ਸਾਈਕਲ ਚਲਾਉਂਦੇ ਸਮੇਂ ਆਫਲਾਈਨ ਰਸਤਾ ਦੱਸੇਗਾ XOSS Sprit
Thursday, Sep 14, 2017 - 10:29 AM (IST)

ਜਲੰਧਰ : ਸਰੀਰ ਨੂੰ ਤੰਦਰੁਸਤ ਰੱਖਣ ਲਈ ਡਾਕਟਰ ਸਾਈਕਲ ਚਲਾਉਣ ਦੀ ਸਲਾਹ ਦਿੰਦੇ ਹਨ। ਸਾਈਕਲਿੰਗ ਨੂੰ ਹੋਰ ਦਿਲਚਸਪ ਬਣਾਉਣ ਲਈ ਸਾਨ ਫ੍ਰਾਂਸਿਸਕੋ ਦੀ ਇਲੈਕਟ੍ਰਾਨਿਕ ਕੰਪਨੀ XOSS ਨੇ ਨਵਾਂ ਮਿੰਨੀ ਕੰਪਿਊਟਰ ਬਣਾਇਆ ਹੈ, ਜੋ ਸਾਈਕਲ ਚਲਾਉਂਦੇ ਸਮੇਂ ਆਫਲਾਈਨ ਤਰੀਕੇ ਨਾਲ ਰਸਤਾ ਦੱਸਣ ਵਿਚ ਮਦਦ ਕਰੇਗਾ। XOSS Sprit ਨਾਂ ਦੇ ਇਸ ਡਿਵਾਈਸ ਵਿਚ 512 ਐੱਮ. ਬੀ. ਇਨਬਿਲਟ ਸਟੋਰੇਜ ਦਿੱਤੀ ਗਈ ਹੈ, ਜਿਸ ਵਿਚ ਤੁਸੀਂ ਆਫਲਾਈਨ ਮੈਪਸ ਨੂੰ ਇੰਟਰਨੈੱਟ ਤੋਂ ਡਾਊਨਲੋਡ ਕਰ ਕੇ ਸਟੋਰ ਕਰ ਸਕਦੇ ਹੋ। ਇਸ ਫੀਚਰ ਰਾਹੀਂ ਤੁਸੀਂ ਉਨ੍ਹਾਂ ਥਾਵਾਂ 'ਤੇ ਵੀ ਰਸਤੇ ਦਾ ਪਤਾ ਕਰ ਸਕਦੇ ਹੋ, ਜਿੱਥੇ ਇੰਟਰਨੈੱਟ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਜੇ ਤੁਸੀਂ ਆਫਲਾਈਨ ਮੈਪਸ ਨੂੰ ਡਾਊਨਲੋਡ ਨਹੀਂ ਕੀਤਾ ਹੈ ਪਰ ਤੁਹਾਡੇ ਸਮਾਰਟਫੋਨ 'ਤੇ ਇੰਟਰਨੈੱਟ ਚੱਲ ਰਿਹਾ ਹੈ ਤਾਂ ਵੀ ਤੁਸੀਂ ਇਸਦੇ ਲਈ ਬਣਾਈ ਗਈ ਖਾਸ ਐਪ ਨਾਲ ਇਸ ਨੂੰ ਕੁਨੈਕਟ ਕਰ ਕੇ ਸਮਾਰਟਫੋਨ 'ਤੇ ਇੰਟਰਨੈੱਟ ਚਲਾ ਕੇ ਰਸਤੇ ਦਾ ਪਤਾ ਲਾ ਸਕਦੇ ਹੋ। ਇਸ ਡਿਵਾਈਸ ਲਈ ਬਣਾਈ ਗਈ ਐਪ ਟਰ-ਬਾਏ-ਟਰਨ ਤੁਹਾਨੂੰ ਰਸਤਾ ਦੱਸੇਗੀ ਅਤੇ ਇਸਦੀ ਸਕ੍ਰੀਨ ਵਿਚ ਦਿੱਤੇ ਗਏ ਇੰਡੀਕੇਟਰ ਕੜਕਦੀ ਧੁੱਪ ਵਿਚ ਵੀ ਰਸਤੇ ਨੂੰ ਲੈ ਕੇ ਅਲਰਟ ਕਰਨਗੇ।
ਰਸਤੇ ਦੀ ਮਿਲੇਗੀ ਸਹੀ ਜਾਣਕਾਰੀ
XOSS Sprint ਵਿਚ GNSS ਤਕਨੀਕ ਨਾਲ ਬਣਾਇਆ ਗਿਆ ਖਾਸ GPS ਸਿਸਟਮ ਲੱਗਾ ਹੈ, ਜੋ ਰਸਤੇ ਦੀ ਸਹੀ ਜਾਣਕਾਰੀ ਦੇਵੇਗਾ। ਇਸ ਡਿਵਾਈਸ ਵਿਚ 240x400 ਰੈਜ਼ੋਲਿਊਸ਼ਨ 'ਤੇ ਕੰਮ ਕਰਨ ਵਾਲੀ 2.7 ਇੰਚ ਦੀ ਡਿਸਪਲੇਅ ਲੱਗੀ ਹੈ, ਜੋ ਆਊਟਡੋਰ ਵਿਚ ਸਾਈਕਲ ਚਲਾਉਂਦੇ ਸਮੇਂ ਕਾਫੀ ਕਲੀਅਰ ਦਿਖਾਈ ਦਿੰਦੀ ਹੈ।
ਕਲਾਊਡ ਸਰਵਿਸ
