ਟਾਈਗਰ ਸ਼ਰਾਫ ਗੋਲੀਬਾਰੀ ਮਾਮਲਾ; ਹਰਿਆਣਾ ਤੋਂ ਗ੍ਰਿਫਤਾਰ 3 ਮੁਲਜ਼ਮ 28 ਤੱਕ ਪੁਲਸ ਹਿਰਾਸਤ ’ਚ
Saturday, Oct 24, 2026 - 09:11 AM (IST)
ਮੁੰਬਈ (ਏਜੰਸੀ)- ਅਦਾਕਾਰ ਟਾਈਗਰ ਸ਼ਰਾਫ ’ਤੇ ਗੋਲੀਬਾਰੀ ਦੇ ਮਾਮਲੇ ’ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਹਰਿਆਣਾ ਤੋਂ ਗ੍ਰਿਫਤਾਰ 3 ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਇੱਥੋਂ ਦੀ ਇਕ ਅਦਾਲਤ ਨੇ 28 ਅਕਤੂਬਰ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ। ਅੰਕਿਤ ਖੱਟਰ, ਸਮੀਰ ਖੱਤਰੀ ਅਤੇ ਜਤਿਨ ਪੰਚਾਲ ਨੂੰ 21 ਅਕਤੂਬਰ ਨੂੰ ਹਰਿਆਣਾ ਦੇ ਸੋਨੀਪਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ’ਤੇ 18 ਅਕਤੂਬਰ ਨੂੰ ਮੁੰਬਈ ਦੇ ਜੁਹੂ ਇਲਾਕੇ ’ਚ ਅਦਾਕਾਰ ਟਾਈਗਰ ਸ਼ਰਾਫ ’ਤੇ ਹੋਈ ਗੋਲੀਬਾਰੀ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਹਮਲੇ ’ਚ ਅਦਾਕਾਰ ਵਾਲ-ਵਾਲ ਬਚ ਗਏ ਸਨ, ਜਦਕਿ 2 ਹੋਰ ਲੋਕ ਜ਼ਖਮੀ ਹੋ ਗਏ ਸਨ।
ਖੱਟਰ, ਖੱਤਰੀ ਅਤੇ ਪੰਚਾਲ ਨੂੰ ਟਰਾਂਜ਼ਿਟ ਰਿਮਾਂਡ ’ਤੇ ਮੁੰਬਈ ਲਿਆਂਦਾ ਗਿਆ ਅਤੇ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਡੀ. ਐੱਸ. ਖੇਡਕਰ ਅੱਗੇ ਪੇਸ਼ ਕੀਤਾ ਗਿਆ। ਪੁਲਸ ਅਨੁਸਾਰ, ਤਿੰਨੋਂ ਸਾਜ਼ਿਸ਼ ਦੇ ਵੱਖ-ਵੱਖ ਪਹਿਲੂਆਂ ’ਚ ਸ਼ਾਮਲ ਸਨ, ਜਿਨ੍ਹਾਂ ’ਚ ਸਾਜ਼ੋ-ਸਾਮਾਨ ਦਾ ਪ੍ਰਬੰਧ ਕਰਨਾ, ਧਨ ਦਾ ਲੈਣ-ਦੇਣ ਅਤੇ ਹਥਿਆਰਾਂ ਦੀ ਖਰੀਦ ਸ਼ਾਮਲ ਹੈ। ਅੰਕਿਤ ਖੱਟਰ ਨੇ ਘਟਨਾ ਸਥਾਨ ਦੀ ਰੇਕੀ ਕੀਤੀ ਸੀ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਸਹਿ-ਮੁਲਜ਼ਮਾਂ ਨੂੰ ਦਿੱਤੀ ਸੀ, ਜਿਨ੍ਹਾਂ ਨੇ ਗੋਲੀਬਾਰੀ ਕੀਤੀ ਸੀ।
