ਹੁਣ WhatsApp ਯੂਜ਼ਰਜ਼ ਨੂੰ ਪਰੇਸ਼ਾਨ ਕਰ ਰਿਹੈ ਇਹ ਡਰ
Thursday, Jul 07, 2016 - 05:29 PM (IST)

ਜਲੰਧਰ-ਸੋਸ਼ਲ ਮੀਡੀਆ ਅਤੇ ਸੋਸ਼ਲ ਨੈੱਟਵਰਕ ਨੂੰ ਆਏ ਦਿਨ ਕਿਸੇ ਨਾ ਕਿਸੇ ਹੈਕਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫੇਸਬੁਕ ਵਰਗੇ ਸੋਸ਼ਲ ਨੈੱਟਵਰਕ ਸਾਈਟ ''ਤੇ ਪ੍ਰਾਇਵੇਸੀ ਨੂੰ ਲੈ ਕੇ ਫੈਲੀ ਅਫਵਾਹ ਤੋਂ ਬਾਅਦ ਹੁਣ ਵਟਸਐਪ ਮੈਸੇਜਿੰਗ ਐਪ ''ਤੇ ਵੀ ਕੁੱਝ ਫਰਜ਼ੀ ਮੈਸੇਜ ਭੇਜੇ ਜਾ ਰਹੇ ਹਨ ਜਿਨ੍ਹਾਂ ਨੂੰ ਲੋਕ ਬਿਨਾਂ ਜਾਂਚ ਕੀਤੇ ਸੱਚ ਮੰਨ ਕੇ ਅੱਗੇ ਫਾਰਵਰਡ ਕਰ ਰਹੇ ਹਨ। ਹਾਲ ਹੀ ''ਚ ਮਿਲੀ ਜਾਣਕਾਰੀ ਅਨੁਸਾਰ ਹੁਣ ਵਟਸਐਪ ਨੂੰ ਆਈ.ਐੱਸ.ਆਈ.ਐੱਸ. ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਵਾਰ ਅੱਤਵਾਦੀ ਗਰੁੱਪ ਵਟਸਐਪ ਯੂਜ਼ਰ ਦੀ ਪ੍ਰੋਫਾਇਲ ਪਿਕਚਰ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਸ ਲਈ ਯੂਜ਼ਰਜ਼ ਨੂੰ ਵਟਸਐਪ ਤੋਂ ਆਪਣੀ ਨਿਜ਼ੀ ਤਸਵੀਰ ਹਟਾਉਣ ਲਈ ਕਿਹਾ ਜਾ ਰਿਹਾ ਹੈ।
ਇਸ ਮੈਸੇਜ ''ਚ ਕਿਹਾ ਗਿਆ ਹੈ ਕਿ ਵਟਸਐਪ ਦੇ ਸੀ.ਈ.ਓ. ਨੇ ਸਾਰੇ ਯੂਜ਼ਰਜ਼ ਨੂੰ ਆਪਣੀ ਪ੍ਰੋਫਾਇਲ ਈਮੇਜ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਖਾਸ ਕਰ ਕੇ ਲੜਕੀਆਂ ਨੂੰ ਆਪਣੀ ਤਸਵੀਰ ਹਟਾਉਣ ਲਈ ਕਿਹਾ ਗਿਆ ਹੈ ਨਹੀਂ ਤਾਂ ਆਈ.ਐੱਸ.ਆਈ.ਐੱਸ. ਹੈਕਰਜ਼ ਇਨ੍ਹਾਂ ਦੀ ਦੁਰਵਰਤੋਂ ਕਰ ਸਕਦੇ ਹਨ। ਇਸ ਮੈਸੇਜ ਦੇ ਅੰਤ ''ਚ ਆਈ.ਪੀ.ਐੱਸ. ਏ.ਕੇ. ਮਿਤੱਲ ਦਾ ਨਾਂ ਵੀ ਦਿੱਤਾ ਗਿਆ ਹੈ ਜਿਸ ਨਾਲ ਇਕ ਫੋਨ ਨੰਬਰ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੈਸੇਜ ਦਿੱਲੀ ਦੇ ਕਮਿਸ਼ਨਰ ਵੱਲੋਂ ਜਾਰੀ ਕੀਤਾ ਗਿਆ ਹੈ ਪਰ ਜਦੋਂ ਦਿੱਤੇ ਗਏ ਨੰਬਰ ''ਤੇ ਕਾਲ ਕੀਤੀ ਗਈ ਤਾਂ ਨੰਬਰ ਕਿਸੇ ਅਰਸ਼ਦ ਅਲੀ ਦਾ ਨਿਕਲਿਆ ਜਿਸ ਨੂੰ ਕਈ ਲੋਕਾਂ ਵੱਲੋਂ ਸਪੈਮ ਮਾਰਕ ਕੀਤਾ ਗਿਆ ਹੈ। ਇਸ ''ਚ ਕੋਈ ਸ਼ੱਕ ਨਹੀਂ ਕਿ ਇਹ ਇਕ ਅਫਵਾਹ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਵਟਸਐਪ ਕਈ ਵਾਰ ਇਸ ਤਰ੍ਹਾਂ ਦੇ ਮੈਸੇਜਿਜ਼ ਨੂੰ ਸਰਕੁਲੇਟ ਕਰ ਚੁੱਕੀ ਹੈ।