Xiaomi ਲਿਆਈ ਅਨੋਖਾ ਸਮਾਰਟ ਟੀਵੀ, ਵੇਖ ਸਕੋਗੇ ਆਰ-ਪਾਰ
Wednesday, Aug 12, 2020 - 12:58 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ 10ਵੀਂ ਵਰ੍ਹੇਗੰਢ ਮੌਕੇ ਚੀਨ ’ਚ ਕਈ ਪ੍ਰੋਡਕਟਸ ਲਾਂਚ ਕੀਤੇ ਹਨ ਜਿਨ੍ਹਾਂ ’ਚ ਕੰਪਨੀ ਦਾ 55 ਇੰਚ ਦਾ ਪਾਰਦਰਸ਼ੀ ਟੀਵੀ ਵੀ ਸ਼ਾਮਲ ਹੈ। ਇਸ ਟੀਵੀ ਦੇ ਨਾਲ ਕੰਪਨੀ ਨੇ Mi 10 Ultra ਅਤੇ ਕੇ30 ਅਲਟਰਾ ਵੀ ਪੇਸ਼ ਕੀਤਾ ਹੈ। ਆਪਣੇ ਇਸ ਪਾਰਦਰਸ਼ੀ ਟੀਵੀ ਨਾਲ ਸ਼ਾਓਮੀ ਦੁਨੀਆ ਦੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜੋ ਕਮਰਸ਼ੀਅਲ ਪੱਧਰ ’ਤੇ ਪਾਰਦਰਸ਼ੀ ਟੀਵੀ ਦਾ ਪ੍ਰੋਡਕਸ਼ਨ ਕਰ ਰਹੀ ਹੈ। ਇਸ ਟੀਵੀ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਪਾਰਦਰਸ਼ੀ ਡਿਸਪਲੇਅ ਹੈ ਯਾਨੀ ਤੁਸੀਂ ਇਸ ਦੇ ਆਰ-ਪਾਰ ਵੇਖ ਸਕਦੇ ਹੋ। ਇਸ ਤੋਂ ਪਹਿਲਾਂ ਪੈਨਾਸੋਨਿਕ ਅਤੇ ਐੱਲ.ਜੀ. ਵਰਗੀਆਂ ਕੰਪਨੀਆਂ ਨੇ ਵੀ ਪਾਰਦਰਸ਼ੀ ਟੀਵੀ ਦਾ ਪ੍ਰੋਟੋਟਾਈਪ ਪੇਸ਼ ਕੀਤਾ ਹੈ।
ਸ਼ਾਓਮੀ ਦੇ ਇਸ ਪਾਰਦਰਸ਼ੀ ਟੀਵੀ ਨੂੰ Mi TV LUX OLED ਨਾਂ ਦਿੱਤਾ ਗਿਆ ਹੈ। ਇਸ ਟੀਵੀ ਦੀ ਕੀਮਤ 49,999 ਚੀਨੀ ਯੁਆਨ (ਕਰੀਬ 5,36,838 ਰੁਪਏ) ਹੈ। ਇਸ ਟੀਵੀ ਦੀ ਡਿਸਪਲੇਅ 55 ਇੰਚ ਦੀ ਹੈ। ਟੀਵੀ ਦਾ ਪੈਨਲ ਓ.ਐੱਲ.ਈ.ਡੀ. ਹੈ ਜਿਸ ਦਾ ਕੰਟਰਾਸਟ ਰੇਸ਼ੀਓ 150000:1 ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 120H ਹੈ।
ਟੀਵੀ ’ਚ ਏ.ਆਈ. ਮਾਸਟਰ ਇੰਜਣ ਹੈ ਅਤੇ ਇਸ ਵਿਚ ਮੀਡੀਆਟੈੱਕ ਦਾ 9650 ਪ੍ਰੋਸੈਸਰ ਅਤੇ ਡਾਲਬੀ ਐਟਮਸ ਆਡੀਓ ਦੀ ਸੁਪੋਰਟ ਹੈ। ਸ਼ਾਓਮੀ ਦੇ ਇਸ ਟੀਵੀ ਦੀ ਵਿਕਰੀ ਫਿਲਹਾਲ ਚੀਨ ’ਚ ਹੀ ਹੋ ਰਹੀ ਹੈ। ਭਾਰਤੀ ਬਾਜ਼ਾਰ ’ਚ ਇਸ ਟੀਵੀ ਦੀ ਉਪਲੱਬਧਤਾ ਬਾਰੇ ਫਿਲਹਾਲ ਅਜੇ ਕੋਈ ਜਾਣਕਾਰੀ ਨਹੀਂ ਹੈ।