Health Care: ਸਰੀਰ ਨੂੰ ਫਿੱਟ ਰੱਖਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਰੋਜ਼ਾਨਾ ਖਾਓ ਕੱਚੀਆਂ ਸਬਜ਼ੀਆਂ ਦਾ ਸਲਾਦ

03/04/2024 5:04:31 PM

ਜਲੰਧਰ - ਰੁਝੇਵਿਆਂ ਭਰੀ ਜ਼ਿੰਦਗੀ ਹੋਣ ਕਾਰਨ ਬਹੁਤ ਸਾਰੇ ਲੋਕ ਸਿਹਤਮੰਦ ਰਹਿਣ ਲਈ ਆਪਣੀ ਖੁਰਾਕ ਦਾ ਖ਼ਾਸ ਧਿਆਨ ਰੱਖਣ ਲੱਗ ਪਏ ਹਨ। ਸਰੀਰ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਲਈ ਲੋਕ ਤੇਲ, ਮਸਾਲੇਦਾਰ ਚੀਜ਼ਾਂ ਅਤੇ ਜੰਕ ਫੂਡ ਆਦਿ ਦਾ ਸੇਵਨ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਕਈ ਲੋਕ ਹਰੀਆਂ ਸਬਜ਼ੀਆਂ ਨੂੰ ਆਪਣੇ ਭੋਜਨ 'ਚ ਸ਼ਾਮਲ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਲੋਕ ਆਪਣੇ ਆਪ ਨੂੰ ਫਿੱਟ ਰੱਖਣ ਲਈ ਘੱਟ ਮਸਾਲੇ ਵਾਲੀਆਂ ਸਬਜ਼ੀਆਂ ਨੂੰ ਉਬਾਲ ਕੇ ਖਾਂਦੇ ਹਨ। ਦੱਸ ਦੇਈਏ ਕਿ ਉਬਾਲਣ ਦੀ ਥਾਂ ਕੱਚੀਆਂ ਸਬਜ਼ੀਆਂ ਦਾ ਸੇਵਨ ਸਲਾਦ ਦੇ ਰੂਪ 'ਚ ਕਰਨ ਨਾਲ ਸਰੀਰ ਨੂੰ ਜ਼ਿਆਦਾ ਫ਼ਾਇਦੇ ਹੁੰਦੇ ਹਨ। ਇਸ ਨਾਲ ਕੋਈ ਬੀਮਾਰੀ ਨਹੀਂ ਹੁੰਦੀ। ਸਰੀਰ ਨੂੰ ਫਿੱਟ ਰੱਖਣ ਲਈ ਸਲਾਦ 'ਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨੂੰ ਸ਼ਾਮਲ ਕੀਤਾ ਜਾਵੇ, ਦੇ ਬਾਰੇ ਆਓ ਜਾਣਦੇ ਹਾਂ... 

ਖੀਰੇ ਦਾ ਸੇਵਨ
ਖੀਰੇ ਦਾ ਸੇਵਨ ਕਿਸੇ ਵੀ ਮੌਸਮ 'ਚ ਕੀਤਾ ਜਾ ਸਕਦਾ ਹੈ। ਲੋਕ ਖੀਰੇ ਨੂੰ ਸਲਾਦ ਦੇ ਰੂਪ 'ਚ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਹਾਈਡਰੇਟ ਰੱਖਣ 'ਚ ਮਦਦ ਕਰਦੀ ਹੈ। ਸਲਾਦ ਵਿਚ ਇਸ ਦਾ ਸੇਵਨ ਕਰਨ ਨਾਲ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ।

ਬ੍ਰੋਕਲੀ ਦਾ ਕਰੋ ਸੇਵਨ
ਜੇਕਰ ਤੁਸੀਂ ਸਲਾਦ ਨੂੰ ਹੋਰ ਪੌਸ਼ਟਿਕ ਬਣਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਬ੍ਰੋਕਲੀ ਨੂੰ ਸ਼ਾਮਲ ਕਰੋ। ਇਹ ਪ੍ਰੋਟੀਨ, ਫਾਈਬਰ, ਵਿਟਾਮਿਨ-ਸੀ ਤੇ ਫਾਈਟੋਕੈਮੀਕਲਸ ਦਾ ਭਰਪੂਰ ਸਰੋਤ ਹੈ। ਸਲਾਦ 'ਚ ਬ੍ਰੋਕਲੀ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਉਬਾਲੋ ਤੇ ਬਰਫ਼ ਦੇ ਠੰਡੇ ਪਾਣੀ ਵਿੱਚ ਕੁਝ ਸਮੇਂ ਲਈ ਰੱਖ ਦਿਓ। ਫਿਰ ਇਸ ਨੂੰ ਕਿਚਨ ਟੌਵਲ ਨਾਲ ਦਬਾ ਕੇ ਸਾਰਾ ਪਾਣੀ ਕੱਢ ਲਓ ਅਤੇ ਇਸ ਨੂੰ ਸਲਾਦ 'ਚ ਸ਼ਾਮਲ ਕਰ ਲਓ। 

ਮੂਲੀ ਦਾ ਸੇਵਨ
ਮੂਲੀ ਅਤੇ ਇਸ ਦੇ ਪੱਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਨੂੰ ਸਲਾਦ 'ਚ ਸ਼ਾਮਲ ਕਰਨ ਨਾਲ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਸਰਦੀ, ਖੰਘ, ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਾਉਂਦੀ ਹੈ। 

ਬੰਦ ਗੋਭੀ ਦਾ ਸੇਵਨ
ਬੰਦ ਗੋਭੀ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਸਲਾਦ ਦੇ ਰੂਪ 'ਚ ਕਰਨ ਨਾਲ ਇਹ ਸਰੀਰ 'ਚ ਮੌਜੂਦ ਕਾਰਬੋਹਾਈਡ੍ਰੇਟਸ ਨੂੰ ਚਰਬੀ 'ਚ ਬਦਲਣ ਤੋਂ ਰੋਕਦੀ ਹੈ। ਇਸ ਨੂੰ ਖਾਣ ਨਾਲ ਸਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ। 

ਚੁਕੰਦਰ
ਚੁਕੰਦਰ ਦਾ ਸੇਵਨ ਸਲਾਦ ਦੇ ਤੌਰ 'ਤੇ ਜ਼ਰੂਰ ਕਰਨਾ ਚਾਹੀਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਅਤੇ ਫਾਈਬਰ ਹੁੰਦਾ ਹੈ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਂਦਾ ਹੈ। ਇਸ ਨਾਲ ਸਰੀਰ 'ਚ ਕਦੇ ਖੂਨ ਦੀ ਕਮੀ ਨਹੀਂ ਹੁੰਦੀ ਅਤੇ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। 

ਟਮਾਟਰ ਦਾ ਸੇਵਨ
ਸਰੀਰ ਨੂੰ ਫਿੱਟ ਰੱਖਣ ਲਈ ਤੁਸੀਂ ਟਮਾਟਰ ਦਾ ਸੇਵਨ ਸਲਾਦ ਦੇ ਰੂਪ 'ਚ ਕਰ ਸਕਦੇ ਹੋ। ਟਮਾਟਰ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦੀ ਘਾਟ ਨਹੀਂ ਹੁੰਦੀ। ਟਮਾਟਰ 'ਤੇ ਕਾਲਾ ਲੂਣ ਪਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਹੁੰਦਾ ਹੈ।

rajwinder kaur

This news is Content Editor rajwinder kaur