ਟਮਾਟਰ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ ! ਜ਼ਿਆਦਾ ਸੇਵਨ ਨਾਲ ਹੋ ਸਕਦੀਆਂ ਹਨ ਇਹ ਗੰਭੀਰ ਬੀਮਾਰੀਆਂ
Saturday, Dec 20, 2025 - 07:40 PM (IST)
ਵੈੱਬ ਡੈਸਕ : ਟਮਾਟਰ ਜਿੱਥੇ ਖਾਣੇ ਦਾ ਸੁਆਦ ਵਧਾਉਂਦੇ ਹਨ ਤੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਉੱਥੇ ਹੀ ਇਨ੍ਹਾਂ ਦਾ ਲੋੜ ਤੋਂ ਵੱਧ ਸੇਵਨ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਸਰੋਤਾਂ ਅਨੁਸਾਰ ਜ਼ਿਆਦਾ ਟਮਾਟਰ ਖਾਣ ਨਾਲ ਸਰੀਰ 'ਤੇ ਸਕਾਰਾਤਮਕ ਦੀ ਬਜਾਏ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ, ਜਿਸ ਕਾਰਨ ਕੁਝ ਲੋਕਾਂ ਨੂੰ ਇਸ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਪਾਚਨ ਪ੍ਰਣਾਲੀ 'ਤੇ ਮਾੜਾ ਅਸਰ ਮਾਹਰਾਂ ਅਨੁਸਾਰ ਜ਼ਿਆਦਾ ਟਮਾਟਰ ਖਾਣ ਨਾਲ ਪਾਚਨ ਪ੍ਰਣਾਲੀ (ਗਟ ਹੈਲਥ) ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਪੇਟ ਵਿੱਚ ਐਸਿਡਿਟੀ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜਿਹੜੇ ਲੋਕ ਪਹਿਲਾਂ ਹੀ 'ਇਰੀਟੇਬਲ ਬਾਊਲ ਸਿੰਡਰੋਮ' (IBS) ਤੋਂ ਪੀੜਤ ਹਨ, ਉਨ੍ਹਾਂ ਨੂੰ ਟਮਾਟਰ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਹਾਰਟਬਰਨ (ਛਾਤੀ ਵਿੱਚ ਜਲਣ) ਦਾ ਕਾਰਨ ਬਣ ਸਕਦਾ ਹੈ।
ਗੈਸ ਦੀ ਸਮੱਸਿਆ
ਜੇਕਰ ਤੁਸੀਂ ਪੇਟ 'ਚ ਗੈਸ ਬਣਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਟਮਾਟਰ ਦਾ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਦਰਅਸਲ, ਟਮਾਟਰ ਪੇਟ ਵਿੱਚ ਗੈਸ ਬਣਨ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ। ਇਸ ਲਈ ਜੇ ਤੁਸੀਂ ਗੈਸ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਟਮਾਟਰ ਨੂੰ ਸੀਮਤ ਮਾਤਰਾ 'ਚ ਹੀ ਖਾਓ।
ਹੋ ਸਕਦੀ ਹੈ ਪੱਥਰੀ
ਟਮਾਟਰ ਦੇ ਬੀਜਾਂ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਗੁਰਦੇ ਦੀ ਪੱਥਰੀ (ਕਿਡਨੀ ਸਟੋਨ) ਦੇ ਖਤਰੇ ਨੂੰ ਵਧਾ ਸਕਦੇ ਹਨ। ਇਸੇ ਲਈ ਪੱਥਰੀ ਦੇ ਮਰੀਜ਼ਾਂ ਨੂੰ ਟਮਾਟਰ ਨਾ ਖਾਣ ਦੀ ਹਦਾਇਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਇਸ ਦੇ ਵਧੇਰੇ ਸੇਵਨ ਨਾਲ ਸਰੀਰ ਵਿੱਚ ਐਲਰਜੀ ਵੀ ਹੋ ਸਕਦੀ ਹੈ।
ਦਿਲ ਦੀ ਜਲਣ
ਟਮਾਟਰ ਜਿੰਨਾ ਫਾਇਦੇਮੰਦ ਹੁੰਦਾ ਹੈ, ਜੇ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਓ ਤਾਂ ਇਹ ਨੁਕਸਾਨਦੇਹ ਵੀ ਹੋ ਸਕਦੇ ਹਨ। ਕਈ ਲੋਕਾਂ ਨੂੰ ਦਿਲ ਦੀ ਜਲਨ ਮਹਿਸੂਸ ਹੋ ਸਕਦੀ ਹੈ, ਕਿਉਂਕਿ ਟਮਾਟਰ 'ਚ ਵਿਟਾਮਿਨ ਸੀ ਹੁੰਦਾ ਹੈ। ਇਹ ਗੈਸ ਦੀ ਸਮੱਸਿਆ ਨੂੰ ਵਧਾ ਕੇ ਦਿਲ 'ਚ ਜਲਨ ਦਾ ਕਾਰਨ ਬਣਦਾ ਹੈ। ਜੇਕਰ ਤੁਸੀਂ ਵੀ ਜ਼ਿਆਦਾ ਟਮਾਟਰ ਖਾਣਾ ਪਸੰਦ ਕਰਦੇ ਹੋ ਤਾਂ ਸਾਵਧਾਨੀ ਨਾਲ ਖਾਓ। ਕਿਸੇ ਵੀ ਤਰ੍ਹਾਂ ਦੀ ਬੀਮਾਰੀ ਜਾਂ ਡਾਈਟ ਵਿੱਚ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਲਾਜ਼ਮੀ ਹੈ।
