ ਨੂੰ ਕੁਦਰਤ ਨੇ ਵੱਖ-ਵੱਖ ਭੁਗੋਲਿਕ ਸਥਿਤੀਆਂ ਨਾਲ ਨਿਵਾਜਿਆ ਹੈ। ਇੱਥੇ ਅਜਿਹੀਆਂ ਥਾਵਾਂ ਹਨ ਜਿੱਥੇ ਸਾਈਕਲਿੰਗ ਤੇ ਮੋਟਰ ਸਪੋਰਟਸ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਪੈਰਾਗਲਾਈਡਿੰਗ ’ਚ ਹਿਮਾਚਲ ਦੇ ਬੀੜ ਬਿਲਿੰਗ ਦਾ ਨਾਂ ਦੁਨੀਆ ਭਰ ਵਿਚ ਪ੍ਰਸਿੱਧ ਹੈ। ਹਵਾ ਵਿਚ ਉਡਾਣ ਭਰਨ ਦੀ ਇਸ ਰੋਮਾਂਚਕ ਖੇਡ ਨੂੰ ਬੀੜ ਬਿਲਿੰਗ ਵਿਚ ਆਯੋਜਿਤ ਕਰਨ ਦੇ ਨਾਲ-ਨਾਲ ਸੂਬੇ ਵਿਚ ਇਸ ਦੀਆਂ ਹੋਰ ਸਾਈਟਸ ਦੀ ਵੀ ਭਾਲ ਕੀਤੀ ਜਾਣੀ ਚਾਹੀਦੀ ਹੈ। ਵਾਟਰ ਸਪੋਰਟਸ ਲਈ ਰਣਜੀਤ ਸਾਗਰ ਡੈਮ ਤੇ ਗੋਬਿੰਦ ਸਾਗਰ ਵਰਗੀਆਂ ਥਾਵਾਂ ਹਨ। ਸੂਬੇ ਦੀਆਂ ਸਾਰੀਆਂ ਨਦੀਆਂ ਵਿਚ ਵੱਡੇ ਪੈਮਾਨੇ ’ਤੇ ਰਿਵਰ ਰਿਫਟਿੰਗ ਨੂੰ ਉਤਸ਼ਾਹ ਦੇਣ ਦੀਆਂ ਪ੍ਰਬਲ ਸੰਭਾਵਨਾਵਾਂ ਹਨ। ਇਸ ਤੋਂ ਇਲਾਵਾ ਸੂਬੇ ਦੇ ਪਹਾੜੀ ਇਲਾਕਿਆਂ ਵਿਚ ਟ੍ਰੈਕਿੰਗ ਦੀਆਂ ਸਰਗਰਮੀਆਂ ਆਯੋਜਿਤ ਕੀਤੀਆਂ ਜਾ ਸਕਦੀਆਂ ਹਨ। ਹਿਮਾਚਲ ਪ੍ਰਦੇਸ਼ ਨੂੰ ਐਡਵੈਂਚਰ ਸਪੋਰਟਸ ਦਾ ਡੈਸਟੀਨੇਸ਼ਨ ਬਣਾਉਣ ਲਈ ਜੋ ਵੀ ਬਣ ਸਕੇਗਾ, ਪੂਰੇ ਯਤਨ ਕੀਤੇ ਜਾਣਗੇ।

ਕੇਂਦਰ ਨੇ ਹਿਮਾਚਲ ਨੂੰ 69 ਨੈਸ਼ਨਲ ਹਾਈਵੇ ਦਾ ਤੋਹਫਾ ਦਿੱਤਾ ਸੀ ਪਰ ਐੱਨ. ਐੱਚ. ਦੇ ਇਸ ਪ੍ਰਾਜੈਕਟ ਵਿਚੋਂ ਕੁਝ ’ਤੇ ਹੀ ਕੰਮ ਹੋ ਰਿਹਾ ਹੈ?

ਨਿਤਿਨ ਗਡਕਰੀ ਨੇ ਉਸ ਵੇਲੇ ਲੋਕ ਨੁਮਾਇੰਦਿਆਂ ਨੂੰ ਮਿਲੇ ਪ੍ਰਸਤਾਵਾਂ ਦੇ ਆਧਾਰ ’ਤੇ ਇਹ ਐਲਾਨ ਕੀਤਾ ਸੀ। ਇਹ ਪ੍ਰਸਤਾਵ ਜਦੋਂ ਦਿੱਤੇ ਗਏ ਸਨ ਤਾਂ ਪ੍ਰਸਤਾਵ ਦੇਣ ਵਾਲਿਆਂ ਨੂੰ ਵੀ ਇਹ ਪਤਾ ਨਹੀਂ ਸੀ ਕਿ ਜਿਸ ਸੜਕ ਦਾ ਉਹ ਨਾਂ ਦੇ ਰਹੇ ਹਨ, ਕੀ ਉਹ ਸੜਕ ਐੱਨ. ਐੱਚ. ਬਣਨ ਦੇ ਮਾਪਦੰਡ ਨੂੰ ਪੂਰਾ ਕਰਦੀ ਹੈ ਜਾਂ ਨਹੀਂ। ਜਦੋਂ ਸਰਕਾਰ ਨੇ ਇਨ੍ਹਾਂ ਐਲਾਨਾਂ ਅਨੁਸਾਰ ਧਰਾਤਲ ’ਤੇ ਕੰਮ ਸ਼ੁਰੂ ਕੀਤਾ ਤਾਂ ਜ਼ਿਆਦਾਤਰ ਸੜਕਾਂ ਦੀ ਬਾਇਬਿਲਿਟੀ ਹੀ ਨਹੀਂ ਬਣ ਰਹੀ ਸੀ। ਇਸ ਕਾਰਨ ਕਈ ਪ੍ਰਾਜੈਕਟ ਰੱਦ ਕਰ ਦਿੱਤੇ ਗਏ। ਜਿਨ੍ਹਾਂ ਪ੍ਰਾਜੈਕਟਾਂ ਦੀ ਬਾਇਬਿਲਿਟੀ ਬਣਦੀ ਹੈ, ਉਨ੍ਹਾਂ ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਕੁਝ ਪ੍ਰਾਜੈਕਟਾਂ ਨੂੰ ਧਰਾਤਲ ’ਤੇ ਉਤਾਰਨ ਦਾ ਕੰਮ ਚੱਲ ਰਿਹਾ ਹੈ। ਬਾਇਬਲ ਸੜਕਾਂ ’ਤੇ ਪੜਾਅਬੱਧ ਢੰਗ ਨਾਲ ਕੰਮ ਸ਼ੁਰੂ ਕੀਤਾ ਜਾਵੇਗਾ।

ਕਾਂਗਰਸ ਕਾਰਨ ਜਨ ਆਸ਼ੀਰਵਾਦ ਯਾਤਰਾ ਕੱਢਣੀ ਪਈ?

