ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਮਘਿਆ ਅਖਾੜਾ
Wednesday, Mar 10, 2021 - 03:43 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀ ਆ ਰਹੀ ਚੁੱਪ ਆਖਰ ਟੁੱਟ ਗਈ ਹੈ। ਇਹ ਚੁੱਪ ਤੋੜੀ ਹੈ ਕਾਂਗਰਸੀ ਆਗੂ ਹਨੀ ਫੱਤਣਵਾਲਾ ਨੇ, ਕਾਂਗਰਸ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਹਨੀ ਫੱਤਣਵਾਲਾ ਨੇ ਇਸ ਮਾਮਲੇ ’ਚ ਅੱਜ ਪ੍ਰੈੱਸ ਕਾਨਫਰੰਸ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਸਬੰਧੀ ਭਾਵੇ ਅਜੇ ਨੋਟੀਫਿਕੇਸ਼ਨ ਬਾਕੀ ਨਗਰ ਕੌਂਸਲਰਾਂ ਦਾ ਨਾਲ ਹੀ ਹੋਣਾ ਹੈ ਪਰ ਹੁਣ ਕਾਂਗਰਸੀ ਆਗੂ ਇਸ ਮਾਮਲੇ ’ਚ ਬਹੁਤਾ ਚੁੱਪ ਰਹਿੰਦੇ ਨਜ਼ਰ ਨਹੀਂ ਆ ਰਹੇ। ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਅੱਜ ਕੁਝ ਐੱਸ.ਸੀ, ਬੀ.ਸੀ. ਕੌਸਲਰਾਂ ਦੀ ਹਾਜ਼ਰੀ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦਾ ਪ੍ਰਧਾਨ ਐਸ.ਸੀ. ਜਾਂ ਬੀ.ਸੀ. ਕੌਂਸਲਰ ਨੂੰ ਹੀ ਬਣਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ
ਹਨੀ ਫੱਤਣਵਾਲਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੂੰ 17 ਸੀਟਾਂ ਤੇ ਜਿੱਤ ਨਸੀਬ ਹੋਈ। ਜੇਕਰ ਪ੍ਰਧਾਨਗੀ ਜਨਰਲ ਵਰਗ ਨੂੰ ਦਿੱਤੀ ਜਾਂਦੀ ਹੈ ਤਾਂ ਬਹੁਤ ਸਾਰੇ ਦਿਗਜ ਦਾਅਵੇਦਾਰ ਹਨ ਅਜਿਹੇ ਵਿਚ ਹਰ ਛੇ ਮਹੀਨਿਆਂ ਬਾਅਦ ਨਗਰ ਕੌਂਸਲ ਦਾ ਪ੍ਰਧਾਨ ਬਦਲਣ ਤਕ ਦੀ ਨੌਬਤ ਆ ਸਕਦੀ ਜੋਂ ਬੀਤੇ ਸਮੇਂ ਦੌਰਾਨ ਕਾਂਗਰਸ ਨਾਲ ਹੋਇਆ ਵੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਕਾਂਗਰਸ ਦੇ ਟਕਸਾਲੀ ਐਸ.ਸੀ. ਉਮੀਦਵਾਰ ਵੀ ਹਾਰ ਗਏ ਜਿਸਦਾ ਵੱਡਾ ਕਾਰਨ ਇਹ ਹੈ ਕਿ ਹਲਕੇ ਵਿਚ ਐਸ.ਸੀ. ਬੀ.ਸੀ. ਵੋਟ ਕਾਂਗਰਸ ਤੋਂ ਦੂਰ ਹੋ ਰਹੀ ਕਿਉਂਕਿ ਉਨ੍ਹਾਂ ਨੂੰ ਪਾਰਟੀ ’ਚ ਬਣਦਾ ਹਕ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ: ਸੈਰ ਕਰਨ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦਿੱਤੀ ਦਰਦਨਾਕ ਮੌਤ
ਅਜਿਹੇ ਵਿਚ ਇਸ ਵਾਰ ਨਗਰ ਕੌਂਸਲ ਦਾ ਪ੍ਰਧਾਨ ਐੱਸ.ਸੀ. ਜਾਂ ਬੀ.ਸੀ. ਵਰਗ ਨਾਲ ਸਬੰਧਿਤ ਕੌਂਸਲਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਖਦਸ਼ਾ ਜਾਹਰ ਕੀਤਾ ਕਿ ਜਿਸ ਤਰ੍ਹਾਂ ਪ੍ਰਧਾਨਗੀ ਨੂੰ ਲੈ ਕੇ ਜਨਰਲ ਵਰਗ ਵਿਚ ਅੰਦਰੂਨੀ ਖਿਚੋਤਾਣ ਚਲ ਰਹੀ ਅਜਿਹੇ ਵਿਚ ਨਗਰ ਕੌਂਸਲ ਦੀ ਮੁੱਖ ਵਿਰੋਧੀ ਧਿਰ ਸ੍ਰੋਮਣੀ ਅਕਾਲੀ ਦਲ ਲਾਹਾ ਖੱਟਣ ਦੀ ਤਾਕ ਵਿਚ ਹੈ। ਇਸ ਮੌਕੇ ਕੌਂਸਲਰ ਮਹਿੰਦਰ ਚੌਧਰੀ, ਕੰਚਨ ਬਾਲਾ, ਇੰਦਰਜੀਤ ਸਿੰਘ ਗੋਰਾ,ਰਵੀ ਮੋਰਿਆ, ਹਰਬੰਸ ਸਿੰਘ ਸਿੱਧੂ, ਮਦਨ ਸਿੰਘ, ਸੁਭਾਸ਼ ਲੋਕਾਚਾਰ, ਚੰਦਗੀ ਰਾਮ, ਕ੍ਰਿਸ਼ਨ ਔਲਖ, ਬੌਬੀ ਕਾਲੜਾ, ਸ਼ਗਨ ਲਾਲ, ਵਿਸ਼ਾਲਦੀਪ, ਗੋਗਾ ਚੌਧਰੀ, ਸਾਜਨ ਸਹੌਤਾ, ਅਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।