ਭਾਰ ਘਟਾਉਣ ਤੇ ਖ਼ੂਨ ਵਧਾਉਣ ’ਚ ਫ਼ਾਇਦੇਮੰਦ ਹੈ ਗੁੜ ਦਾ ਪਾਣੀ, ਰੋਜ਼ ਸਵੇਰੇ ਖਾਲੀ ਢਿੱਡ ਪੀਣਾ ਕਰੋ ਸ਼ੁਰੂ

04/25/2023 2:20:29 PM

ਜਲੰਧਰ (ਬਿਊਰੋ)– ਗੁੜ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ’ਚ ਕੈਲਸ਼ੀਅਮ, ਜ਼ਿੰਕ ਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਸਵੇਰੇ ਖਾਲੀ ਢਿੱਡ ਗੁੜ ਦਾ ਪਾਣੀ ਪੀਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਖਾਲੀ ਢਿੱਡ ਇਸ ਦਾ ਸੇਵਨ ਕਰਨ ਨਾਲ ਇਸ ਦੇ ਫ਼ਾਇਦੇ ਹੋਰ ਵੀ ਵੱਧ ਜਾਂਦੇ ਹਨ। ਇਹ ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਕਈ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਖਾਲੀ ਢਿੱਡ ਗੁੜ ਦਾ ਪਾਣੀ ਪੀਣ ਦੇ ਫ਼ਾਇਦੇ–

ਇਮਿਊਨਿਟੀ ਵਧਾਉਂਦਾ ਹੈ
ਗੁੜ ’ਚ ਵਿਟਾਮਿਨ ਸੀ, ਮੈਗਨੀਸ਼ੀਅਮ, ਵਿਟਾਮਿਨ ਬੀ 6 ਵੱਡੀ ਮਾਤਰਾ ’ਚ ਪਾਏ ਜਾਂਦੇ ਹਨ। ਇਹ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਹੈ। ਸਵੇਰੇ ਖਾਲੀ ਢਿੱਡ ਗੁੜ ਦਾ ਪਾਣੀ ਪੀਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਹੌਲੀ-ਹੌਲੀ ਇਸ ਦਾ ਸੇਵਨ ਕਰਨ ਨਾਲ ਸਰੀਰ ਮਜ਼ਬੂਤ ਹੋਣਾ ਸ਼ੁਰੂ ਹੋ ਜਾਂਦਾ ਹੈ।

ਭਾਰ ਘਟਾਉਣ ’ਚ ਮਦਦਗਾਰ
ਗੁੜ ਦਾ ਸੁਆਦ ਮਿੱਠਾ ਹੁੰਦਾ ਹੈ ਪਰ ਇਹ ਭਾਰ ਘਟਾਉਣ ਲਈ ਕਾਰਗਰ ਮੰਨਿਆ ਜਾਂਦਾ ਹੈ। ਇਸ ’ਚ ਮੌਜੂਦ ਪੋਟਾਸ਼ੀਅਮ ਭਾਰ ਘਟਾਉਣ ’ਚ ਮਦਦਗਾਰ ਹੁੰਦਾ ਹੈ। ਭਾਰ ਘਟਾਉਣ ਦੀ ਯਾਤਰਾ ’ਚ ਤੁਸੀਂ ਖਾਲੀ ਢਿੱਡ ਗੁੜ ਦਾ ਪਾਣੀ ਪੀ ਸਕਦੇ ਹੋ। ਇਸ ਨਾਲ ਕਾਫੀ ਫ਼ਾਇਦਾ ਹੋਵੇਗਾ।

ਖ਼ੂਨ ਵਧਾਉਂਦਾ ਹੈ
ਗੁੜ ਦਾ ਪਾਣੀ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ’ਚ ਲਾਲ ਰਕਤਾਣੂਆਂ ਦੇ ਨਿਰਮਾਣ ’ਚ ਮਦਦ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਹੈ, ਉਹ ਆਪਣੇ ਭੋਜਨ ’ਚ ਗੁੜ ਨੂੰ ਸ਼ਾਮਲ ਕਰ ਸਕਦੇ ਹਨ। ਹੌਲੀ-ਹੌਲੀ ਇਸ ਦੇ ਸੇਵਨ ਨਾਲ ਖ਼ੂਨ ਵਧਣਾ ਸ਼ੁਰੂ ਹੋ ਜਾਵੇਗਾ।

ਸਰੀਰ ਨੂੰ ਡਿਟਾਕਸ ਕਰਦਾ ਹੈ
ਗੁੜ ਦਾ ਪਾਣੀ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਇਸ ’ਚ ਮੌਜੂਦ ਫਾਈਬਰ ਪਾਚਨ ਤੰਤਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਇੰਝ ਕਰੋ ਗੁੜ ਦਾ ਪਾਣੀ ਤਿਆਰ
ਸਭ ਤੋਂ ਪਹਿਲਾਂ ਇਕ ਕੜਾਹੀ ’ਚ ਪਾਣੀ ਲਓ, ਉਸ ’ਚ ਗੁੜ ਦਾ ਟੁਕੜਾ ਪਾਓ, ਫਿਰ ਇਸ ਨੂੰ ਉਬਾਲੋ ਤੇ ਗੁੜ ਨੂੰ ਚੰਗੀ ਤਰ੍ਹਾਂ ਪਿਘਲਣ ਦਿਓ। ਹੁਣ ਇਸ ਪਾਣੀ ਨੂੰ ਠੰਡਾ ਹੋਣ ਲਈ ਛੱਡ ਦਿਓ। ਗੁੜ ਦੇ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ। ਇਹ ਸਵਾਦ ਵੀ ਹੁੰਦਾ ਹੈ।

ਨੋਟ– ਤੁਸੀਂ ਗੁੜ ਦੇ ਪਾਣੀ ਦਾ ਸੇਵਨ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh