Tesla ਸਣੇ 40 ਲੱਖ ਕਾਰਾਂ ''ਚ ਆ ਗਈ ਖ਼ਰਾਬੀ ! ਕੰਪਨੀਆਂ ਨੇ ਮੰਗਵਾਈਆਂ ਵਾਪਸ

Saturday, Aug 22, 2026 - 04:31 PM (IST)

Tesla ਸਣੇ 40 ਲੱਖ ਕਾਰਾਂ ''ਚ ਆ ਗਈ ਖ਼ਰਾਬੀ ! ਕੰਪਨੀਆਂ ਨੇ ਮੰਗਵਾਈਆਂ ਵਾਪਸ

ਗੈਜੇਟ ਡੈਸਕ : ਚੀਨ 'ਚ ਟੈਸਲਾ ਸਮੇਤ ਕਈ ਪ੍ਰਮੁੱਖ ਇਲੈਕਟ੍ਰਿਕ ਕਾਰ ਕੰਪਨੀਆਂ ਦੀਆਂ 40 ਲੱਖ ਤੋਂ ਵੱਧ ਗੱਡੀਆਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਇਸ ਵੱਡੇ ਰਿਕਾਲ ਦਾ ਮੁੱਖ ਕਾਰਨ ਕਾਰਾਂ 'ਚ ਲੱਗੇ ਖ਼ਾਸ ਕਿਸਮ ਦੇ ਛਿਪੇ ਹੋਏ ਇਲੈਕਟ੍ਰਾਨਿਕ ਦਰਵਾਜ਼ਿਆਂ ਦੇ ਹੈਂਡਲ ਨਾਲ ਜੁੜੀ ਸੁਰੱਖਿਆ ਚਿੰਤਾ ਹੈ। ਚੀਨੀ ਰੈਗੂਲੇਟਰਾਂ ਮੁਤਾਬਕ ਕਿਸੇ ਗੰਭੀਰ ਹਾਦਸੇ ਦੀ ਸਥਿਤੀ 'ਚ ਇਹ ਹੈਂਡਲ ਠੀਕ ਤਰ੍ਹਾਂ ਕੰਮ ਨਾ ਕਰਨ ਕਾਰਨ ਕਾਰ ਅੰਦਰ ਬੈਠੇ ਲੋਕਾਂ ਦੇ ਬਾਹਰ ਨਿਕਲਣ ਵਿੱਚ ਮੁਸ਼ਕਲ ਖੜ੍ਹੀ ਹੋ ਸਕਦੀ ਹੈ।
ਇਕੱਲੀ ਟੈਸਲਾ ਦੀਆਂ ਹੀ ਲਗਭਗ 29.8 ਲੱਖ (ਕਰੀਬ 30 ਲੱਖ) ਕਾਰਾਂ ਇਸ ਰਿਕਾਲ 'ਚ ਸ਼ਾਮਲ ਹਨ। ਚੀਨ ਦੇ ਬਾਜ਼ਾਰ ਰੈਗੂਲੇਟਰ ਮੁਤਾਬਕ, ਇਨ੍ਹਾਂ 'ਚ ਚੀਨ 'ਚ ਬਣੀਆਂ ਤੇ ਦੂਜੇ ਦੇਸ਼ਾਂ ਤੋਂ ਮੰਗਵਾਈਆਂ ਗਈਆਂ ਦੋਵੇਂ ਤਰ੍ਹਾਂ ਦੀਆਂ ਗੱਡੀਆਂ ਸ਼ਾਮਲ ਹਨ। ਪ੍ਰਭਾਵਿਤ ਮਾਡਲਾਂ ਵਿੱਚ ਟੈਸਲਾ ਦੇ Model 3, Model Y, Model X ਅਤੇ Model S ਵਰਗੇ ਵਾਹਨ ਦੱਸੇ ਗਏ ਹਨ।
ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਗੰਭੀਰ ਹਾਦਸੇ ਦੌਰਾਨ ਕਾਰ ਦੀ ਬਿਜਲੀ ਪ੍ਰਣਾਲੀ ਖ਼ਰਾਬ ਹੋ ਜਾਂਦੀ ਹੈ, ਤਾਂ ਦਰਵਾਜ਼ੇ ਦਾ ਇਲੈਕਟ੍ਰਾਨਿਕ ਸਿਸਟਮ ਵੀ ਪ੍ਰਭਾਵਿਤ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਅੰਦਰ ਬੈਠੇ ਲੋਕ ਖ਼ੁਦ ਦਰਵਾਜ਼ਾ ਖੋਲ੍ਹ ਕੇ ਬਾਹਰ ਨਹੀਂ ਆ ਸਕਣਗੇ ਅਤੇ ਬਾਹਰੋਂ ਮਦਦ ਲਈ ਪਹੁੰਚਣ ਵਾਲੇ ਬਚਾਅ ਕਰਮਚਾਰੀਆਂ ਲਈ ਵੀ ਦਰਵਾਜ਼ਾ ਖੋਲ੍ਹਣਾ ਬੇਹੱਦ ਮੁਸ਼ਕਲ ਹੋ ਜਾਵੇਗਾ। ਟੈਸਲਾ ਇਨ੍ਹਾਂ ਕਾਰਾਂ 'ਚ ਸਾਫਟਵੇਅਰ ਅਪਡੇਟ ਜ਼ਰੀਏ ਇਸ ਜੋਖਮ ਨੂੰ ਘੱਟ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਸੁਰੱਖਿਆ ਚਿੰਤਾ ਸਿਰਫ਼ ਟੈਸਲਾ ਤੱਕ ਹੀ ਸੀਮਤ ਨਹੀਂ ਹੈ। ਚੀਨ ਦੀ ਮਸ਼ਹੂਰ ਟੈਕਨਾਲੋਜੀ ਕੰਪਨੀ ਸ਼ਾਓਮੀ ਆਪਣੀਆਂ 3.9 ਲੱਖ ਤੋਂ ਵੱਧ ਕਾਰਾਂ ਤੇ ਲੀਪਮੋਟਰ ਆਪਣੀਆਂ 3.7 ਲੱਖ ਤੋਂ ਵੱਧ ਗੱਡੀਆਂ ਵਾਪਸ ਮੰਗਵਾ ਰਹੀ ਹੈ। ਇਸ ਤੋਂ ਇਲਾਵਾ ਜੀਲੀ ਅਤੇ ਐਕਸਪੈਂਗ ਵਰਗੀਆਂ ਹੋਰ ਕੰਪਨੀਆਂ ਦੀਆਂ ਗੱਡੀਆਂ 'ਚ ਵੀ ਇਹੋ ਜਿਹੀਆਂ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਹਨ।
ਛਿਪੇ ਹੋਏ ਦਰਵਾਜ਼ਿਆਂ ਦੇ ਹੈਂਡਲ ਨੂੰ ਲੈ ਕੇ ਚੀਨ ਹੁਣ ਕਾਫ਼ੀ ਸਖ਼ਤ ਨਿਯਮ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਅਗਲੇ ਸਾਲ ਤੋਂ ਚੀਨ 'ਚ ਅਜਿਹੇ ਡਿਜ਼ਾਈਨਾਂ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਯੋਜਨਾ ਹੈ। ਇਸ ਦਾ ਕਾਰਨ ਪਹਿਲਾਂ ਵਾਪਰੇ ਕੁਝ ਹਾਦਸੇ ਹਨ, ਜਿੱਥੇ ਇਲੈਕਟ੍ਰਾਨਿਕ ਦਰਵਾਜ਼ਿਆਂ ਦੇ ਕੰਮ ਨਾ ਕਰਨ ਕਰ ਕੇ ਲੋਕ ਗੱਡੀਆਂ ਦੇ ਅੰਦਰ ਹੀ ਫਸ ਗਏ ਸਨ। ਇਸ ਸਾਲ ਦਾ ਇਹ ਚੀਨ 'ਚ ਵਾਹਨਾਂ ਦਾ ਸਭ ਤੋਂ ਵੱਡਾ ਰਿਕਾਲ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Shubam Kumar

Content Editor

Related News