ਬੱਚੇ ਨੂੰ ਰੋਜ਼ਾਨਾ ਦਿਓ ਇਹ ਪੰਜ ਚੀਜ਼ਾਂ, ਦਿਨਾਂ ''ਚ ਵਧੇਗਾ ਕੱਦ-ਕਾਠ
Friday, Dec 06, 2024 - 09:02 PM (IST)
ਵੈੱਡ ਡੈਸਕ : ਸਾਰੇ ਬੱਚਿਆਂ ਦੇ ਵਾਧੇ ਤੇ ਵਿਕਾਸ ਦੀ ਦਰ ਵੱਖਰੀ ਹੁੰਦੀ ਹੈ। ਕੁਝ ਬਹੁਤ ਤੇਜ਼ੀ ਨਾਲ ਵਧਦੇ ਜਾਪਦੇ ਹਨ ਜਦੋਂ ਕਿ ਕੁਝ ਨੂੰ ਬਾਕੀਆਂ ਨਾਲੋਂ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ। ਪਰ ਕਈ ਵਾਰ ਮਾਪੇ ਸਪੱਸ਼ਟ ਤੌਰ 'ਤੇ ਸਮਝ ਲੈਂਦੇ ਹਨ ਕਿ ਉਨ੍ਹਾਂ ਦਾ ਬੱਚਾ ਉਨੀ ਤੇਜ਼ੀ ਨਾਲ ਨਹੀਂ ਵਧ ਰਿਹਾ ਜਿੰਨਾ ਕਿ ਵਧਣਾ ਚਾਹੀਦਾ ਸੀ। ਇਸ ਦਾ ਕਾਰਨ ਬੱਚਿਆਂ ਦੀ ਖੁਰਾਕ ਵਿੱਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਵੀ ਹੋ ਸਕਦੀ ਹੈ। ਦਰਅਸਲ, ਬੱਚਿਆਂ ਦੀ ਨਾਂਹ-ਨੁੱਕਰ ਤੇ ਹਰੀਆਂ ਸਬਜ਼ੀਆਂ ਛਾਂਟ-ਛਾਂਟ ਸੁੱਟਣ ਦੀ ਆਦਤ ਇਸ ਦਾ ਕਾਰਨ ਬਣ ਜਾਂਦੀ ਹੈ। ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਖੁਰਾਕ ਦਾ ਕਿਨ੍ਹਾਂ ਬਿਹਤਰੀਨ ਚੀਜ਼ਾਂ ਨੂੰ ਹਿੱਸਾ ਬਣਾ ਸਕਦੇ ਹੋ, ਜਿਨ੍ਹਾਂ ਨਾਲ ਉਨ੍ਹਾਂ ਦਾ ਕੱਦ ਕਾਠ ਤੇਜ਼ੀ ਨਾਲ ਵਧ ਸਕਦਾ ਹੈ।
ਦੁੱਧ
ਵਿਟਾਮਿਨ ਡੀ, ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਦੁੱਧ ਨੂੰ ਬੱਚਿਆਂ ਦੀ ਖੁਰਾਕ ਵਿੱਚ ਕਾਫ਼ੀ ਮਾਤਰਾ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦੇ ਵਾਧੇ ਅਤੇ ਵਿਕਾਸ ਵਿੱਚ ਦੁੱਧ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਸਾਦੇ ਦੁੱਧ ਤੋਂ ਇਲਾਵਾ ਕਈ ਵਾਰ ਬਦਾਮ, ਹਲਦੀ ਜਾਂ ਕੇਸਰ ਵਾਲਾ ਦੁੱਧ ਵੀ ਬੱਚਿਆਂ ਨੂੰ ਦਿੱਤਾ ਜਾ ਸਕਦਾ ਹੈ।
ਆਂਡੇ
ਆਂਡੇ ਪੌਸ਼ਟਿਕ ਤੱਤਾਂ ਦਾ ਪਾਵਰਹਾਊਸ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਪ੍ਰੋਟੀਨ, ਬਾਇਓਟਿਨ, ਰਿਬੋਫਲੇਵਿਨ ਅਤੇ ਆਇਰਨ ਵੀ ਮਿਲਦਾ ਹੈ। ਜਿਨ੍ਹਾਂ ਬੱਚਿਆਂ ਦੀ ਖੁਰਾਕ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ, ਉਨ੍ਹਾਂ ਦੇ ਸਰੀਰਕ ਵਿਕਾਸ 'ਚ ਕਾਫੀ ਮਦਦ ਮਿਲਦੀ ਹੈ। ਬੱਚੇ ਨੂੰ ਰੋਜ਼ਾਨਾ ਸਵੇਰ ਦੇ ਨਾਸ਼ਤੇ ਵਿੱਚ ਇੱਕ ਆਂਡਾ ਦਿੱਤਾ ਜਾ ਸਕਦਾ ਹੈ। ਬੱਚੇ ਨੂੰ ਇੱਛਾ ਅਨੁਸਾਰ ਆਮਲੇਟ ਜਾਂ ਉਬਲੇ ਹੋਏ ਆਂਡੇ ਦਿੱਤੇ ਜਾ ਸਕਦੇ ਹਨ।
ਸੋਇਆਬੀਨ
ਸੋਇਆਬੀਨ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਹੱਡੀਆਂ ਦੀ ਚੰਗੀ ਸਿਹਤ ਨੂੰ ਬਣਾਈ ਰੱਖਣ ਲਈ, ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਇਸਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਸੋਇਆਬੀਨ ਤੋਂ ਵੱਖ-ਵੱਖ ਪਕਵਾਨ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਹੋ। ਟੋਫੂ ਵੀ ਵਰਤਿਆ ਜਾ ਸਕਦਾ ਹੈ ਅਤੇ ਸੋਇਆ ਚੰਕਸ ਵੀ ਵਰਤਿਆ ਜਾ ਸਕਦਾ ਹੈ।
ਗਾਜਰ
ਬੱਚਿਆਂ ਨੂੰ ਗਾਜਰ ਤੋਂ ਭਰਪੂਰ ਮਾਤਰਾ ਵਿੱਚ ਵਿਟਾਮਿਨ ਮਿਲਦਾ ਹੈ। ਇਹ ਸਰੀਰ ਨੂੰ ਬੀਟਾ-ਕੈਰੋਟੀਨ ਵੀ ਪ੍ਰਦਾਨ ਕਰਦਾ ਹੈ ਜਿਸ ਨੂੰ ਸਰੀਰ ਵਿਟਾਮਿਨ ਏ ਵਿੱਚ ਬਦਲਦਾ ਹੈ। ਇਹ ਹੱਡੀਆਂ ਨੂੰ ਵਧਣ ਅਤੇ ਸਿਹਤਮੰਦ ਰਹਿਣ ਵਿਚ ਮਦਦ ਕਰਦਾ ਹੈ। ਬੱਚਿਆਂ ਨੂੰ ਰੋਜ਼ਾਨਾ ਕੱਚੀ ਗਾਜਰ ਖੁਆਈ ਜਾ ਸਕਦੀ ਹੈ। ਬੱਚਿਆਂ ਨੂੰ ਉਨ੍ਹਾਂ ਦੀ ਪਸੰਦ ਅਨੁਸਾਰ ਗਾਜਰ ਦੀ ਸਬਜ਼ੀ, ਜੂਸ ਜਾਂ ਸਲਾਦ ਦਿਓ।
ਦਹੀ
ਦਹੀਂ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ ਅਤੇ ਪ੍ਰੋਬਾਇਓਟਿਕਸ ਦਾ ਚੰਗਾ ਸਰੋਤ ਹੈ। ਇਸ ਨਾਲ ਸਰੀਰ ਦੇ ਵਾਧੇ ਅਤੇ ਵਿਕਾਸ 'ਤੇ ਚੰਗਾ ਪ੍ਰਭਾਵ ਪੈਂਦਾ ਹੈ। ਜੇਕਰ ਬੱਚੇ ਦਹੀਂ ਨਹੀਂ ਖਾਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਪਨੀਰ ਵੀ ਖੁਆਇਆ ਜਾ ਸਕਦਾ ਹੈ ਜੋ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ।