ਦਿਨ ''ਚ 9 ਘੰਟੇ ਤੋਂ ਵੱਧ ਬੈਠੇ ਰਹਿਣ ਨਾਲ ਜਲਦੀ ਹੋ ਸਕਦੀ ਹੈ ਮੌਤ
Friday, Aug 23, 2019 - 04:00 PM (IST)

ਲੰਡਨ—ਲੰਡਨ ਵਿਚ ਹੋਈ ਇਕ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ 9 ਘੰਟੇ ਤੋਂ ਵੱਧ ਸਮੇਂ ਤਕ ਲਗਾਤਾਰ ਬੈਠੇ ਰਹਿਣ ਨਾਲ ਮੌਤ ਦਾ ਰਿਸਕ ਵਧ ਸਕਦਾ ਹੈ। ਬ੍ਰਿਟਿਸ਼ ਮੈਡੀਕਲ ਜਨਰਲ (ਬੀ. ਐੱਮ. ਜੇ.) ਵਿਚ ਇਹ ਖੋਜ ਛਪੀ ਹੈ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਵਿਚ 18 ਤੋਂ 64 ਸਾਲ ਦੀ ਉਮਰ ਦੇ ਲੋਕਾਂ ਲਈ ਹਰ ਹਫਤੇ ਘੱਟ ਤੋਂ ਘੱਟ 150 ਮਿੰਟਾਂ ਤਕ ਮੱਧਮ ਜਾਂ 74 ਮਿੰਟਾਂ ਤਕ ਸਖਤ ਸਰੀਰਕ ਮਿਹਨਤ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਵੇਂ ਇਹ ਨਹੀਂ ਦੱਸਿਆ ਗਿਆ ਕਿ ਸਰੀਰਕ ਸਰਗਰਮੀਆਂ ਕਿਸ ਉਮਰ ਵਿਚ ਕਿੰਨੀਆਂ ਜ਼ਰੂਰੀ ਹਨ। ਖੋਜੀਆਂ ਨੇ ਸਰੀਰਕ ਸਰਗਰਮੀਆਂ ਤੇ ਮੌਤ ਨਾਲ ਗਤੀਹੀਣ ਸਮੇਂ ਦੇ ਸਬੰਧਾਂ ਦਾ ਮੁਲਾਂਕਣ ਕਰਦੇ ਹੋਏ ਖੋਜਾਂ ਦਾ ਵਿਸ਼ਲੇਸ਼ਣ ਕੀਤਾ। ਸਰੀਰਕ ਸਰਗਰਮੀਆਂ ਦੇ ਪੱਧਰ ਦੀਆਂ ਉਦਾਹਰਣਾਂ ਵਿਚ ਹੌਲੀ-ਹੌਲੀ ਤੁਰਨਾ ਜਾਂ ਖਾਣਾ ਪਕਾਉਣਾ ਜਾਂ ਬਰਤਣ ਧੋਣੇ ਜਿਹੇ ਹਲਕੇ ਕੰਮ ਘੱਟ ਤੀਬਰਤਾ ਵਾਲੀਆਂ ਸਰਗਰਮੀਆਂ ਵਿਚ ਆਉਂਦੇ ਹਨ। ਮੱਧ ਤੀਬਰਤਾ ਵਾਲੀ ਸਰਗਰਮੀ ਵਿਚ ਅਜਿਹੀ ਕੋਈ ਵੀ ਕਿਰਿਆ ਸ਼ਾਮਲ ਨਹੀਂ ਹੈ, ਜਿਸ ਨਾਲ ਤੁਹਾਡੇ ਸਾਹਾਂ ਦੀ ਗਤੀ ਤੇਜ਼ ਹੋ ਜਾਂਦੀ ਹੈ, ਜਿਵੇਂ ਤੇਜ਼ ਤੁਰਨਾ ਆਦਿ। ਖੋਜ ਵਿਚ ਕਿਹਾ ਗਿਆ ਹੈ ਕਿ ਗਤੀਹੀਣ ਹੋਣਾ, ਉਦਾਹਰਣ ਲਈ ਦਿਨ ਭਰ ਵਿਚ ਨੀਂਦ ਦੇ ਸਮੇਂ ਨੂੰ ਛੱਡ ਕੇ 9 ਘੰਟੇ ਜਾਂ ਉਸ ਤੋਂ ਵੱਧ ਸਮੇਂ ਤਕ ਬੈਠੇ ਰਹਿਣਾ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ। ਖੋਜ ਵਿਚ ਉਨ੍ਹਾਂ ਦੇਖਿਆ ਕਿ ਕਿਸੇ ਵੀ ਪੱਧਰ ਦੀ ਸਰੀਰਕ ਸਰਗਰਮੀ ਭਾਵੇਂ ਉਹ ਕਿਸੇ ਵੀ ਤੀਬਰਤਾ ਦੀ ਹੋਵੇ, ਮੌਤ ਦੇ ਰਿਸਕ ਨੂੰ ਕਾਫੀ ਘੱਟ ਕਰਦੀ ਹੈ
ਅੱਠ ਉੱਚ ਗੁਣਵੱਤਾ ਵਾਲੀਆਂ ਖੋਜਾਂ 'ਚ ਘੱਟ ਤੋਂ ਘੱਟ 40 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਾਲੇ 36,383 ਅਡਲਟ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੀ ਔਸਤ ਉਮਰ 62 ਸਾਲ ਸੀ। ਗਤੀਵਿਧੀ ਦੇ ਪੱਧਰ ਨੂੰ ਹਿੱਸਿਆਂ 'ਚ ਵਰਗੀਕ੍ਰਿਤ ਕੀਤਾ ਗਿਆ ਹੈ ਜਿਸ 'ਚ ਘੱਟ ਸਰਗਰਮੀ ਤੋਂ ਲੈ ਕੇ ਸਭ ਤੋਂ ਜ਼ਿਆਦਾ ਸਰਗਰਮੀ ਦੇ ਪੱਧਰ 'ਤੇ ਉਲੇਖ ਕੀਤਾ ਗਿਆ ਹੈ। ਪ੍ਰਤੀਭਾਗੀਆਂ 'ਤੇ ਔਸਤਨ 5.8 ਸਾਲ ਤੱਕ ਨਜ਼ਰ ਰੱਖੀ ਗਈ। ਖੋਜ ਦੌਰਾਨ 2,149 (5.9 ਫੀਸਦੀ) ਪ੍ਰਤੀਭਾਗੀਆਂ ਦੀ ਮੌਤ ਹੋ ਗਈ।