Skin Care: 5 ਤਰੀਕਿਆਂ ਨਾਲ ਪਾਓ ਸਕਿਨ ਐਲਰਜੀ ਤੋਂ ਛੁਟਕਾਰਾ, ਪਲਾਂ 'ਚ ਮਿਲੇਗੀ ਰਾਹਤ

09/25/2023 6:42:33 PM

ਜਲੰਧਰ - ਐਲਰਜੀ ਇਕ ਅਜਿਹੀ ਸਮੱਸਿਆ ਹੈ, ਜੋ ਕਿਸੇ ਨੂੰ ਕਦੇ ਵੀ ਹੋ ਸਕਦੀ ਹੈ। ਦੁਨੀਆਂ ’ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਖਾਣ ਵਾਲੀ ਚੀਜ਼ ਤੋਂ ਅਲਰਜੀ ਹੋਵੇਗੀ। ਇਸ ਤੋਂ ਬੱਚਣ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਐਲਰਜੀ ਆਮਤੌਰ ‘ਚ ਨੱਕ, ਗਲੇ, ਕੰਨ, ਫੇਫੜੇ ਅਤੇ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ। ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਦੁੱਧ, ਦਹੀਂ, ਲੱਸੀ ਅਤੇ ਪਨੀਰ ਤੋਂ ਅਲਰਜੀ ਹੁੰਦੀ ਹੋਵੇਗੀ। ਐਲਰਜੀ ਹੋਣ ‘ਤੇ ਨੱਕ ਵਹਿਣਾ, ਚਮੜੀ ‘ਤੇ ਖਾਰਸ਼, ਅੱਖਾਂ ‘ਚੋਂ ਪਾਣੀ ਨਿਕਲਣਾ, ਚਮੜੀ ‘ਤੇ ਰੈਸ਼ਜ ਪੈਣਾ, ਸਾਹ ਲੈਣ ‘ਚ ਦਿੱਕਤ ਆਉਣਾ, ਸੋਜ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਕਿਨ ਐਲਰਜੀ ਹੋਣ 'ਤੇ ਸਰੀਰ ਦੀ ਚਮੜੀ ਲਾਲ ਹੋ ਜਾਂਦੀ ਹੈ, ਜਿਸ ਨਾਲ ਖਰਾਸ਼ ਦੀ ਸਮੱਸਿਆ ਹੁੰਦੀ ਹੈ। ਸਕਿਨ ਐਲਰਜੀ ਤੋਂ ਰਾਹਤ ਕਿਵੇਂ ਪਾ ਸਕਦੇ ਹਾਂ, ਦੇ ਬਾਰੇ ਆਓ ਜਾਣਦੇ ਹਾਂ... 

ਐਲੋਵੇਰਾ ਜੈੱਲ
ਸਕਿਨ ਐਲਰਜੀ ਹੋਣ ’ਤੇ ਜਲਨ, ਖਾਰਸ਼, ਰੈਸ਼ੇਜ ਆਦਿ ਦੀ ਸਮੱਸਿਆ ਹੋਣ ਲੱਗਦੀ ਹੈ, ਜਿਸ ਤੋਂ ਰਾਹਤ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਐਲੋਵੇਰਾ ’ਚ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਹ ਚਮੜੀ ਨੂੰ ਡੂੰਘਾਈ ਤੋਂ ਪੋਸ਼ਿਤ ਕਰਕੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਤੁਸੀਂ ਦਿਨ ’ਚ ਕਿਸੇ ਵੀ ਸਮੇਂ ਐਲੋਵੇਰਾ ਜੈੱਲ ਨਾਲ ਐਲਰਜੀ ਵਾਲੀ ਥਾਂ ਦੀ ਮਾਲਿਸ਼ ਕਰ ਸਕਦੇ ਹੋ। ਸੌਣ ਤੋਂ ਪਹਿਲਾਂ ਇਸ ਨੂੰ ਲਗਾਉਣਾ ਜ਼ਿਆਦਾ ਸਹੀ ਹੈ। 

