ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ ''ਚ ਪਸਰਿਆ ਸੋਗ
Sunday, Aug 23, 2026 - 06:12 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਆਸ਼ਾ ਸਿੰਘ ਜੈਸਵਾਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸ਼ਨੀਵਾਰ 22 ਅਗਸਤ ਦੀ ਸ਼ਾਮ 7:30 ਵਜੇ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਪੁੱਤਰ ਆਕਾਸ਼ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਅਗਲੇ ਹੀ ਦਿਨ 23 ਅਗਸਤ ਨੂੰ ਸਵੇਰੇ 10 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਆਸ਼ਾ ਸਿੰਘ ਨੇ ਬੀ.ਆਰ. ਚੋਪੜਾ ਦੇ ਪ੍ਰਸਿੱਧ ਸੀਰੀਅਲ 'ਮਹਾਭਾਰਤ' ਵਿੱਚ 'ਕ੍ਰਿਪੀ' ਦਾ ਕਿਰਦਾਰ ਨਿਭਾਇਆ ਸੀ। ਇਹ ਕਿਰਦਾਰ ਗੁਰੂ ਕ੍ਰਿਪਾਚਾਰੀਆ ਦੀ ਭੈਣ, ਗੁਰੂ ਦ੍ਰੋਣਾਚਾਰੀਆ ਦੀ ਪਤਨੀ ਤੇ ਮਹਾਨ ਯੋਧਾ ਅਸ਼ਵਥਾਮਾ ਦੀ ਮਾਂ ਦਾ ਸੀ। ਸਾਲ 1970 ਤੋਂ ਫ਼ਿਲਮ ਉਦਯੋਗ ਵਿੱਚ ਕੰਮ ਕਰ ਰਹੀ ਆਸ਼ਾ ਸਿੰਘ ਟੀਵੀ ਜਗਤ ਦਾ ਇੱਕ ਬਹੁਤ ਹੀ ਮਸ਼ਹੂਰ ਅਤੇ ਜਾਣਿਆ-ਪਛਾਣਿਆ ਚਿਹਰਾ ਸਨ।
ਉਹ ਇੱਕ ਬਿਹਤਰੀਨ ਚਰਿੱਤਰ ਅਦਾਕਾਰਾ ਤੇ ਸਮਾਜ ਸੇਵਿਕਾ ਹੋਣ ਦੇ ਨਾਲ-ਨਾਲ ਭਾਰਤ ਦੀ ਪਹਿਲੀ ਮਹਿਲਾ ਮਿਮਿਕਰੀ ਆਰਟਿਸਟ ਵੀ ਸਨ, ਜੋ ਪ੍ਰਸਿੱਧ ਅਦਾਕਾਰਾ ਮੀਨਾ ਕੁਮਾਰੀ ਦੀ ਆਵਾਜ਼ ਦੀ ਨਕਲ ਕਰਦੇ ਸਨ। ਇਸ ਤੋਂ ਇਲਾਵਾ, ਉਹ ਭਾਰਤ ਦੀ ਪਹਿਲੀ ਅੰਤਰਰਾਸ਼ਟਰੀ ਐਂਟਰਟੇਨਮੈਂਟ ਮੈਨੇਜਮੈਂਟ ਕੰਪਨੀ 'ਆਸ਼ਾ ਇਵੈਂਟਸ ਐਂਡ ਫਿਲਮਜ਼' ਦੇ ਸੰਸਥਾਪਕ, ਮਾਲਕ ਅਤੇ ਸੰਚਾਲਕ ਵੀ ਸਨ। ਉਨ੍ਹਾਂ ਦੇ ਪੁੱਤਰ ਆਕਾਸ਼ ਸਿੰਘ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਲਿਖਿਆ ਕਿ ਉਹ ਇੱਕ ਬਹੁਤ ਹੀ ਮਿਹਨਤੀ ਅਤੇ ਮਜ਼ਬੂਤ ਇਰਾਦਿਆਂ ਵਾਲੀ ਮਹਿਲਾ ਸਨ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਅਦਾਕਾਰਾ ਦੀ ਆਤਮਾ ਦੀ ਸ਼ਾਂਤੀ ਅਤੇ ਸਦਗਤੀ ਲਈ ਪ੍ਰਾਰਥਨਾ ਕਰਨ ਅਤੇ ਉਹਨਾਂ ਦੇ ਕੰਮ ਨੂੰ ਹਮੇਸ਼ਾ ਯਾਦ ਰੱਖਣ, ਕਿਉਂਕਿ ਉਨ੍ਹਾਂ ਦੀ ਪੂਰੀ ਜ਼ਿੰਦਗੀ ਵਿੱਚ ਉਨ੍ਹਾਂ ਦਾ ਕੰਮ ਹੀ ਸਭ ਤੋਂ ਮਹੱਤਵਪੂਰਨ ਸੀ। ਪੁੱਤਰ ਅਨੁਸਾਰ ਉਨ੍ਹਾਂ ਦਾ ਆਖਰੀ ਸੰਦੇਸ਼ ਸੀ ਕਿ 'ਮੌਤ ਦਾ ਕੋਈ ਦੁੱਖ ਨਹੀਂ ਹੋਣਾ ਚਾਹੀਦਾ, ਸਗੋਂ ਇਹ ਬ੍ਰਹਮਾਨੰਦ ਵੱਲ ਇੱਕ ਯਾਤਰਾ ਹੈ'। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪੂਰੀ ਇੰਡਸਟਰੀ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।
