ਭਾਕਿਯੂ ਵੱਲੋਂ 1 ਜਨਵਰੀ ਤੋਂ ਜ਼ਿਲਾ ਪੱਧਰੀ ਬੈਂਕਾਂ ਅੱਗੇ ਦਿਨ-ਰਾਤ ਧਰਨੇ ਦੇਣ ਦਾ ਫੈਸਲਾ
Tuesday, Dec 25, 2018 - 11:19 AM (IST)
ਫਰੀਦਕੋਟ (ਲਖਵੀਰ, ਪਵਨ)- ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ਗਰੁੱਪ) ਦੀ ਮੀਟਿੰਗ ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਅਗਵਾਈ ਹੇਠ ਕਸਬੇ ਦੇ ਗੁਰਦੁਆਰਾ ਫਤਿਹਗਡ਼੍ਹ ਸਾਹਿਬ ਵਿਖੇ ਹੋਈ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸਾਲ-2019 ਦੀ ਸ਼ੁਰੂਆਤ ਵਿਚ ਕਰਜ਼ਾੲੀ ਕਿਸਾਨਾਂ ਲਈ ਗਲਫਾਹਾ ਬਣੇ ਚੈੱਕ ਬੈਂਕਾਂ, ਸੂਦਖੋਰਾਂ ਆਡ਼੍ਹਤੀਆਂ ਤੋਂ ਵਾਪਸ ਲੈਣ ਲਈ 1 ਜਨਵਰੀ ਤੋਂ 5 ਜਨਵਰੀ ਤੱਕ ਜ਼ਿਲਾ ਪੱਧਰੀ ਬੈਂਕਾਂ ਅੱਗੇ ਦਿਨ-ਰਾਤ ਦੇ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਂਕ ਅਤੇ ਆਡ਼੍ਹਤੀਏ ਲੋਨ ਜਾਂ ਕਰਜ਼ਾ ਦੇਣ ਸਮੇਂ ਗਰੀਬ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਤੌਰ ਹੀ ਖਾਲੀ ਕਾਗਜ਼ਾਤ ਅਤੇ ਚੈੱਕਾਂ ’ਤੇ ਉਨ੍ਹਾਂ ਦੇ ਦਸਤਖਤ ਲੈ ਕੇ ਰੱਖ ਲੈਂਦੇ ਹਨ, ਜੋ ਬਾਅਦ ਵਿਚ ਕਿਸਾਨਾਂ ਲਈ ਮੌਤ ਦਾ ਫੰਦਾ ਬਣਦੇ ਹਨ। ਕਿਸਾਨ ਆਗੂ ਗੁਰਭਗਤ ਸਿੰਘ ਨੇ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਹਰ ਵੇਲੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀਆਂ ਝੂਠੀਆਂ ਸਹੁੰਆਂ ਖਾਣ ਵਾਲੀ ਕੈਪਟਨ ਸਰਕਾਰ ਕਿਸਾਨਾਂ ਨੂੰ ਜੇਲਾਂ ਵਿਚ ਬੰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਕਿਸਾਨਾਂ ਅਤੇ ਗਰੀਬ ਲੋਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਗੁਰਾਂਦਿੱਤਾ ਸਿੰਘ ਭਾਗਸਰ, ਹਰਬੰਸ ਸਿੰਘ ਕੋਟਲੀ, ਭੁਪਿੰਦਰ ਸਿੰਘ, ਗੁਰਪਾਸ਼ ਸਿੰਘ, ਮਲਕੀਤ ਸਿੰਘ ਗੱਗਡ਼, ਮੇਜਰ ਸਿੰਘ, ਰਾਜਾ ਸਿੰਘ ਮਹਾਂਬੱਧਰ ਆਦਿ ਹਾਜ਼ਰ ਸਨ। ਇਹ ਹਨ ਮੰਗਾਂ 1) ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। 2) ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਦਿਨ ਵੇਲੇ 8 ਘੰਟੇ ਯਕੀਨੀ ਬਣਾਈ ਜਾਵੇ। 3) 5 ਏਕਡ਼ ਤੱਕ ਦੇ ਕਿਸਾਨਾਂ ਦੇ 2 ਲੱਖ ਤੱਕ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ। 4) ਜੀ. ਐੱਸ. ਟੀ. ਖਤਮ ਕੀਤਾ ਜਾਵੇ। 5) ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਯੋਗ ਹੱਲ ਕੀਤਾ ਜਾਵੇ। 6) ਪਰਾਲੀ ਸਾਡ਼ਨ ਵਾਲੇ ਕਿਸਾਨਾਂ ’ਤੇ ਕੀਤੇ ਪਰਚੇ ਰੱਦ ਕੀਤੇ ਜਾਣ।
