ਮਾਰੂਤੀ ਸੁਜ਼ੂਕੀ ਦੇ ਸ਼ੌਕੀਨਾਂ ਲਈ ਵੱਡਾ ਝਟਕਾ, ਕੰਪਨੀ ਨੇ ਕਾਰਾਂ ਦੀ ਕੀਮਤ ਵਧਾਈ
Monday, Sep 06, 2021 - 12:16 PM (IST)

ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਦੀ ਕਾਰ ਖ਼ਰੀਦਣ ਵਾਲੇ ਹੋ ਤਾਂ ਹੁਣ ਜੇਬ ਢਿੱਲੀ ਕਰਨੀ ਹੋਵੇਗੀ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਸੇਲੇਰੀਓ ਨੂੰ ਛੱਡ ਕੇ ਆਪਣੇ ਹੋਰ ਸਾਰੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਿਚ ਤਤਕਾਲ ਪ੍ਰਭਾਵ ਨਾਲ 1.9 ਫ਼ੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਇਸ ਸਾਲ ਤੀਜੀ ਵਾਰ ਕੀਮਤਾਂ ਵਿਚ ਵਾਧਾ ਕੀਤਾ ਹੈ।
ਮਾਰੂਤੀ ਸੁਜ਼ੂਕੀ ਨੇ ਰੈਗੂਲੇਟਰੀ ਸੂਚਨਾ ਵਿਚ ਕਿਹਾ ਕਿ ਉਸ ਨੇ ਵੱਖ-ਵੱਖ ਇਨਪੁਟ ਲਾਗਤਾਂ ਵਿਚ ਵਾਧੇ ਕਾਰਨ ਕੀਮਤਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਐੱਮ. ਐੱਸ. ਆਈ. ਨੇ ਜਨਵਰੀ ਤੇ ਅਪ੍ਰੈਲ ਵਿਚ ਕੀਮਤਾਂ ਵਿਚ ਕੁੱਲ ਮਿਲਾ ਕੇ ਲਗਭਗ 3.5 ਫ਼ੀਸਦੀ ਦਾ ਵਾਧਾ ਕੀਤਾ ਸੀ। ਇਸ ਸਮੇਂ ਕੰਪਨੀ ਐਂਟਰੀ-ਲੇਵਲ ਹੈਚਬੇਕ ਆਲਟੋ ਤੋਂ ਲੈ ਕੇ ਐੱਸ-ਕ੍ਰਾਸ ਤੱਕ ਕਈ ਮਾਡਲ ਵੇਚਦੀ ਹੈ, ਜਿਨ੍ਹਾਂ ਦੀ ਕੀਮਤ 2.99 ਲੱਖ ਰੁਪਏ ਅਤੇ 12.39 ਲੱਖ ਰੁਪਏ (ਦਿੱਲੀ ਵਿਚ ਐਕਸ-ਸ਼ੋਅਰੂਮ ਕੀਮਤ) ਵਿਚਕਾਰ ਹੈ।
ਮਾਰੂਤੀ ਸੁਜ਼ੂਕੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੀਮਤਾਂ ਵਧਾਉਣਾ ਜ਼ਰੂਰੀ ਹੈ ਕਿਉਂਕਿ ਸਾਮਾਨਾਂ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਉਸ ਨੂੰ ਆਪਣਾ ਮੁਨਾਫਾ ਬਚਾਉਣਾ ਹੈ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ (ਵਿਕਰੀ ਤੇ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਸੀ ਕਿ ਕੰਪਨੀ ਕੋਲ ਇਨਪੁਟ ਲਾਗਤ ਦਾ ਅਸਰ ਦੂਰ ਕਰਨ ਲਈ ਕੀਮਤਾਂ ਵਿਚ ਵਾਧੇ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਸੀ ਕਿ ਇਸ ਸਾਲ ਮਈ-ਜੂਨ ਵਿਚ ਸਟੀਲ ਦੀਆਂ ਕੀਮਤਾਂ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 38 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 65 ਰੁਪਏ ਪ੍ਰਤੀ ਕਿਲੋ ਹੋ ਗਈਆਂ। ਉੱਥੇ ਹੀ, ਇਸ ਦੌਰਾਨ ਤਾਂਬੇ ਦੀਆਂ ਕੀਮਤਾਂ ਵੀ 5,200 ਡਾਲਰ ਪ੍ਰਤੀ ਟਨ ਤੋਂ ਦੁੱਗਣੀਆਂ ਹੋ ਕੇ 10,000 ਡਾਲਰ ਪ੍ਰਤੀ ਟਨ ਹੋ ਗਈਆਂ।