ਸਭ ਤੋਂ ਸਸਤੇ 4ਜੀ ਸਮਾਰਟਫੋਨ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਵੱਡਾ ਝਟਕਾ
Friday, Sep 10, 2021 - 01:42 PM (IST)
ਗੈਜੇਟ ਡੈਸਕ– ਹਰ ਵਾਰ ਸਰਪ੍ਰਾਈਜ਼ ਦੇ ਕੇ ਆਪਣੇ ਗਾਹਕਾਂ ਨੂੰ ਹੈਰਾਨ ਕਰਨ ਵਾਲੇ ਜੀਓ ਨੇ ਇਸ ਵਾਰ ਵੱਡਾ ਝਟਕਾ ਦਿੱਤਾ ਹੈ। ਜੀਓ ਦੇ ਕਰੋੜਾਂ ਗਾਹਕ ਜੋ ਦੁਨੀਆ ਦਾ ਸਭ ਤੋਂ ਸਸਤੇ 4ਜੀ ਸਮਾਰਟਫੋਨ ਅੱਜ ਯਾਨੀ 10 ਸਤੰਬਰ ਨੂੰ ਖ਼ਰੀਦਣ ਦਾ ਸੁਫ਼ਨਾ ਵੇਖ ਰਹੇ ਸਨ, ਉਨ੍ਹਾਂ ਦਾ ਸੁਫ਼ਨਾ ਟੁੱਟ ਗਿਆ ਹੈ। ਜੀਓ ਫੋਨ ਨੈਕਸਟ ਦੀ ਵਿਕਰੀ ਨੂੰ ਲੈ ਕੇ ਰਿਲਾਇੰਸ ਨੇ ਵੱਡਾ ਬਿਆਨ ਦਿੱਤਾ ਹੈ। ਜੀਓ ਫੋਨ ਨੈਕਸਟ ਦੀ ਸੇਲ ਅੱਜ ਯਾਨੀ 10 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਸੀ ਪਰ ਹੁਣ ਕੰਪਨੀ ਨੇ ਕਿਹਾ ਹੈ ਕਿ ਫੋਨ ਫਿਲਹਾਲ ਟ੍ਰਾਇਲ ’ਚ ਹੈ। ਇਸ ਦੀ ਵਿਕਰੀ ਦੀਵਾਲੀ ਤੋਂ ਪਹਿਲਾਂ ਹੋਵੇਗੀ, ਹਾਲਾਂਕਿ, ਕੰਪਨੀ ਨੇ ਵਿਕਰੀ ਦੀ ਤਾਰੀਖ਼ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ।
ਦੱਸ ਦੇਈਏ ਕਿ ਰਿਲਾਇੰਸ ਜੀਓ ਨੇ ਇਸੇ ਸਾਲ ਜੂਨ ’ਚ ਆਪਣੀ 44ਵੀਂ ਸਾਲਾਨਾ ਆਮ ਬੈਠਕ ’ਚ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ ਜੀਓ ਫੋਨ ਨੈਕਸਟ ਪੇਸ਼ ਕੀਤਾ ਹੈ, ਹਾਲਾਂਕਿ ਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ ਕੁਝ ਖਾਸ ਜਾਣਕਾਰੀ ਅਧਿਕਾਰਤ ਤੌਰ ’ਤੇ ਨਹੀਂ ਦਿੱਤੀ ਗਈ। ਜੀਓ ਫੋਨ ਨੈਕਸਟ ਨੂੰ ਰਿਲਾਇੰਸ ਜੀਓ ਅਤੇ ਗੂਗਲ ਦੀ ਸਾਂਝੇਦਾਰੀ ’ਚ ਤਿਆਰ ਕੀਤਾ ਗਿਆ ਹੈ।
ਕੀਮਤ ਦੀ ਗੱਲ ਕਰੀਏ ਤਾਂ ਟਿਪਸਟਰ ਯੋਗੇਸ਼ ਮੁਤਾਬਕ, ਜੀਓ ਫੋਨ ਨੈਕਸਟ ਦੀ ਕੀਮਤ 3,499 ਰੁਪਏ ਹੋਵੇਗੀ। ਇਸ ਤੋਂ ਪਹਿਲਾਂ ਆਈ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਜੀਓ ਫੋਨ ਨੈਕਸਟ ਦੀ ਕੀਮਤ 50 ਡਾਲਰ ਤੋਂ ਘੱਟ ਹੀ ਹੋਵੇਗੀ। ਜੀਓ ਫੋਨ ਨੈਕਸਟ ’ਚ ਐਂਡਰਾਇਡ 11 ਦਾ ਗੋ ਐਡੀਸ਼ਨ ਮਿਲੇਗਾ।
ਇਸ ਤੋਂ ਇਲਾਵਾ ਫੋਨ ’ਚ 5.5 ਇੰਚ ਦੀ ਐੱਚ.ਡੀ. ਡਿਸਪਲੇਅ ਮਿਲੇਗੀ। ਫੋਨ ’ਚ ਕੁਆਲਕਾਮ ਦਾ QM215 ਪ੍ਰੋਸੈਸਰ, 2 ਜਾਂ 3 ਜੀ.ਬੀ. ਰੈਮ ਅਤੇ 16 ਜਾਂ 32 ਜੀ.ਬੀ. ਦੀ ਸਟੋਰੇਜ ਮਿਲੇਗੀ। ਗ੍ਰਾਫਿਕਸ ਲਈ ਐਡਰੀਨੋ 308 ਜੀ.ਪੀ.ਯੂ. ਮਿਲੇਗਾ। ਜੀਓ ਫੋਨ ਨੈਕਸਟ ਦੇ ਕੈਮਰੇ ਦੇ ਨਾਲ ਗੂਗਲ ਲੈੱਨਜ਼ ਦਾ ਸਪੋਰਟ ਮਿਲੇਗਾ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਫਿਲਟਰਸ ਮਿਲਣਗੇ। ਕੈਮਰੇ ਦੇ ਨਾਲ ਪੋਟ੍ਰੇਟ ਮੋਡ ਵੀ ਮਿਲੇਗਾ। ਫੋਨ ’ਚ ਫਿਜੀਕਲ ਬਟਨ ਸਿਰਫ ਪਾਵਰ ਅਤੇ ਵਾਲਿਊਮ ਲਈ ਮਿਲਣਗੇ। ਜੀਓ ਫੋਨ ਨੈਕਸਟ ’ਚ ਹਾਟਸਪਾਟ ਵੀ ਮਿਲ ਸਕਦਾ ਹੈ।