ਬੱਚਿਆਂ ''ਚ ਜੋੜਾਂ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ, ਨਹੀਂ ਤਾਂ ਉਮਰ ਭਰ ਰਹੋਗੇ ਪਰੇਸ਼ਾਨ
Monday, Oct 27, 2025 - 04:02 PM (IST)
ਵੈੱਬ ਡੈਸਕ- ਅਕਸਰ ਮਾਪੇ ਸਮਝਦੇ ਹਨ ਕਿ ਜੋੜਾਂ ਦਾ ਦਰਦ (Joint Pain) ਸਿਰਫ਼ ਵੱਡੇ ਲੋਕਾਂ 'ਚ ਹੀ ਹੁੰਦਾ ਹੈ, ਪਰ ਹਾਲੀਆ ਰਿਪੋਰਟਾਂ ਦੱਸਦੀਆਂ ਹਨ ਕਿ ਇਹ ਸਮੱਸਿਆ ਛੋਟੇ ਬੱਚਿਆਂ 'ਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਵਾਰ ਮਾਪੇ ਇਸ ਦਰਦ ਨੂੰ ਬੱਚਿਆਂ ਦੇ ਵਧਣ ਨਾਲ ਜੁੜਿਆ “ਗ੍ਰੋਇੰਗ ਪੇਨ” ਮੰਨਕੇ ਅਣਡਿੱਠਾ ਕਰ ਜਾਂਦੇ ਹਨ, ਪਰ ਜੇ ਦਰਦ ਵਾਰ-ਵਾਰ ਹੋਵੇ ਜਾਂ ਰਾਤ ਨੂੰ ਵੱਧ ਜਾਵੇ, ਤਾਂ ਇਹ ਜੋੜਾਂ ਦੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਬਾਲ ਰੋਗ ਮਾਹਿਰਾਂ ਨੇ ਬੱਚਿਆਂ 'ਚ ਜੋੜਾਂ ਦੀ ਸਮੱਸਿਆ ਦੇ 7 ਮੁੱਖ ਸੰਕੇਤ ਗਿਣਾਏ ਹਨ ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਰਾਤ ਨੂੰ ਵੱਧਣ ਵਾਲਾ ਦਰਦ
ਜੇ ਬੱਚਾ ਦਿਨ 'ਚ ਠੀਕ ਰਹੇ ਪਰ ਰਾਤ ਦੇ ਸਮੇਂ ਦਰਦ ਵੱਧ ਜਾਵੇ, ਤਾਂ ਇਹ ਜੋੜਾਂ 'ਚ ਸੋਜ ਜਾਂ ਛੋਟੇ ਪੱਧਰ ਦੇ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ।
ਤੁਰਨ ਜਾਂ ਦੌੜਨ 'ਚ ਮੁਸ਼ਕਲ
ਜੇ ਬੱਚਾ ਅਚਾਨਕ ਲੰਗੜਾਉਣ ਲੱਗੇ ਜਾਂ ਦੌੜਣ ਤੋਂ ਬਚੇ, ਤਾਂ ਸੰਭਵ ਹੈ ਕਿ ਉਸ ਦੇ ਜੋੜਾਂ 'ਚ ਦਰਦ ਜਾਂ ਜਕੜਨ ਹੋ ਸਕਦੀ ਹੈ।
ਜੋੜਾਂ 'ਚ ਸੋਜ ਜਾਂ ਲਾਲੀ
ਕਿਸੇ ਇਕ ਜਾਂ ਕਈ ਜੋੜਾਂ 'ਚ ਸੋਜ, ਗਰਮਾਹਟ ਜਾਂ ਲਾਲਪਣ ਆਉਣਾ ਸੋਜ (Inflammation) ਜਾਂ ਆਰਥਰਾਈਟਿਸ ਦਾ ਇਸ਼ਾਰਾ ਹੋ ਸਕਦਾ ਹੈ।
ਸਵੇਰੇ ਉੱਠਦਿਆਂ ਜਕੜਨ
