ਸਾਵਧਾਨ ! ਫਾਸਟ ਫੂਡ ਨਾਲ ਘਟ ਰਹੀ ਬੱਚਿਆਂ ਦੀ ਨਿਗ੍ਹਾ ! ਨਵੀਂ ਰਿਪੋਰਟ ਨੇ ਉਡਾਏ ਮਾਪਿਆਂ ਦੇ ਹੋਸ਼
Monday, Jan 05, 2026 - 02:11 PM (IST)
ਨੈਸ਼ਨਲ ਡੈਸਕ- ਜੇਕਰ ਤੁਹਾਡੇ ਬੱਚੇ ਵੀ ਪੀਜ਼ਾ, ਬਰਗਰ ਅਤੇ ਹੋਰ ਜੰਕ ਫੂਡ ਖਾਣ ਦੇ ਬਹੁਤ ਸ਼ੌਕੀਨ ਹਨ, ਤਾਂ ਇਹ ਖ਼ਬਰ ਤੁਹਾਡੇ ਲਈ ਚਿਤਾਵਨੀ ਸਾਬਤ ਹੋ ਸਕਦੀ ਹੈ। ਪਟਨਾ ਓਪਥੈਲਮੋਲੋਜੀਕਲ ਸੁਸਾਇਟੀ ਦੀ ਇਕ ਤਾਜ਼ਾ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ ਕਿ ਜੰਕ ਫੂਡ ਦਾ ਬਹੁਤ ਜ਼ਿਆਦਾ ਸੇਵਨ ਬੱਚਿਆਂ ਦੀਆਂ ਅੱਖਾਂ ਨੂੰ ਗੰਭੀਰ ਰੂਪ 'ਚ ਨੁਕਸਾਨ ਪਹੁੰਚਾ ਰਿਹਾ ਹੈ।
ਅੱਖਾਂ ਦੇ ਰੇਟੀਨਾ 'ਚ ਸੋਜ ਅਤੇ ਮੋਟੇ ਚਸ਼ਮੇ ਦਾ ਖ਼ਤਰਾ
ਏਮਜ਼ (AIIMS), ਪੀ.ਐੱਮ.ਸੀ.ਐੱਚ. (PMCH) ਅਤੇ ਆਈ.ਜੀ.ਆਈ.ਐੱਮ.ਐੱਸ. (IGIMS) ਵਰਗੇ ਵੱਡੇ ਹਸਪਤਾਲਾਂ ਦੀ ਓਪੀਡੀ 'ਚ ਪਹੁੰਚੇ ਸੈਂਕੜੇ ਬੱਚਿਆਂ ਦੀ ਜਾਂਚ ਕੀਤੀ ਗਈ ਤਾਂ ਉਸ 'ਚ ਪਤਾ ਲੱਗਾ ਹੈ ਕਿ ਫਾਸਟ ਫੂਡ ਅੱਖਾਂ 'ਤੇ ਸਿੱਧਾ ਅਸਰ ਪਾ ਰਿਹਾ ਹੈ। ਜਾਂਚ ਦੌਰਾਨ ਬੱਚਿਆਂ 'ਚ ਹੇਠ ਲਿਖੀਆਂ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਹਨ:
- ਅੱਖਾਂ ਦੇ ਪਰਦੇ (ਰੇਟੀਨਾ) 'ਚ ਸੋਜ।
- ਅੱਖਾਂ 'ਚ ਲਾਲੀ ਅਤੇ ਲਗਾਤਾਰ ਜਲਣ।
- ਬਹੁਤ ਹੀ ਛੋਟੀ ਉਮਰ 'ਚ ਮੋਟੇ ਚਸ਼ਮੇ ਲੱਗਣ ਦੀ ਸਮੱਸਿਆ।
ਕਿਉਂ ਖ਼ਤਰਨਾਕ ਹੈ ਜੰਕ ਫੂਡ?
