Anthropic ਦੇ ''Claude Opus 4.8'' ਨੇ ਉਡਾਏ ਸਭ ਦੇ ਹੋਸ਼, ਖੁਦ Elon Musk ਵੀ ਹੋਏ ਮੁਰੀਦ

Saturday, May 30, 2026 - 01:29 PM (IST)

Anthropic ਦੇ ''Claude Opus 4.8'' ਨੇ ਉਡਾਏ ਸਭ ਦੇ ਹੋਸ਼, ਖੁਦ Elon Musk ਵੀ ਹੋਏ ਮੁਰੀਦ

ਗੈਜੇਟ ਡੈਸਕ - ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਦੁਨੀਆ 'ਚ ਇਕ ਵੱਡਾ ਧਮਾਕਾ ਕਰਦੇ ਹੋਏ, ਏਆਈ ਸਟਾਰਟਅੱਪ ਐਂਥਰੋਪਿਕ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਮਾਡਲ ਕਲਾਉਡ ਓਪਸ 4.8 (Claude Opus 4.8) ਲਾਂਚ ਕਰ ਦਿੱਤਾ ਹੈ। ਇਸ ਨਵੇਂ ਮਾਡਲ ਦੀ ਖ਼ਾਸੀਅਤ ਇਹ ਹੈ ਕਿ ਇਸ ਨੇ ਤਕਨੀਕੀ ਜਗਤ ਦੇ ਦਿੱਗਜ ਅਤੇ ਐਕਸ-ਏਆਈ (xAI) ਦੇ ਮਾਲਕ ਐਲਨ ਮਸਕ ਨੂੰ ਵੀ ਆਪਣੀ ਤਾਰੀਫ਼ ਕਰਨ ਲਈ ਮਜਬੂਰ ਕਰ ਦਿੱਤਾ ਹੈ।

ਕੰਪਨੀ ਅਨੁਸਾਰ, ਕਲਾਉਡ ਓਪਸ 4.8 ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਰਟ, ਸਹੀ ਅਤੇ ਭਰੋਸੇਮੰਦ ਹੈ। ਇਸ 'ਚ ਬਿਹਤਰ ਰੀਜ਼ਨਿੰਗ, ਕੋਡਿੰਗ ਅਤੇ ਲੰਬੇ ਸਮੇਂ ਤੱਕ ਬਿਨਾਂ ਮਨੁੱਖੀ ਮਦਦ ਦੇ ਕੰਮ ਕਰਨ ਦੀ ਅਦਭੁਤ ਸਮਰੱਥਾ ਹੈ। ਸਭ ਤੋਂ ਅਹਿਮ ਸੁਧਾਰ ਇਸ ਦੀ 'ਸੈਲਫ ਅਵੇਅਰਨੈੱਸ' (ਆਪਣੇ ਬਾਰੇ ਜਾਗਰੂਕਤਾ) 'ਚ ਕੀਤਾ ਗਿਆ ਹੈ, ਜਿਸ ਨਾਲ ਇਹ ਮਾਡਲ ਹੁਣ ਆਪਣੀਆਂ ਸੀਮਾਵਾਂ ਨੂੰ ਪਛਾਣ ਸਕਦਾ ਹੈ ਅਤੇ ਗਲਤ ਜਾਣਕਾਰੀ ਦੇਣ ਤੋਂ ਬਚਦਾ ਹੈ।

ਐਲਨ ਮਸਕ, ਜਿਨ੍ਹਾਂ ਦਾ ਆਪਣਾ ਏਆਈ ਮਾਡਲ 'ਗਰੋਕ' ਸਿੱਧਾ ਇਸ ਦਾ ਮੁਕਾਬਲੇਬਾਜ਼ ਹੈ, ਨੇ ਸੋਸ਼ਲ ਮੀਡੀਆ 'ਤੇ ਇਸ ਮਾਡਲ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਮਸਕ ਨੇ ਐਂਥਰੋਪਿਕ ਦੇ ਇਸ ਕੰਮ ਨੂੰ "ਸ਼ਾਨਦਾਰ" ਦੱਸਿਆ, ਜਿਸ ਤੋਂ ਬਾਅਦ ਪੂਰੀ ਟੈਕ ਇੰਡਸਟਰੀ 'ਚ ਇਸ ਦੀ ਚਰਚਾ ਹੋ ਰਹੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕਿਸੇ ਮੁਕਾਬਲੇਬਾਜ਼ ਵੱਲੋਂ ਅਜਿਹੀ ਤਾਰੀਫ਼ ਮਿਲਣਾ ਏਆਈ ਦੇ ਖੇਤਰ 'ਚ ਇਕ ਸਿਹਤਮੰਦ ਮੁਕਾਬਲੇ ਦਾ ਸੰਕੇਤ ਹੈ।

ਬੈਂਚਮਾਰਕ ਟੈਸਟਾਂ 'ਚ ਮਾਰੀ ਬਾਜ਼ੀ
ਕਲਾਉਡ ਓਪਸ 4.8 ਨੇ ਕਈ ਅਹਿਮ ਟੈਸਟਾਂ 'ਚ ਜੀਪੀਟੀ-5.5 (GPT-5.5) ਅਤੇ ਜੇਮਿਨੀ 3.1 ਪ੍ਰੋ (Gemini 3.1 Pro) ਵਰਗੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ :-

ਏਜੰਟਿਕ ਕੋਡਿੰਗ - 69.20% ਸਕੋਰ।
ਫਾਈਨੈਂਸ਼ੀਅਲ ਐਨਾਲਿਸਿਸ - 53.90% ਅੰਕ।
ਨੌਲੇਜ ਵਰਕ - 1890 ਦਾ ਉੱਚਾ ਸਕੋਰ।

ਖਪਤਕਾਰਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਇੰਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ, ਐਂਥਰੋਪਿਕ ਨੇ ਇਸ ਨੂੰ ਪੁਰਾਣੇ ਵਰਜ਼ਨ ਦੀ ਕੀਮਤ 'ਤੇ ਹੀ ਉਪਲਬਧ ਕਰਵਾਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮਾਡਲ ਕਿਸੇ ਸਵਾਲ ਦਾ ਜਵਾਬ ਨਾ ਪਤਾ ਹੋਣ 'ਤੇ ਅੰਦਾਜ਼ਾ ਲਗਾਉਣ ਦੀ ਬਜਾਏ ਆਪਣੀ ਅਸਮਰੱਥਾ ਨੂੰ ਸਵੀਕਾਰ ਕਰਦਾ ਹੈ, ਜੋ ਇਸਨੂੰ ਹੋਰ ਵੀ ਭਰੋਸੇਮੰਦ ਬਣਾਉਂਦਾ ਹੈ।


author

Sunaina

Content Editor

Related News