ਜੇ ਬੱਚਾ ਸਵੇਰੇ ਉੱਠਦਿਆਂ ਹੱਥਾਂ ਜਾਂ ਪੈਰਾਂ ਨੂੰ ਮੋੜਨ ਜਾਂ ਸਿੱਧਾ ਕਰਨ 'ਚ ਮੁਸ਼ਕਲ ਮਹਿਸੂਸ ਕਰਦਾ ਹੈ, ਤਾਂ ਇਹ ਜੋੜਾਂ ਦੀ ਬੀਮਾਰੀ ਦਾ ਪਹਿਲਾ ਸੰਕੇਤ ਹੋ ਸਕਦਾ ਹੈ।
ਇਕੋ ਜੋੜ 'ਚ ਵਾਰ-ਵਾਰ ਦਰਦ
ਜੇ ਹਰ ਵਾਰ ਦਰਦ ਇਕੋ ਗੋਡੇ, ਗਿੱਟੇ ਜਾਂ ਕੋਹਣੀ 'ਚ ਹੋ ਰਿਹਾ ਹੈ, ਤਾਂ ਇਹ ਸਿਰਫ਼ ਥਕਾਵਟ ਨਹੀਂ, ਬਲਕਿ ਅੰਦਰੂਨੀ ਜੋੜ ਸਮੱਸਿਆ ਹੋ ਸਕਦੀ ਹੈ।
ਬੁਖਾਰ ਜਾਂ ਥਕਾਵਟ ਨਾਲ ਦਰਦ
ਜੇ ਜੋੜਾਂ ਦਾ ਦਰਦ ਬੁਖਾਰ, ਕਮਜ਼ੋਰੀ ਜਾਂ ਭੁੱਖ ਘਟਣ ਨਾਲ ਆ ਰਿਹਾ ਹੈ, ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਇਹ ਕਿਸੇ ਇਨਫੈਕਸ਼ਨ ਜਾਂ ਆਟੋਇਮਿਊਨ ਰੋਗ ਦਾ ਸੰਕੇਤ ਹੋ ਸਕਦਾ ਹੈ।
ਖੇਡਣ ਤੋਂ ਬਚਣਾ
ਜੇ ਬੱਚਾ ਪਹਿਲਾਂ ਦੀ ਤਰ੍ਹਾਂ ਖੇਡਣ ਤੋਂ ਬਚਣ ਲੱਗੇ, ਤਾਂ ਇਹ ਦਰਦ ਤੋਂ ਬਚਣ ਦੀ ਕੋਸ਼ਿਸ਼ ਹੋ ਸਕਦੀ ਹੈ।
ਕਦੋਂ ਡਾਕਟਰ ਕੋਲ ਜਾਣਾ ਚਾਹੀਦਾ ਹੈ?
- ਜੇ ਬੱਚੇ ਦਾ ਦਰਦ 2 ਹਫ਼ਤਿਆਂ ਤੋਂ ਵੱਧ ਰਹੇ
- ਜੋੜਾਂ 'ਚ ਸੋਜ ਜਾਂ ਬੁਖਾਰ ਆ ਜਾਵੇ
- ਜਾਂ ਬੱਚਾ ਤੁਰਨ ਤੋਂ ਬਚ ਰਿਹਾ ਹੋਵੇ, ਤਾਂ ਤੁਰੰਤ ਬਾਲ ਰੋਗ ਮਾਹਿਰ ਨੂੰ ਦਿਖਾਓ
- ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਜੋੜਾਂ ਦੇ ਦਰਦ ਨੂੰ “ਗ੍ਰੋਇੰਗ ਪੇਨ” ਮੰਨ ਕੇ ਅਣਡਿੱਠਾ ਕਰਨਾ ਗਲਤ ਹੈ। ਸਮੇਂ ਸਿਰ ਜਾਂਚ ਨਾਲ ਇਲਾਜ ਆਸਾਨ ਅਤੇ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਬੱਚਿਆਂ ਦੇ ਜੋੜਾਂ ਨੂੰ ਮਜ਼ਬੂਤ ਰੱਖਣ ਲਈ ਟਿਪਸ
- ਸੰਤੁਲਿਤ ਆਹਾਰ ਦਿਓ — ਦੁੱਧ, ਦਹੀਂ, ਹਰੀਆਂ ਸਬਜ਼ੀਆਂ ਅਤੇ ਫਲ ਸ਼ਾਮਲ ਕਰੋ
- ਪਾਣੀ ਭਰਪੂਰ ਮਾਤਰਾ 'ਚ ਪਿਲਾਓ
- ਹਲਕੀ ਫੁਲਕੀ ਫਿਜ਼ੀਕਲ ਐਕਟਿਵਿਟੀ ਜ਼ਰੂਰੀ ਹੈ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