ਜਨ ਆਸ਼ੀਰਵਾਦ ਯਾਤਰਾ ਕਿਉਂ ਅਤੇ ਕਿਸ ਲਈ, ਦੇ ਸਵਾਲ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਯਾਤਰਾ ਕੱਢਣ ਦਾ ਕਾਰਨ ਵੀ ਕਾਂਗਰਸ ਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ’ਚ ਕੁਝ ਤਬਦੀਲੀਆਂ ਕੀਤੀਆਂ। ਕੁਝ ਮੰਤਰੀਆਂ ਨੂੰ ਤਰੱਕੀ ਦਿੱਤੀ ਅਤੇ ਕੁਝ ਨਵੇਂ ਲੋਕ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ। ਸੰਸਦ ਸੈਸ਼ਨ ਸ਼ੁਰੂ ਹੋਣ ’ਤੇ ਪ੍ਰਧਾਨ ਮੰਤਰੀ ਕੈਬਨਿਟ ਵਿਚ ਸ਼ਾਮਲ ਕੀਤੇ ਗਏ ਨਵੇਂ ਸਹਿਯੋਗੀਆਂ ਦੀ ਜਾਣ-ਪਛਾਣ ਕਰਵਾਉਂਦੇ ਹਨ। ਇਹ ਪੁਰਾਣੀ ਰਵਾਇਤ ਹੈ। ਕਾਂਗਰਸ ਨੇ ਇਸ ਵਾਰ ਵਿਰੋਧੀ ਧਿਰ ਨਾਲ ਮਿਲ ਕੇ ਸਦਨ ਵਿਚ ਗੈਰ-ਸੰਸਦੀ ਵਤੀਰਾ ਵਿਖਾਉਂਦੇ ਹੋਏ ਅਜਿਹਾ ਹੱਲਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਮੰਤਰੀਆਂ ਦੀ ਜਾਣ-ਪਛਾਣ ਕਰਵਾਉਣ ਤੋਂ ਰੋਕ ਦਿੱਤਾ। ਅਜਿਹੀ ਹਾਲਤ ’ਚ ਦੇਸ਼ ਦੀ ਜਨਤਾ ਨੂੰ ਆਪਣੇ ਮੰਤਰੀਆਂ ਨੂੰ ਜਾਣਨ ਦਾ ਮੌਕਾ ਮਿਲੇ, ਇਸ ਦੇ ਲਈ ਜਨ ਆਸ਼ੀਰਵਾਦ ਯਾਤਰਾ ਦਾ ਪ੍ਰੋਗਰਾਮ ਤੈਅ ਹੋਇਆ। ਕਾਂਗਰਸ ਦੇ ਲੋਕਾਂ ਨੂੰ ਸੱਚਮੁੱਚ ਇਹ ਯਾਤਰਾ ਆਫਤ ਵਾਂਗ ਲੱਗੇਗੀ ਕਿਉਂਕਿ ਸੂਬੇ ਭਰ ’ਚ ਜਿਸ ਤਰ੍ਹਾਂ ਦੇ ਉਤਸ਼ਾਹ ਨਾਲ ਲੋਕ ਇਸ ਵਿਚ ਸ਼ਾਮਲ ਹੋ ਰਹੇ ਹਨ, ਉਸ ਨੂੰ ਵੇਖ ਕੇ ਕਾਂਗਰਸ ਨਿਰਾਸ਼ ਹੈ।

ਜ਼ਮੀਨ ਐਕਵਾਇਰ ਹੁੰਦਿਆਂ ਹੀ ਭਾਨੂਪੱਲੀ-ਲੇਹ ਰੇਲ ਮਾਰਗ ਦਾ ਨਿਰਮਾਣ ਸ਼ੁਰੂ ਹੋਵੇਗਾ?

