X, ਫੇਸਬੁੱਕ ਤੇ ChatGPT ਸਣੇ ਕਈ ਸਾਈਟਾਂ ਡਾਊਨ..., ਯੂਜ਼ਰਜ਼ ਪਰੇਸ਼ਾਨ
Tuesday, Nov 18, 2025 - 06:12 PM (IST)
ਗੈਜੇਟ ਡੈਸਕ- ਦੁਨੀਆ ਭਰ 'ਚ ਹਜ਼ਾਰਾਂ ਯੂਜ਼ਰਜ਼ ਲਈ ਐਕਸ, ਫੇਸਬੁੱਕ ਸਣੇ ਕਈ ਸੋਸ਼ਲ ਮੀਡੀਆ ਵੈੱਬਸਾਈਟਾਂ ਅਤੇ ਮਿਊਜ਼ਿਕ ਸਟਰੀਮਿੰਗ ਐਪ ਸਪਾਟੀਫਾਈ ਡਾਊਨ ਹੋ ਗਏ ਹਨ। ਕਈ ਯੂਜ਼ਰਜ਼ ਨੇ ਐਪਸ ਦੀ ਵਰਤੋਂ ਕਰਨ 'ਚ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ। ਕਈ ਪਲੇਟਫਾਰਮਾਂ ਦੇ ਸਰਵਰ ਕਲਾਊਡਫਲੇਰ 'ਤੇ ਹੋਸਟ ਕੀਤੇ ਗਏ ਹਨ, ਜੋ ਵੈੱਬਸਾਈਟਾਂ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਅਤੇ ਕੰਟੈਂਟ ਨੂੰ ਤੇਜ਼ੀ ਨਾਲ ਲੋਡ ਕਰਨ 'ਚ ਮਦਦ ਕਰਦਾ ਹੈ।
ਐਕਸ ਯੂਜ਼ਰਜ਼ ਨੇ ਦੱਸਿਆ ਕਿ ਉਹ ਨਾ ਤਾਂ ਐਪ ਨੂੰ ਸਹੀ ਢੰਗ ਨਾਲ ਐਕਸੈਸ ਕਰ ਪਾ ਰਹੇ ਹਨ ਅਤੇ ਨਾ ਹੀ ਕੰਟੈਂਟ ਦੇਖ ਪਾ ਰਹੇ ਹਨ। ਇਸ ਡਾਊਨਟਾਈਮ ਕਾਰਨ ਯੂਜ਼ਰਜ਼ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇਸਤੇਮਾਲ ਕਰਨ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਲਾਊਡਫਲੇਰ ਦੇ ਡਾਊਨ ਹੋਣ ਨਾਲ ਇੰਟਰਨੈੱਟ ਦੇ ਇਕ ਵੱਡੇ ਹਿੱਸੇ 'ਤੇ ਅਸਰ ਪਿਆ ਹੈ ਕਿਉਂਕਿ ਇਹ ਵੈੱਬਸਾਈਟਾਂ ਨੂੰ ਸੁਰੱਖਿਅਤ ਅਤੇ ਤੇਜ਼ ਰੱਖਣ ਲਈ ਇਕ ਪ੍ਰਮੁੱਖ ਸੇਵਾ ਪ੍ਰਦਾਤਾ ਹੈ। ਯੂਜ਼ਰਜ਼ ਇਸ ਸਮੱਸਿਆ ਨੂੰ ਤੁਰੰਤ ਠੀਕ ਕਰਨ ਦੀ ਮੰਗ ਕਰ ਰਹੇ ਹਨ।
ਕਲਾਊਡਫਲੇਰ ਹੈ ਮੁੱਖ ਵਜ੍ਹਾ
ਕਈ ਸੋਸ਼ਲ ਮੀਡੀਆ ਸਾਈਟਾਂ ਅਤੇ ਐਪਸ ਦੇ ਸਰਵਰ ਕਲਾਊਡਫਲੇਰ 'ਤੇ ਹੋਸਟ ਹੋਣ ਕਾਰਨ ਵੱਡੇ ਪੱਧਰ 'ਤੇ ਆਊਟੇਜ ਆਇਆ ਹੈ। ਕਲਾਊਡਫਲੇਰ ਵੈੱਬਸਾਈਟਾਂ ਲਈ ਇਕ ਡੋਮੇਨ ਨੇਮ ਸਰਵਰ ਅਤੇ ਇਕ ਡਾਈਰੈਕਟਰੀ ਦੇ ਰੂਪ 'ਚ ਕੰਮ ਕਰਦਾ ਹੈ। ਹਾਲ ਦੇ ਮਹੀਨਿਆਂ 'ਚ ਮਾਸ ਆਊਟੇਜ ਨਾਲ ਜੁੜਿਆ ਇਕ ਟੂਲ ਵੀ ਰਿਹਾ ਹੈ।
ਵੈੱਬਸਾਈਟਾਂ ਐਕਸੈਸ ਕਰਨ 'ਤੇ ਦਿਸ ਰਿਹਾ ਏਰਰ
ਇੰਟਰਨੈੱਟ ਇਸਤੇਮਾਲ ਕਰਦੇ ਸਮੇਂ ਯੂਜ਼ਰਜ਼ ਨੂੰ ਕੁਝ ਵੈੱਬਸਾਈਟਾਂ ਐਕਸੈਸ ਕਰਨ 'ਤੇ ਏਰਰ ਕੋਡ 500 ਦਿਸ ਰਿਹਾ ਹੈ। ਇਹ ਕੋਡ ਸਿੱਧਾ ਸਰਵਰ ਜਾਂ ਵੈੱਬਸਾਈਟ ਦੇ ਕੋਡ 'ਚ ਸਮੱਸਿਆਵਾਂ ਵੱਲ ਇਸ਼ਾਰਾ ਕਰਦਾ ਹੈ। ਇਸ ਡਾਊਨਟਾਈਮ ਕਾਰਨ ਸੋਸ਼ਲ ਮੀਡੀਆ ਅਤੇ ਸਟਰੀਮਿੰਗ ਸੇਵਾਵਾਂ 'ਚ ਰੁਕਾਵਟ ਪੈਦਾ ਹੋਈ ਹੈ।
ਰਿਪੋਰਟ ਮੁਤਾਬਕ, ਕਲਾਊਡਫਲੇਰ ਨੂੰ ਇਸ ਤਕਨੀਕੀ ਖਰਾਬੀ ਦੀ ਜਾਣਕਾਰੀ ਹੈ, ਜਿਸ ਨਾਲ ਕਈ ਵੈੱਬਸਾਈਟਾਂ ਪ੍ਰਭਾਵਿਤ ਹੋਈਆਂ ਹਨ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਕਿਹਾ, 'ਕਲਾਊਡਫਲੇਰ ਨੂੰ ਇਸ ਸਮੱਸਿਆ ਦੀ ਜਾਣਾਕਰੀ ਹੈ ਅਤੇ ਉਹ ਇਸਦੀ ਜਾਂਚ ਕਰ ਰਿਹਾ ਹੈ, ਜਿਸਦਾ ਸੰਭਾਵਿਤ ਰੂਪ ਨਾਲ ਕਈ ਕਸਟਮਰ 'ਤੇ ਅਸਰ ਪੈ ਸਕਦਾ ਹੈ।' ਕਲਾਊਡਫਲੇਰ ਨੇ ਅੱਗੇ ਕਿਹਾ ਕਿ ਜ਼ਿਆਦਾ ਜਾਣਕਾਰੀ ਉਪਲੱਬਧ ਹੋਣ 'ਤੇ ਅੱਗੇ ਦੀ ਜਾਣਕਾਰੀ ਦਿੱਤੀ ਜਾਵੇਗੀ।
ਕਲਾਊਡਫਲੇਰ ਸੇਵਾਵਾਂ ਦੀ ਵਰਤੋਂ ਕਰਨ ਵਾਲੀਆਂ ਵੈੱਬਸਾਈਟਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਯੂਜ਼ਰਜ਼ ਨੂੰ ਇਹ ਮੈਸੇਜ ਦਿਖਾਇਆ ਗਿਆ, ਕਲਾਊਡਫਲੇਰ ਦੇ ਨੈੱਟਵਰਕ 'ਤੇ ਅੰਦਰੂਨੀ ਸਰਵਰ 'ਚ ਖਾਮੀ ਹੈ, ਕ੍ਰਿਪਾ ਕਰਕੇ ਕੁਝ ਮਿੰਟਾਂ ਬਾਅਦ ਮੁੜ ਕੋਸ਼ਿਸ਼ ਕਰੋ। ਰਿਪੋਰਟ ਮੁਤਾਬਕ, ਇਹ ਖਰਾਬੀ ਭਾਰਤੀ ਸਮੇਂ ਮੁਤਾਬਕ, ਸ਼ਾਮ ਦੇ 5 ਵਜੇ ਦੇ ਕਰੀਬ ਸ਼ੁਰੂ ਹੋਈ। ਕਲਾਊਡਫਲੇਰ ਮੌਜੂਦਾ ਸਮੇਂ 'ਚ ਇਸ ਸਮੱਸਿਆ ਦੀ ਜਾਂਚ ਕਰ ਰਿਹਾ ਹੈ।
