ਸਰਦੀਆਂ ’ਚ ਚਮੜੀ ’ਤੇ ਨਿਖਾਰ ਲਿਆਉਣ ਲਈ ਅਪਣਾਓ ਇਨ੍ਹਾਂ ਘਰੇਲੂ ਨੁਸਖ਼ੇ, ਮਿਲੇਗੀ ਕੁਦਰਤੀ ਚਮਕ

12/11/2023 3:08:45 PM

ਜਲੰਧਰ (ਬਿਊਰੋ)– ਸਰਦੀਆਂ ਦੇ ਮੌਸਮ ’ਚ ਖੁਸ਼ਕੀ ਦੇ ਕਾਰਨ ਚਮੜੀ ਆਪਣੀ ਚਮਕ ਗੁਆਉਣ ਲੱਗਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਕੈਮੀਕਲ ਯੁਕਤ ਕਰੀਮਾਂ ਤੇ ਮਾਇਸਚਰਾਈਜ਼ਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਘਰੇਲੂ ਨੁਸਖ਼ੇ ਅਜ਼ਮਾ ਸਕਦੇ ਹੋ। ਠੰਡ ਦੇ ਮੌਸਮ ’ਚ ਆਪਣੀ ਚਮੜੀ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹਾਈਡ੍ਰੇਟ ਰੱਖਣਾ ਚਾਹੀਦਾ ਹੈ। ਇਸ ਮੌਸਮ ’ਚ ਲੋਕ ਘੱਟ ਪਾਣੀ ਪੀਂਦੇ ਹਨ, ਜਿਸ ਦਾ ਚਮੜੀ ’ਤੇ ਮਾੜਾ ਅਸਰ ਪੈਂਦਾ ਹੈ। ਧਿਆਨ ਰਹੇ ਕਿ ਸਰੀਰ ’ਚ ਪਾਣੀ ਦੀ ਘਾਟ ਨਾ ਹੋਵੇ, ਇਸ ਦੇ ਨਾਲ ਹੀ ਤੁਸੀਂ ਸਰਦੀਆਂ ’ਚ ਚਮੜੀ ’ਤੇ ਚਮਕ ਪਾਉਣ ਲਈ ਹੇਠ ਲਿਖੇ ਘਰੇਲੂ ਨੁਸਖ਼ਿਆਂ ਨੂੰ ਵੀ ਅਪਣਾ ਸਕਦੇ ਹੋ–

ਸਰਦੀਆਂ ’ਚ ਚਮੜੀ ’ਤੇ ਚਮਕ ਕਿਵੇਂ ਲਿਆਈਏ?

ਹਲਦੀ ਤੇ ਦਹੀਂ ਦਾ ਫੇਸ ਪੈਕ
ਭਾਰਤ ’ਚ ਸਦੀਆਂ ਤੋਂ ਚਮੜੀ ’ਤੇ ਕੁਦਰਤੀ ਚਮਕ ਪਾਉਣ ਲਈ ਹਲਦੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਹਲਦੀ ’ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਚਮਕਦਾਰ ਬਣਾਉਣ ’ਚ ਮਦਦ ਕਰਦੇ ਹਨ, ਜਦਕਿ ਦਹੀਂ ’ਚ ਮੌਜੂਦ ਬੈਕਟੀਰੀਆ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹਨ। ਇਕ ਚਮਚਾ ਦਹੀਂ ’ਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਚਮੜੀ ’ਤੇ ਲਗਾਓ ਤੇ 15-20 ਮਿੰਟਾਂ ਬਾਅਦ ਧੋ ਲਓ। ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹਲਦੀ ਚਮੜੀ ਨੂੰ ਸਾਫ਼ ਕਰਨ ’ਚ ਮਦਦ ਕਰੇਗੀ। ਇਸ ਪੈਕ ਦੀ ਵਰਤੋਂ ਕਰਨ ਨਾਲ ਚਮੜੀ ’ਚ ਸੁਧਾਰ ਹੁੰਦਾ ਹੈ ਤੇ ਦਾਗ-ਧੱਬੇ ਵੀ ਘੱਟ ਹੋ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਢਿੱਡ ਦਰਦ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਘਰੇਲੂ ਨੁਸਖ਼ੇ, ਜਲਦੀ ਮਿਲੇਗਾ ਆਰਾਮ

