ਲਾਂਚ ਤੋਂ ਪਹਿਲਾਂ ਹੀ ਇਸ SUV ਨੂੰ ਟੁੱਟ ਕੇ ਪੈ ਗਏ ਲੋਕ ! 2 ਦਿਨਾਂ ''ਚ ਹੋਈਆਂ 10 ਹਜ਼ਾਰ ਤੋਂ ਵੱਧ ਬੁਕਿੰਗਾਂ
Saturday, Aug 22, 2026 - 07:12 PM (IST)
ਗੈਜੇਟ ਡੈਸਕ : ਜਗੁਆਰ ਲੈਂਡ ਰੋਵਰ (JLR) ਦੇ ਇਤਿਹਾਸਕ ਬ੍ਰਾਂਡ 'ਫ੍ਰੀਲੈਂਡਰ' ਨੇ ਇੱਕ ਵਾਰ ਫਿਰ ਨਵੇਂ ਇਲੈਕਟ੍ਰਿਕ ਅਵਤਾਰ ਵਿੱਚ ਵਾਪਸੀ ਕਰਕੇ ਬਾਜ਼ਾਰ ਵਿੱਚ ਤਹਿਲਕਾ ਮਚਾ ਦਿੱਤਾ ਹੈ। ਜੇ.ਐਲ.ਆਰ. ਤੇ ਚੀਨੀ ਕੰਪਨੀ 'ਚੇਰੀ' (Chery) ਦੇ ਸਾਂਝੇ ਉੱਦਮ ਵੱਲੋਂ ਚੀਨੀ ਬਾਜ਼ਾਰ ਵਿੱਚ ਪੇਸ਼ ਕੀਤੀ ਗਈ ਨਵੀਂ ਫ੍ਰੀਲੈਂਡਰ 8 (Freelander 8) SUV ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਗੱਡੀ ਦੀ ਪ੍ਰੀ-ਬੁਕਿੰਗ 14 ਅਗਸਤ ਨੂੰ ਸ਼ੁਰੂ ਹੋਈ ਸੀ ਤੇ ਮਹਿਜ਼ 48 ਘੰਟਿਆਂ (ਦੋ ਦਿਨਾਂ) ਦੇ ਅੰਦਰ ਹੀ 10,000 ਤੋਂ ਵੱਧ ਲੋਕਾਂ ਨੇ ਇਸ ਨੂੰ ਪ੍ਰੀ-ਆਰਡਰ ਕਰ ਦਿੱਤਾ ਹੈ।
ਇਸ ਦਮਦਾਰ SUV ਦੀ ਸ਼ੁਰੂਆਤੀ ਕੀਮਤ 339,900 ਯੂਆਨ (ਲਗਭਗ 48.30 ਲੱਖ ਰੁਪਏ) ਰੱਖੀ ਗਈ ਹੈ। ਕੰਪਨੀ ਇਸ ਨੂੰ 5-ਸੀਟਰ ਅਤੇ 6-ਸੀਟਰ ਵਿੱਚ ਲਾਂਚ ਕਰ ਸਕਦੀ ਹੈ। ਜੇਕਰ ਗੱਡੀ ਦੇ ਆਕਾਰ ਦੀ ਗੱਲ ਕਰੀਏ ਤਾਂ ਇਸ ਦੀ ਲੰਬਾਈ 5,118 ਐਮ.ਐਮ., ਚੌੜਾਈ 2,050 ਐਮ.ਐਮ. ਅਤੇ ਉਚਾਈ 1,898 ਐਮ.ਐਮ. ਹੈ, ਜਦਕਿ ਇਸ ਦਾ ਵ੍ਹੀਲਬੇਸ 3,040 ਐਮ.ਐਮ. ਦਾ ਹੈ। ਫ੍ਰੀਲੈਂਡਰ 8 ਵਿੱਚ 60.3kWh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 'ਰੇਂਜ ਐਕਸਟੈਂਡਰ ਇਲੈਕਟ੍ਰਿਕ ਵ੍ਹੀਕਲ ਸਿਸਟਮ' 'ਤੇ ਕੰਮ ਕਰਦੀ ਹੈ। ਇਸ ਵਿੱਚ ਬੈਟਰੀ ਦੇ ਨਾਲ 1.5 ਲੀਟਰ ਦਾ ਟਰਬੋਚਾਰਜਡ ਪੈਟਰੋਲ ਇੰਜਣ ਵੀ ਮਿਲਦਾ ਹੈ। ਇਹ ਇੰਜਣ ਸਿੱਧਾ ਪਹੀਆਂ ਨੂੰ ਪਾਵਰ ਦੇਣ ਦੀ ਬਜਾਏ ਸਿਰਫ਼ ਬੈਟਰੀ ਨੂੰ ਚਾਰਜ ਕਰਨ ਦਾ ਕੰਮ ਕਰਦਾ ਹੈ। ਇਸ ਵਿੱਚ ਲੱਗੀਆਂ ਦੋ ਮੋਟਰਾਂ ਮਿਲ ਕੇ 818 HP ਦੀ ਸੁਪਰ ਪਾਵਰ ਅਤੇ 813 Nm ਦਾ ਭਾਰੀ ਟਾਰਕ ਪੈਦਾ ਕਰਦੀਆਂ ਹਨ। ਕੰਪਨੀ ਮੁਤਾਬਕ, ਇਹ ਗੱਡੀ ਸਿਰਫ਼ ਇਲੈਕਟ੍ਰਿਕ ਮੋਡ ਵਿੱਚ 310 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ।
ਇਸ SUV ਵਿੱਚ 800V ਆਰਕੀਟੈਕਚਰ ਅਤੇ 6C ਚਾਰਜਿੰਗ ਸਪੋਰਟ ਦਿੱਤੀ ਗਈ ਹੈ, ਜਿਸ ਦੀ ਮਦਦ ਨਾਲ ਇਸ ਦੀ ਬੈਟਰੀ ਮਹਿਜ਼ 12 ਮਿੰਟਾਂ ਵਿੱਚ 20% ਤੋਂ 80% ਤੱਕ ਚਾਰਜ ਹੋ ਸਕਦੀ ਹੈ। ਇਸ ਤੋਂ ਇਲਾਵਾ, ਗੱਡੀ ਵਿੱਚ ਡੁਅਲ ਚੈਂਬਰ ਏਅਰ ਸਸਪੈਂਸ਼ਨ, ਸੀ.ਸੀ.ਡੀ. ਡੈਂਪਿੰਗ, ਮਕੈਨੀਕਲ ਫਰੰਟ ਡਿਫਰੈਂਸ਼ੀਅਲ ਲਾਕ ਅਤੇ ਰੀਅਰ ਵ੍ਹੀਲ ਸਟੀਅਰਿੰਗ ਵਰਗੇ ਆਧੁਨਿਕ ਫੀਚਰਸ ਸ਼ਾਮਲ ਹਨ, ਜੋ ਪਿਛਲੇ ਪਹੀਆਂ ਨੂੰ 10 ਡਿਗਰੀ ਤੱਕ ਘੁੰਮਾਉਣ ਦੀ ਸਹੂਲਤ ਦਿੰਦੇ ਹਨ।
ਗੱਡੀ ਦੇ ਅੰਦਰਲੇ ਹਿੱਸੇ (ਕੈਬਿਨ) ਨੂੰ ਬਹੁਤ ਹੀ ਆਧੁਨਿਕ ਰੂਪ ਦਿੱਤਾ ਗਿਆ ਹੈ। ਇਸ ਵਿੱਚ 15.6 ਇੰਚ ਦੀ ਵੱਡੀ ਮੁੱਖ ਟੱਚਸਕ੍ਰੀਨ ਮਿਲਦੀ ਹੈ, ਜਦਕਿ ਪਿਛਲੀ ਸੀਟ 'ਤੇ ਬੈਠਣ ਵਾਲੇ ਯਾਤਰੀਆਂ ਦੇ ਮਨੋਰੰਜਨ ਲਈ ਵੱਖਰੀ 17.3 ਇੰਚ ਦੀ ਸਕ੍ਰੀਨ ਲਗਾਈ ਗਈ ਹੈ। ਭਾਵੇਂ ਫ੍ਰੀਲੈਂਡਰ 8 ਫਿਲਹਾਲ ਚੀਨੀ ਬਾਜ਼ਾਰ ਵਿੱਚ ਉਤਾਰੀ ਗਈ ਹੈ, ਪਰ ਇਸ ਦਾ ਪਲੇਟਫਾਰਮ ਭਾਰਤ ਵਿੱਚ ਟਾਟਾ ਦੀ ਫਲੈਗਸ਼ਿਪ ਇਲੈਕਟ੍ਰਿਕ ਰੇਂਜ 'ਅਵਿਨਿਆ' ਵਿੱਚ ਵਰਤਿਆ ਜਾ ਸਕਦਾ ਹੈ। ਟਾਟਾ ਕੰਪਨੀ ਇਸ ਸਾਲ ਦੇ ਅੰਤ ਤੱਕ ਇਸ ਪਲੇਟਫਾਰਮ ਦੀ ਵਰਤੋਂ ਨਾਲ ਸਬੰਧਤ ਕੋਈ ਵੱਡਾ ਐਲਾਨ ਕਰ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