ਕੇਂਦਰੀ ਮੰਤਰੀ ਨੇ ਕਿਹਾ ਕਿ ਮਨਾਲੀ-ਲੇਹ ਰੇਲ ਲਾਈਨ ਦੀ ਰਣਨੀਤਕ ਅਹਿਮੀਅਤ ਹੈ। ਇਹ ਪ੍ਰਾਜੈਕਟ ਹਿਮਾਚਲ ਦੇ ਨਜ਼ਰੀਏ ਤੋਂ ਤਾਂ ਅਹਿਮ ਹੈ ਹੀ, ਇਸ ਦੀ ਫੌਜੀ ਉਪਯੋਗਤਾ ਵੀ ਹੈ। ਇਸ ਲਈ ਸਰਕਾਰ ਇਸ ਨੂੰ ਬਣਾਉਣ ਪ੍ਰਤੀ ਗੰਭੀਰ ਹੈ। ਸਰਕਾਰ ਨੇ ਇਸ ਦੇ ਲਈ ਰਕਮ ਪ੍ਰਦਾਨ ਕਰ ਦਿੱਤੀ ਹੈ ਅਤੇ ਕੰਮ ਸ਼ੁਰੂ ਕਰਨ ਲਈ ਇਕ ਹਿੱਸੇ ਦਾ ਮੁਆਵਜ਼ਾ ਆਦਿ ਦੇ ਕੇ ਜ਼ਮੀਨ ਵੀ ਐਕਵਾਇਰ ਕਰ ਲਈ ਹੈ। ਰੇਲ ਵਿਕਾਸ ਨਿਗਮ ਨੇ ਭਾਨੂਪੱਲੀ-ਬਿਲਾਸਪੁਰ-ਬੈਰੀ ਰੇਲ ਲਾਈਨ ਦੇ ਨਿਰਮਾਣ ਲਈ ਟੈਂਡਰ ਵੀ ਮੰਗੇ ਹਨ। ਇਸ ਦੇ ਲਈ ਨਿਰਮਾਤਾ ਕੰਪਨੀ ਨੂੰ 2 ਸਾਲ ਦਾ ਸਮਾਂ ਦਿੱਤਾ ਗਿਆ ਹੈ। ਅਗਲੇ ਪੜਾਅ ਦਾ ਕੰਮ ਜਲਦੀ ਸ਼ੁਰੂ ਹੋਵੇ, ਇਸ ਦੇ ਲਈ ਸਰਕਾਰ ਨੇ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਵੇਂ ਹੀ ਜ਼ਮੀਨ ਨੂੰ ਐਕਵਾਇਰ ਕਰਨ ਦਾ ਕੰਮ ਪੂਰਾ ਹੋਵੇਗਾ ਅਤੇ ਮੁਆਵਜ਼ੇ ਦੀ ਰਕਮ ਦਾ ਭੁਗਤਾਨ ਲੋਕਾਂ ਨੂੰ ਕਰ ਦਿੱਤਾ ਜਾਵੇਗਾ, ਇਸ ਹਿੱਸੇ ’ਤੇ ਵੀ ਰੇਲ ਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ। ਊਨਾ ਜ਼ਿਲੇ ਦੇ ਚੁਰੁੜੂ ਤਕ ਰੇਲ ਲਾਈਨ ਬਣ ਚੁੱਕੀ ਹੈ ਅਤੇ ਇਸ ’ਤੇ ਰੇਲ ਆਵਾਜਾਈ ਸ਼ੁਰੂ ਹੋ ਗਈ ਹੈ। ਹਮੀਰਪੁਰ-ਊਨਾ ਦਰਮਿਆਨ ਲਗਭਗ 50 ਕਿ. ਮੀ. ਲੰਮੀ ਰੇਲ ਲਾਈਨ ਬਣਨੀ ਹੈ। ਇਸ ਲਾਈਨ ਦੇ ਨਿਰਮਾਣ ’ਤੇ 3 ਹਜ਼ਾਰ ਕਰੋੜ ਤੋਂ ਵੱਧ ਦੀ ਰਕਮ ਖਰਚ ਹੋਣੀ ਹੈ। ਇਸ ਖਰਚੇ ਦੀ ਹਿੱਸੇਦਾਰੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੇ ਮਿਲ ਕੇ ਕਰਨੀ ਹੈ। ਕੌਣ ਕਿੰਨਾ ਖਰਚਾ ਕਰੇਗਾ, ਇਹ ਤੈਅ ਹੋਣ ਤੋਂ ਬਾਅਦ ਰੇਲ ਲਾਈਨ ਦਾ ਕੰਮ ਸ਼ੁਰੂ ਹੋਵੇਗਾ।

ਕਿਸਾਨਾਂ ਦੇ ਨਾਲ ਸੀ, ਨਾਲ ਹਾਂ ਅਤੇ ਨਾਲ ਰਹਾਂਗੇ

ਦੇਸ਼ ਵਿਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ 11 ਵਾਰ ਕਿਸਾਨ ਸੰਗਠਨਾਂ ਨਾਲ ਗੱਲ ਕੀਤੀ ਹੈ। ਅੱਗੇ ਵੀ ਗੱਲਬਾਤ ਦੇ ਦਰਵਾਜ਼ੇ ਸਰਕਾਰ ਨੇ ਖੁੱਲ੍ਹੇ ਰੱਖੇ ਹਨ। ਕਿਸਾਨ ਐੱਮ. ਐੱਸ. ਪੀ. ’ਤੇ ਖਰੀਦ ਦੀ ਮੰਗ ਕਰ ਰਹੇ ਹਨ ਤਾਂ ਸਰਕਾਰ ਨੇ ਘੱਟੋ-ਘੱਟ ਸਮਰਥਨ ਕੀਮਤ ਨਾ ਸਿਰਫ ਬਰਕਰਾਰ ਰੱਖੀ ਹੈ, ਸਗੋਂ ਇਸ ਵਿਚ ਸਮੇਂ-ਸਮੇਂ ’ਤੇ ਵਾਧਾ ਵੀ ਕੀਤਾ ਹੈ। ਪਿਛਲੀ ਵਾਰ ਦੀ ਬਜਾਏ ਇਸ ਸਾਲ ਸਰਕਾਰ ਨੇ ਕਿਸਾਨਾਂ ਤੋਂ ਸਮਰਥਨ ਕੀਮਤ ’ਤੇ ਜ਼ਿਆਦਾ ਮਾਤਰਾ ਵਿਚ ਉਤਪਾਦ ਖਰੀਦੇ ਹਨ। ਸਰਕਾਰ ਕਈ ਵਾਰ ਅੰਦੋਲਨ ਖਤਮ ਕਰਨ ਦੀ ਅਪੀਲ ਕਰ ਚੁੱਕੀ ਹੈ ਪਰ ਕੁਝ ਲੋਕ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਅੰਦੋਲਨ ਚਲਾ ਰਹੇ ਹਨ। ਮੋਦੀ ਸਰਕਾਰ ਕਿਸਾਨਾਂ ਦੇ ਨਾਲ ਸੀ ਅਤੇ ਅੱਗੇ ਵੀ ਖੜ੍ਹੀ ਰਹੇਗੀ।