ਬਦਾਮ ਤੇ ਸ਼ਹਿਦ ਦਾ ਫੇਸ ਪੈਕ
ਵਿਟਾਮਿਨ ਈ ਨਾਲ ਭਰਪੂਰ ਬਦਾਮ ਤੇ ਸ਼ਹਿਦ ਦਾ ਫੇਸ ਪੈਕ ਲਗਾਉਣ ਨਾਲ ਚਮੜੀ ’ਤੇ ਨਿਖਾਰ ਤੇ ਚਮਕ ਆਉਂਦੀ ਹੈ। ਸ਼ਹਿਦ ਚਮੜੀ ਨੂੰ ਨਰਮ ਰੱਖਦਾ ਹੈ। ਅੱਧਾ ਚਮਚਾ ਬਦਾਮ ਪਾਊਡਰ ’ਚ ਸ਼ਹਿਦ ਮਿਲਾ ਕੇ ਚਿਹਰੇ ’ਤੇ ਲਗਾਓ। 15 ਤੋਂ 20 ਮਿੰਟਾਂ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਸਾਫ ਕਰ ਲਓ। ਇਸ ’ਚ ਪਾਏ ਜਾਣ ਵਾਲੇ ਓਮੇਗਾ-3 ਫੈਟੀ ਐਸਿਡ ਚਮੜੀ ਲਈ ਫ਼ਾਇਦੇਮੰਦ ਹੁੰਦੇ ਹਨ, ਜੋ ਖੁਸ਼ਕੀ ਨੂੰ ਘੱਟ ਕਰਦੇ ਹਨ ਤੇ ਚਮਕ ਵਧਾਉਂਦੇ ਹਨ। ਤੁਸੀਂ ਸ਼ਹਿਦ ’ਚ ਦਹੀਂ ਮਿਲਾ ਕੇ ਚਮੜੀ ਦੀ ਮਾਲਿਸ਼ ਵੀ ਕਰ ਸਕਦੇ ਹੋ। ਸਰਦੀਆਂ ’ਚ ਸ਼ਹਿਦ ਤੇ ਦਹੀਂ ਦੇ ਪੇਸਟ ਨਾਲ ਚਮੜੀ ਦੀ ਮਾਲਿਸ਼ ਕਰਨ ਨਾਲ ਖੁਸ਼ਕ ਚਮੜੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਤੇ ਚਮੜੀ ਨਰਮ ਹੋ ਜਾਂਦੀ ਹੈ। ਦਹੀਂ ’ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਚਮੜੀ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ।

ਦੁੱਧ ਤੇ ਵੇਸਣ ਦਾ ਸਕ੍ਰਬ
ਸਰਦੀਆਂ ’ਚ ਚਮੜੀ ਨੂੰ ਐਕਸਫੋਲੀਏਟ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਦੁੱਧ ਤੇ ਵੇਸਣ ਦੀ ਵਰਤੋਂ ਕਰਕੇ ਘਰ ’ਚ ਹੀ ਕੁਦਰਤੀ ਸਕ੍ਰਬ ਤਿਆਰ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ 1 ਚਮਚਾ ਵੇਸਣ ’ਚ ਲੋੜ ਅਨੁਸਾਰ ਦੁੱਧ ਮਿਲਾ ਕੇ ਪੇਸਟ ਤਿਆਰ ਕਰੋ, ਫਿਰ ਇਸ ਨੂੰ ਮੂੰਹ ’ਤੇ ਲਗਾ ਕੇ ਹੌਲੀ-ਹੌਲੀ ਰਗੜੋ, ਬਾਅਦ ’ਚ ਪਾਣੀ ਨਾਲ ਸਾਫ਼ ਕਰੋ ਤੇ ਮਾਇਸਚਰਾਈਜ਼ਰ ਲਗਾਓ। ਦੁੱਧ ’ਚ ਮੌਜੂਦ ਲੈਕਟਿਕ ਐਸਿਡ ਚਮੜੀ ਨੂੰ ਮੁਲਾਇਮ ਰੱਖਦਾ ਹੈ ਤੇ ਵੇਸਣ ਖੁਸ਼ਕ ਚਮੜੀ ਨੂੰ ਸਾਫ਼ ਕਰਨ ’ਚ ਮਦਦ ਕਰਦਾ ਹੈ।

ਐਲੋਵੇਰਾ ਤੇ ਗੁਲਾਬ ਜਲ
ਗੁਲਾਬ ਜਲ ’ਚ ਚਮੜੀ ਨੂੰ ਠੰਡਕ ਦੇਣ ਦੇ ਗੁਣ ਹੁੰਦੇ ਹਨ ਤੇ ਇਹ ਖੁਸ਼ਕ ਚਮੜੀ ਨੂੰ ਨਰਮ ਰੱਖਣ ’ਚ ਵੀ ਮਦਦ ਕਰਦਾ ਹੈ। ਤਾਜ਼ੀ ਐਲੋਵੇਰਾ ਜੈੱਲ ਨੂੰ ਗੁਲਾਬ ਜਲ ’ਚ ਮਿਲਾ ਕੇ ਚਿਹਰੇ ਦੀ ਮਾਲਿਸ਼ ਕਰਨ ਨਾਲ ਚਮੜੀ ਨਰਮ ਹੋਵੇਗੀ ਤੇ ਚਿਹਰੇ ਦੀ ਗੰਦਗੀ ਵੀ ਸਾਫ਼ ਹੋ ਜਾਵੇਗੀ। ਇਸ ਦੀ ਵਰਤੋਂ ਨਾਲ ਚਮੜੀ ਹਾਈਡ੍ਰੇਟ ਤੇ ਗਲੋ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਨਿਯਮਿਤ ਰੂਪ ਨਾਲ ਅਪਣਾ ਕੇ ਤੁਸੀਂ ਸਰਦੀਆਂ ’ਚ ਵੀ ਆਪਣੇ ਚਿਹਰੇ ਨੂੰ ਚਮਕਦਾਰ ਬਣਾ ਸਕਦੇ ਹੋ। ਧਿਆਨ ਰਹੇ ਕਿ ਹਰ ਚਮੜੀ ਦਾ ਸੁਭਾਅ ਵੱਖ-ਵੱਖ ਹੁੰਦਾ ਹੈ, ਇਸ ਲਈ ਕਿਸੇ ਵੀ ਨਵੇਂ ਨੁਸਖ਼ੇ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

Rahul Singh

This news is Content Editor Rahul Singh