ਕਿਸਾਨੀ ਵਿਰੋਧ ਨਾ ਕਰਵਾਉਂਦੇ ਤਾਂ ਰਾਜਾ ਵੜਿੰਗ ਮੇਰੇ ਤੋਂ ਨਹੀਂ ਸੀ ਜਿੱਤ ਸਕਦਾ : ਬਿੱਟੂ

Wednesday, Nov 13, 2024 - 04:26 PM (IST)

ਗਿੱਦੜਬਹਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੜ ਤੋਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਲੋਕਾਂ ਨੇ ਆਪਣੇ ਕਰਜ਼ੇ ਮੁਆਫ ਕਰਵਾਉਣੇ ਹਨ ਅਤੇ ਨੌਕਰੀਆਂ ਲੈਣੀਆਂ ਹਨ ਤਾਂ ਮੋਦੀ ਸਰਕਾਰ ਦੇ ਹੱਥ ਮਜ਼ਬੂਤ ਕੀਤੇ ਜਾਣ ਅਤੇ ਇੱਥੋਂ ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾਇਆ ਜਾਵੇ। ਉਹ ਗਿੱਦੜਬਾਹਾ ਵਿਖੇ ਇਕ ਸਭਾ ਨੂੰ ਸੰਬੋਧਨ ਕਰ ਰਹੇ ਸਨ। ਰਵਨੀਤ ਬਿੱਟੂ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਮਨਮਰਜ਼ੀਆਂ ਕਰਦੇ ਆ ਰਹੇ ਹਨ। ਜਿਨ੍ਹਾਂ ਤੋਂ ਗਰੀਬ ਵਰਗ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਗਰੀਬਾਂ ਦਾ ਮਸੀਹਾ ਹੋਣ ਦਾ ਡਰਾਮਾ ਕਰਦੇ ਹਨ। ਉਹ ਸਿਰਫ ਕੁਰਸੀ ਹਾਸਲ ਕਰਨ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਰਿਵਾਰਵਾਦ ਨੂੰ ਵਾਧਾ ਦੇ ਰਹੀ ਹੈ।  ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਮੈਂਬਰ ਪਾਰਲੀਮੈਂਟ ਬਣ ਕੇ ਅਤੇ ਹੁਣ ਆਪਣੀ ਪਤਨੀ ਨੂੰ ਐੱਮ.ਐੱਲ.ਏ ਬਣਾਉਣਾ ਚਾਹੁੰਦੇ ਹਨ ਜਦੋਂ ਕਿ ਪਾਰਟੀ ਵਿਚ ਕੰਮ ਕਰਦੇ ਆਮ ਵਰਕਰਾਂ ਦੀ ਇਨ੍ਹਾਂ ਨੂੰ ਕੋਈ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀਆਂ ਮੈਂਬਰ ਪਾਰਲੀਮੈਂਟ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਤਿਆਰ ਕੀਤੇ ਗਏ ਕਿਸਾਨੀ ਭੇਸ ਵਾਲੇ ਆਦਮੀਆਂ ਨੇ ਉਨ੍ਹਾਂ ਨੂੰ ਪਿੰਡਾਂ ਵਿਚ ਪ੍ਰਚਾਰ ਹੀ ਨਹੀਂ ਕਰਨ ਦਿੱਤਾ। ਇਸ ਕਰਕੇ ਉਹ ਚੋਣ ਹਾਰ ਗਏ। 

ਰਵਨੀਤ ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਵਿੱਚ ਇਨੀ ਹਿੰਮਤ ਨਹੀਂ ਸੀ ਕਿ ਉਹ ਮੈਨੂੰ ਹਰਾ ਸਕਦਾ। ਇਹ ਤਾਂ ਉਨ੍ਹਾਂ ਨੇ ਤਿਆਰ ਕੀਤੇ ਹੋਏ ਬੰਦਿਆਂ ਵੱਲੋਂ ਸਾਡੀ ਚੋਣ ਕੰਪੇਨ ਵਿਚ ਰੋਕਾਂ ਪਾ ਕੇ ਸਾਨੂੰ ਪਿੰਡਾਂ ਵਿਚ ਪ੍ਰਚਾਰ ਕਰਨ ਨਹੀਂ ਦਿੱਤਾ ਗਿਆ। ਇਸ ਕਰਕੇ ਅਸੀਂ ਪੱਛੜ ਗਏ। ਉਨ੍ਹਾਂ ਕਿਹਾ ਕਿ ਕਿਸਾਨੀ ਭੇਸ ਵਿਚ ਤਿਆਰ ਕੀਤੇ ਹੋਏ ਆਦਮੀ ਹੁਣ ਗਿੱਦੜਬਾਹਾ ਵਿਖੇ ਰਾਜਾ ਵੜਿੰਗ ਨੇ ਛੱਡੇ ਹੋਏ ਹਨ ਜੋ ਮਨਪ੍ਰੀਤ ਬਾਦਲ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਗਿੱਦੜਬਾਹਾ ਫੇਰੀ ਦੌਰਾਨ ਮਨਪ੍ਰੀਤ ਬਾਦਲ ਦੇ ਵਿੱਤ ਮੰਤਰੀ ਹੁੰਦੇ ਸਮੇਂ ਉਨ੍ਹਾਂ ਤੇ ਖਜ਼ਾਨਾ ਖਾਲ੍ਹੀ ਹੋਣ ਦੀ ਗੱਲ ਕਹਿਣ ਵਾਲੇ ਨੇਤਾ ਦੇ ਦੋਸ਼ ਲਾਉਂਦੇ ਰਹੇ ਜਦੋਂਕਿ ਮਨਪ੍ਰੀਤ ਬਾਦਲ ਨੇ ਵਿੱਤ ਮੰਤਰੀ ਹੁੰਦਿਆਂ ਕਦੇ ਵੀ ਪੰਜਾਬ ਨਾਲ ਵਿਤਕਰਾ ਨਹੀਂ ਕੀਤਾ ਅਤੇ ਪੰਜਾਬ ਨੂੰ ਹਮੇਸ਼ਾ ਆਰਥਿਕ ਪੱਖੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਕਿਸਾਨ ਮੌਰਚਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕੁਲਦੀਪ ਸਿੰਘ , ਦਰਸ਼ੀ ਸਿੰਘ, ਕਾਕਾ ਅਮਰਿੰਦਰ ਸਿੰਘ ਦਾਤੇਵਾਸ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।


Gurminder Singh

Content Editor

Related News