ਇਸ ਡਿਵਾਈਸ ਵਿਚ XOSS ਕਲਾਊਡ ਸਰਵਿਸ ਦਿੱਤੀ ਗਈ ਹੈ। ਤੁਹਾਨੂੰ ਬਸ ਬਲੂਟੁੱਥ ਦੀ ਮਦਦ ਨਾਲ ਇਸ ਨੂੰ ਸਮਾਰਟਫੋਨ ਨਾਲ ਕੁਨੈਕਟ ਕਰਨਾ ਹੋਵੇਗਾ ਅਤੇ ਇਹ ਪੂਰੇ ਰੂਟ ਦਾ ਡਾਟਾ ਐਪ ਰਾਹੀਂ ਕਲਾਊਡ 'ਤੇ ਸਟੋਰ ਕਰ ਦੇਵੇਗੀ। ਇਸ ਸਰਵਿਸ ਰਾਹੀਂ ਤੁਸੀਂ ਆਪਣੇ ਟ੍ਰੇਨਿੰਗ ਪਲਾਨਸ ਵੀ ਸੈੱਟ ਕਰ ਸਕਦੇ ਹੋ।
ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਸਕਦੇ ਹੋ ਡਾਟਾ
ਇਸ ਮਿੰਨੀ ਕੰਪਿਊਟਰ ਲਈ ਬਣਾਈ ਗਈ ਖਾਸ ਐਪ ਰਾਹੀਂ ਤੁਸੀਂ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ 'ਤੇ ਆਪਣੇ ਸਫਰ ਦੇ ਰੂਟ ਦੀ ਡਿਟੇਲਸ ਨੂੰ ਸ਼ੇਅਰ ਕਰ ਸਕਦੇ ਹੋ। ਇਸ ਡਿਵਾਈਸ ਨੂੰ ਖਾਸ UX ਡਿਜ਼ਾਈਨ ਨਾਲ ਬਣਾਇਆ ਗਿਆ ਹੈ ਮਤਲਬ ਇਸ ਵਿਚ ਬਹੁਤ ਸਾਰੇ ਬਟਨਸ ਦੀ ਥਾਂ ਸਿਰਫ 3 ਬਟਨ ਲਾਏ ਗਏ ਹਨ ਅਤੇ ਸਾਰੇ ਤਰ੍ਹਾਂ ਦੇ ਆਪਸ਼ਨਸ ਨੂੰ ਤੁਸੀਂ ਇਨ੍ਹਾਂ ਤਿੰਨਾਂ ਬਟਨਾਂ ਨਾਲ ਸਿਲੈਕਟ ਕਰ ਸਕਦੇ ਹੋ।
37 ਘੰਟਿਆਂ ਦਾ ਬੈਟਰੀ ਬੈਕਅਪ
ਇਸ ਡਿਵਾਈਸ ਵਿਚ ਖਾਸ ਬੈਟਰੀ ਲਾਈ ਗਈ ਹੈ, ਜਿਸ ਨੂੰ ਲੈ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਕ ਵਾਰ ਫੁੱਲ ਚਾਰਜ ਹੋਣ 'ਤੇ 37 ਘੰਟਿਆਂ ਦਾ ਬੈਕਅਪ ਦੇਵੇਗੀ ਅਤੇ ਇਸ ਨੂੰ ਸਟੈਂਡਬਾਏ 'ਤੇ 90 ਦਿਨਾਂ ਤੱਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਡਿਵਾਈਸ ਵਿਚ ਦਿੱਤਾ ਗਿਆ ਹੈ ਸਪੀਡ ਅਲਰਟ
XOSS Sprint ਵਿਚ ਖਾਸ ਸਪੀਡ ਅਲਰਟ ਦਿੱਤਾ ਗਿਆ ਹੈ ਮਤਲਬ ਯੂਜ਼ਰ ਵੱਲੋਂ ਸਾਈਕਲ ਨੂੰ ਜ਼ਿਆਦਾ ਤੇਜ਼ ਚਲਾਉਣ 'ਤੇ ਇਹ ਡਿਵਾਈਸ ਉਸ ਨੂੰ ਹੌਲੀ ਚਲਾਉਣ ਨੂੰ ਲੈ ਕੇ ਬਜ਼ਰ ਨਾਲ ਅਲਰਟ ਕਰੇਗਾ। ਇਸ ਤੋਂ ਇਲਾਵਾ ਇਹ ਡਿਵਾਈਸ IPX6 ਸਰਟੀਫਾਈਡ ਵੀ ਹੈ ਮਤਲਬ ਇਸਦੀ ਵਰਤੋਂ ਤੇਜ਼ ਧੁੱਪ ਅਤੇ ਮੀਂਹ ਦੇ ਮੌਸਮ ਵਿਚ ਵੀ ਕੀਤੀ ਜਾ ਸਕਦੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਨੂੰ 169 ਡਾਲਰ (ਲਗਭਗ 10820 ਰੁਪਏ) ਵਿਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।