ਸ਼ੇਅਰ ਮਾਰਕੀਟ ’ਚ ਤੇਜ਼ੀ ਸ਼ੁੱਭ ਸੰਕੇਤ

ਦੇਸ਼ ਦੀ ਜੀ. ਡੀ. ਪੀ. ਡਿੱਗ ਰਹੀ ਹੈ। ਕੀ ਉਦਯੋਗਿਕ ਉਤਪਾਦਨ ’ਤੇ ਵੀ ਅਸਰ ਪਿਆ ਹੈ? ਇਸ ’ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀ ਸਰਕਾਰ ਨੇ ਕੋਰੋਨਾ ਕਾਲ ਵਿਚ ਉਦਯੋਗਾਂ ਨੂੰ ਮੰਦੀ ਦਾ ਸਾਹਮਣਾ ਕਰਨ ਲਈ 3 ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤਾ ਹੈ, ਜਿਸ ਅਧੀਨ ਉਦਯੋਗਾਂ ਨੂੰ ਘੱਟ ਰੇਟਾਂ ’ਤੇ ਬਿਨਾਂ ਕਿਸੇ ਗਾਰੰਟੀ ਦੇ ਕਰਜ਼ਾ ਦਿੱਤਾ ਗਿਆ ਹੈ ਤਾਂ ਜੋ ਉਦਯੋਗ ਜਗਤ ਆਪਣੇ ਪੈਰਾਂ ’ਤੇ ਮੁੜ ਖੜ੍ਹਾ ਹੋ ਸਕੇ। ਛੋਟੇ ਤੇ ਘਰੇਲੂ ਉਦਯੋਗਾਂ ਨੂੰ ਵੀ ਇਸੇ ਤਰ੍ਹਾਂ ਦੀ ਆਰਥਿਕ ਮਦਦ ਘੱਟ ਰੇਟਾਂ ’ਤੇ ਮੁਹੱਈਆ ਕਰਵਾਈ ਗਈ ਹੈ, ਜਿਸ ਦਾ ਅਸਰ ਹੁਣ ਨਜ਼ਰ ਆਉਣ ਵੀ ਲੱਗਾ ਹੈ। ਬਹੁਤ ਸਾਰੇ ਉਦਯੋਗ ਪਟੜੀ ’ਤੇ ਆਉਣ ਲੱਗੇ ਹਨ। ਜੀ. ਐੱਸ. ਟੀ. ਦੀ ਕੁਲੈਕਸ਼ਨ ਫਿਰ ਵਧਣ ਲੱਗੀ ਹੈ। ਬਹੁਤ ਸਾਰੇ ਉਦਯੋਗ ਲਾਭ ਵੀ ਕਮਾਉਣ ਲੱਗੇ ਹਨ। ਸ਼ੇਅਰ ਮਾਰਕੀਟ ਵਿਚ ਤੇਜ਼ੀ ਹੈ, ਜੋ ਆਉਣ ਵਾਲੇ ਦਿਨਾਂ ਲਈ ਸ਼ੁੱਭ ਸੰਕੇਤ ਹੈ।


Tanu

Content Editor

Related News