ਟੀ-ਟ੍ਰੀ ਆਇਲ 
ਟੀ-ਟ੍ਰੀ ਆਇਲ ਸਕਿਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਲਗਾਉਣ ਨਾਲ ਕਿੱਲ, ਦਾਗ-ਧੱਬੇ, ਛਾਈਆਂ, ਝੁਰੜੀਆਂ ਆਦਿ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਹ ਚਮੜੀ ਨੂੰ ਕੋਮਲਤਾ ਨਾਲ ਪੋਸ਼ਿਤ ਕਰਕੇ ਚਮੜੀ ਸਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਇਸ ’ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀ-ਇੰਫਲਾਮੈਟਰੀ ਅਤੇ ਐਂਟੀ-ਮਾਈਕ੍ਰੋਬੀਅਲ ਤੱਤ ਐਲਰਜੀ ਦੀ ਪਰੇਸ਼ਾਨੀ ਨੂੰ ਘੱਟ ਕਰਦੇ ਹਨ। ਮਾਹਿਰਾਂ ਮੁਤਾਬਕ ਚਮੜੀ 'ਤੇ ਐਲਰਜੀ ਕਰਕੇ ਜਲਨ, ਖਾਰਸ਼, ਰੈੱਡਨੈਸ ਆਦਿ ਹੋਣ ’ਤੇ ਟੀ ਟ੍ਰੀ ਆਇਲ ਦਾ ਇਸਤੇਮਾਲ ਕਰੋ। ਇਸ ਨੂੰ ਰੂੰ ਦੀ ਮਦਦ ਨਾਲ ਪ੍ਰਭਾਵਿਤ ਥਾਵਾਂ ’ਤੇ ਲਗਾਓ। 

ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਖਾਣ ਦੇ ਨਾਲ-ਨਾਲ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਮਾਹਿਰਾਂ ਮੁਤਾਬਕ ਇਹ ਇਕ ਬਿਹਤਰ ਸਕਿਨ ਕੇਅਰ ਏਜੰਟ ਦੀ ਤਰ੍ਹਾਂ ਹੈ। ਇਸ ’ਚ ਮੌਜੂਦ ਐਸੀਟਿਕ ਐਸਿਡ ਚਮੜੀ ਦੀ ਐਲਰਜੀ ਨੂੰ ਦੂਰ ਕਰਨ ’ਚ ਕਾਰਗਰ ਹੁੰਦਾ ਹੈ। ਚਮੜੀ ’ਚ ਜਲਨ, ਰੈਸ਼ੇਜ, ਖਾਰਸ਼ ਆਦਿ ਹੋਣ ’ਤੇ ਤੁਸੀਂ ਸੇਬ ਦੇ ਸਿਰਕੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਇਕ ਕੱਪ ਕੋਸੇ ਪਾਣੀ ’ਚ 1 ਵੱਡਾ ਚਮਚ ਸੇਬ ਦਾ ਸਿਰਕਾ ਮਿਲਾਓ। ਤਿਆਰ ਮਿਸ਼ਰਨ ਨੂੰ ਪ੍ਰਭਾਵਿਤ ਥਾਂ ’ਤੇ ਰੂੰ ਦੀ ਮਦਦ ਨਾਲ ਲਗਾ ਕੇ ਸੁੱਕਣ ਦਿਓ। ਬਾਅਦ ’ਚ ਠੰਡੇ ਪਾਣੀ ਨਾਲ ਸਾਫ਼ ਕਰੋ। ਅਜਿਹਾ ਕੁਝ ਦਿਨ ਕਰਨ ਨਾਲ ਐਲਰਜੀ ਦੀ ਸਮੱਸਿਆ ਦੂਰ ਹੋ ਜਾਵੇਗੀ। 

ਨਾਰੀਅਲ ਦਾ ਤੇਲ 
ਸਕਿਨ ਐਲਰਜੀ ਹੋਣ ’ਤੇ ਤੁਸੀਂ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਨਾਰੀਅਲ ਦਾ ਤੇਲ ਸਕਿਨ ਐਲਰਜੀ ਦੀ ਸਮੱਸਿਆ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਤੇਲ 'ਚ ਫੈਟੀ ਐਸਿਡ, ਵਿਟਾਮਿਨ-ਈ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਐਲਰਜੀ ਕਾਰਨ ਹੋਣ ਵਾਲੀ ਖੁਜਲੀ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਨਾਲ ਰਾਹਤ ਮਿਲਦੀ ਹੈ।

ਬੇਕਿੰਗ ਸੋਡਾ
ਤੁਸੀਂ ਐਲਰਜੀ ਵਾਲੀ ਥਾਂ 'ਤੇ ਬੇਕਿੰਗ ਸੋਡਾ ਵੀ ਲਗਾ ਸਕਦੇ ਹੋ। ਇਸ ਦੀ ਵਰਤੋਂ ਕਰਨ ਲਈ ਇਕ ਚਮਚ ਬੇਕਿੰਗ ਸੋਡਾ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਲਓ। ਹੁਣ ਇਸ ਦਾ ਪੇਸਟ ਬਣਾ ਕੇ ਐਲਰਜੀ ਵਾਲੀ ਥਾਂ 'ਤੇ ਲਗਾਓ। 10 ਮਿੰਟ ਬਾਅਦ ਇਸ ਨੂੰ ਧੋ ਲਓ। ਇਸ ਨਾਲ ਐਲਰਜੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।


 


rajwinder kaur

Content Editor

Related News