ਡਾਕਟਰਾਂ ਅਨੁਸਾਰ ਜੰਕ ਫੂਡ 'ਚ ਵਾਰ-ਵਾਰ ਵਰਤਿਆ ਜਾਣ ਵਾਲਾ ਤੇਲ, ਬਹੁਤ ਜ਼ਿਆਦਾ ਪ੍ਰੀਜ਼ਰਵੇਟਿਵਜ਼ ਅਤੇ ਪੌਸ਼ਟਿਕ ਤੱਤਾਂ ਦੀ ਭਾਰੀ ਕਮੀ ਹੁੰਦੀ ਹੈ। ਇਹ ਚੀਜ਼ਾਂ ਸਿੱਧੇ ਤੌਰ 'ਤੇ ਅੱਖਾਂ ਦੇ ਪਰਦਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਤੋਂ ਇਲਾਵਾ, ਬੱਚਿਆਂ 'ਚ ਮੋਟਾਪਾ, ਵਿਟਾਮਿਨ-ਏ ਦੀ ਕਮੀ, ਡਰਾਈ ਆਈ, ਮਾਇਓਪੀਆ ਅਤੇ 'ਕੰਪਿਊਟਰ ਵਿਜ਼ਨ ਸਿੰਡਰੋਮ' ਵਰਗੀਆਂ ਬੀਮਾਰੀਆਂ ਵਧ ਰਹੀਆਂ ਹਨ। ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਖਾਣ-ਪੀਣ ਦੀਆਂ ਆਦਤਾਂ ਨਾ ਬਦਲੀਆਂ ਗਈਆਂ, ਤਾਂ ਭਵਿੱਖ 'ਚ ਸਥਾਈ ਤੌਰ 'ਤੇ ਨਜ਼ਰ ਕਮਜ਼ੋਰ ਹੋਣ ਦਾ ਖ਼ਤਰਾ ਹੋ ਸਕਦਾ ਹੈ।
ਬਚਾਅ ਲਈ ਮਾਹਿਰਾਂ ਦੇ ਸੁਝਾਅ
ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਮਾਪਿਆਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਬੱਚਿਆਂ ਦੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਡਾਕਟਰਾਂ ਨੇ ਕੁਝ ਅਹਿਮ ਨੁਕਤੇ ਦੱਸੇ ਹਨ:
ਪੌਸ਼ਟਿਕ ਖੁਰਾਕ: ਜੰਕ ਫੂਡ ਦੀ ਬਜਾਏ ਘਰ ਦਾ ਬਣਿਆ ਭੋਜਨ ਦਿਓ। ਖੁਰਾਕ 'ਚ ਹਰੀਆਂ ਸਬਜ਼ੀਆਂ, ਫਲ, ਗਾਜਰ, ਆਂਡਾ, ਮੱਛੀ ਅਤੇ ਮੇਵੇ ਜ਼ਰੂਰ ਸ਼ਾਮਲ ਕਰੋ।
ਬਾਹਰੀ ਗਤੀਵਿਧੀਆਂ: ਬੱਚਿਆਂ ਦਾ ਰੋਜ਼ਾਨਾ ਬਾਹਰ ਖੇਡਣਾ ਅਤੇ ਧੁੱਪ 'ਚ ਰਹਿਣਾ ਬਹੁਤ ਜ਼ਰੂਰੀ ਹੈ।
ਸਕ੍ਰੀਨ ਟਾਈਮ: ਮੋਬਾਈਲ ਅਤੇ ਟੀਵੀ ਦੇਖਣ ਦੇ ਸਮੇਂ ਨੂੰ ਸੀਮਿਤ ਕਰੋ।
ਪੜ੍ਹਾਈ ਦਾ ਮਾਹੌਲ: ਪੜ੍ਹਦੇ ਸਮੇਂ ਕਮਰੇ 'ਚ ਰੌਸ਼ਨੀ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
