Yamaha ਦਾ ਹਾਈਬ੍ਰਿਡ ਸਕੂਟਰ RayZR ਭਾਰਤ ’ਚ ਲਾਂਚ
Wednesday, Sep 08, 2021 - 01:06 PM (IST)
ਆਟੋ ਡੈਸਕ– ਯਾਮਾਹਾ ਮੋਟਰ ਇੰਡੀਆ ਨੇ ਆਪਣਾ ਨਵਾਂ ਹਾਈਬ੍ਰਿਡ ਸਕੂਟਰ RayZR ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਆਕਰਸ਼ਕ ਲੁੱਕ ਅਤੇ ਨਵੀਂ ਤਕਨੀਕ ਨਾਲ ਲੈਸ ਇਸ ਸਕੂਟਰ ਨੂੰ ਦੋ ਮਾਡਲਾਂ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ RayZR 125 Fi ਹਾਈਬ੍ਰਿਡ ਅਤੇ ਸਟਰੀਟ ਰੈਲ ਹਾਈਬ੍ਰਿਡ ਸ਼ਾਮਲ ਹਨ। ਸਕੂਟਰ ਦੀ ਸ਼ੁਰੂਆਤੀ ਕੀਮਤ 76,830 ਰੁਪਏ (ਐਕਸ-ਸ਼ੋਅਰੂਮ, ਦਿੱਲੀ) ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਯਾਮਾਹਾ ਨੇ ਆਪਣੇ ਇਸ ਸਕੂਟਰ ’ਚ 125 ਸੀਸੀ ਦਾ ਏਅਰ ਕੂਲਡ, ਫਿਊਲ ਇੰਜੈਕਟਿਡ ਸਿੰਗਲ ਸਿਲੰਡਰ ਇੰਜਣ ਦਿੱਤਾ ਹੈ ਜੋ 8 ਐੱਚ.ਪੀ. ਦੀ ਪਾਵਰ ਅਤੇ 10.3 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਦਾ ਕੁੱਲ ਭਾਰ 99 ਕਿਲੋਗ੍ਰਾਮ ਹੈ।
ਇਹ ਦੋਵੇਂ ਮਾਡਲ ਯਾਮਾਹਾ ਦੇ ਸਮਾਰਟ ਮੋਟਰ ਜਨਰੇਟਰ ਸਿਸਟਮ ਨਾਲ ਲੈਸ ਹੈ। ਹਾਈਬ੍ਰਿਡ ਸਿਸਟਮ ਸਕੂਟਰ ਦੀ ਮਾਈਲੇਜ ਨੂੰ ਹੋਰ ਵੀ ਬਿਹਤਰ ਬਣਾਉਂਦਾ ਹੈ। ਕੰਪਨੀ ਮੁਤਾਬਕ, ਐੱਸ.ਐੱਮ.ਜੀ. ਸਿਸਟਮ ਚੜ੍ਹਾਈ ਵਾਲੇ ਰਸਤਿਆਂ ’ਤੇ ਰਾਈਡਿੰਗ ਸਮੇਂ ਡਗਮਗਾਉਣ ਕਾਰਨ ਹੋਣ ਵਾਲੀ ਅਸੁਰੱਖਿਆ ਨੂੰ ਘੱਟ ਕਰਦਾ ਹੈ। ਕੰਪਨੀ ਮੁਤਾਬਕ, RayZR ਨੂੰ ਨਵੀਂ ਜਨਰੇਸ਼ਨ ਨੂੰ ਵੇਖਦੇ ਹੋਏ ਤਿਆਰ ਕੀਤਾ ਗਿਆ ਹੈ, ਉਥੇ ਹੀ ਸਟਰੀਟ ਰੈਲੀ ਮਾਡਲ 18 ਤੋਂ 25 ਸਾਲ ਤਕ ਦੇ ਨੌਜਵਾਨਾਂ ਲਈ ਖਾਸ ਹੋਵੇਗਾ। ਇਸ ਨੂੰ ਕੰਪਨੀ ਨੇ ਥੋੜ੍ਹਾ ਸਪੋਰਟੀ ਲੁੱਕ ਅਤੇ ਡਿਜ਼ਾਇਨ ਦਿੱਤਾ ਗਿਆ ਹੈ। ਸਕੂਟਰ ਕੁੱਲ 7 ਰੰਗਾਂ ਦੇ ਨਾਲ ਬਾਜ਼ਾਰ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ ਕੁੱਝ ਰੰਗ ਨਵੇਂ ਵੀ ਹਨ।