‘ਸਰਜ਼ਮੀਨ’ ਦੀ ਕਹਾਣੀ ਮਨੁੱਖੀ ਭਾਵਨਾਵਾਂ ਦੇ ਇਰਦ-ਗਿਰਦ ਘੁੰਮਦੀ ਹੈ, ਕਸ਼ਮੀਰ ਇਸ ਦਾ ਬੈਕਡ੍ਰਾਪ: ਕਾਯੋਜ਼

Friday, Jul 25, 2025 - 12:56 PM (IST)

‘ਸਰਜ਼ਮੀਨ’ ਦੀ ਕਹਾਣੀ ਮਨੁੱਖੀ ਭਾਵਨਾਵਾਂ ਦੇ ਇਰਦ-ਗਿਰਦ ਘੁੰਮਦੀ ਹੈ, ਕਸ਼ਮੀਰ ਇਸ ਦਾ ਬੈਕਡ੍ਰਾਪ: ਕਾਯੋਜ਼

ਮੁੰਬਈ- ਕਾਯੋਜ਼ ਇਰਾਨੀ ਵੱਲੋਂ ਨਿਰਦੇਸ਼ਤ ਫਿਲਮ ‘ਸਰਜ਼ਮੀਨ’ ਅੱਜ ਓ.ਟੀ.ਟੀ. ਪਲੇਟਫਾਰਮ ਜੀਓ ਹੌਟਸਟਾਰ ’ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਰਾਹੀਂ ਕਾਯੋਜ਼ ਨਿਰਦੇਸ਼ਨ ’ਚ ਆਪਣਾ ਡੈਬਿਊ ਵੀ ਕਰਨ ਜਾ ਰਹੇ ਹਨ। ਫਿਲਮ ’ਚ ਇਬਰਾਹਿਮ ਅਲੀ ਖ਼ਾਨ, ਕਾਜੋਲ ਅਤੇ ਪ੍ਰਿਥਵੀਰਾਜ ਸੁਕੁਮਾਰਨ ਮੁੱਖ ਕਿਰਦਾਰਾਂ ਵਿਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਦੇਸ਼ ਭਗਤੀ ਨਾਲ ਜੁੜੀ ਹੈ ਅਤੇ ਇਸ ਨੂੰ ਧਰਮਾ ਪ੍ਰੋਡਕਸ਼ਨ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਬਾਰੇ ਡਾਇਰੈਕਟਰ ਕਾਯੋਜ਼ ਇਰਾਨੀ ਤੇ ਅਦਾਕਾਰ ਪ੍ਰਿਥਵੀਰਾਜ ਸੁਕੁਮਾਰਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਇਹ ਸਾਡੀ 3 ਸਾਲ ਦੀ ਮਿਹਨਤ ਹੈ, ਜੋ ਹੁਣ ਤਿਆਰ ਹੈ : ਕਾਯੋਜ਼

ਪ੍ਰ. ‘ਸਰਜ਼ਮੀਨ’ ਵਰਗੀ ਫਿਲਮ ਪਹਿਲਾਂ ਵੀ ਬਣੀ ਹੈ ਤਾਂ ਇਹ ਕਿਵੇਂ ਅਲੱਗ ਹੈ?

ਫਿਲਮ ਵਿਚ ਹਾਲਾਂਕਿ ਦੇਸ਼ ਭਗਤੀ ਅਤੇ ਰਾਸ਼ਟਰ ਪ੍ਰੇਮ ਮੌਜੂਦ ਹੈ ਪਰ ਇਹ ਫਿਲਮ ਸਿਰਫ਼ ਇਕ ਦੇਸ਼ ਭਗਤੀ ਦੀ ਫਿਲਮ ਨਹੀਂ ਹੈ। ਇਹ ਅਸਲ ਵਿਚ ਇਕ ਇਮੋਸ਼ਨਲ ਥ੍ਰਿਲਰ ਹੈ, ਜਿਸ ਵਿਚ ਇਕ ਪਿਤਾ, ਇਕ ਪੁੱਤਰ ਅਤੇ ਮਾਂ ਵਿਚਲੇ ਸਬੰਧਾਂ ਨੂੰ ਦਿਖਾਇਆ ਗਿਆ ਹੈ। ਇਸ ਦੀ ਕਹਾਣੀ ਮਨੁੱਖੀ ਭਾਵਨਾਵਾਂ ਦੇ ਇਰਦ-ਗਿਰਦ ਘੁੰਮਦੀ ਹੈ। ਕਸ਼ਮੀਰ ਇਸ ਫਿਲਮ ਦਾ ਬੈਕਡ੍ਰਾਪ ਹੈ ਪਰ ਅਸਲੀ ਸੰਘਰਸ਼ ਪਰਿਵਾਰ ਦੇ ਅੰਦਰ ਦਾ ਹੈ। ਇਹੀ ਗੱਲ ਮੈਨੂੰ ਇਸ ਫਿਲਮ ਵੱਲ ਖਿੱਚ ਲਿਆਈ।

ਪ੍ਰ. ਕੀ ਇਸ ਨੂੰ ਪਾਲਿਟੀਕਲ ਥ੍ਰਿਲਰ ਕਹੋਗੇ?

ਨਹੀਂ, ਇਹ ਇਕ ਇਮੋਸ਼ਨਲ ਥ੍ਰਿਲਰ ਹੈ। ਮੈਂ ਚਾਹੁੰਦਾ ਹਾਂ ਕਿ ਜਦੋਂ ਦਰਸ਼ਕ ਫਿਲਮ ਤੋਂ ਬਾਹਰ ਨਿਕਲਣ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਹੋਣ। ਟ੍ਰੇਲਰ ਦੇਖ ਕੇ ਹੀ ਪਤਾ ਲੱਗ ਗਿਆ ਹੋਵੇਗਾ ਕਿ ਫਿਲਮ ਵਿਚ ਕਾਫੀ ਇਮੋਸ਼ਨਜ਼ ਹਨ।

ਪ੍ਰ. ਇਕ ਐਡੀਸ਼ਨਲ ਡਾਇਰੈਕਟਰ ਤੋਂ ਡਾਇਰੈਕਟਰ ਬਣਨ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ?

ਮੈਂ 18-19 ਸਾਲ ਦੀ ਉਮਰ ਵਿਚ ਬਤੌਰ ਐਡੀਸ਼ਨਲ ਡਾਇਰੈਕਟਰ ਕੰਮ ਸ਼ੁਰੂ ਕੀਤਾ ਸੀ ਅਤੇ ਇਹ ਇਕ ਲੰਬਾ ਸਫ਼ਰ ਰਿਹਾ ਹੈ। ਮੈਂ ਖ਼ੁਦ ਨੂੰ ਇਸ ਇੰਡਸਟਰੀ ਵਿਚ ਸਾਬਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਇਹ ਮੇਰੇ ਲਈ ਹੁਣ ਤੱਕ ਦਾ ਸਭ ਤੋਂ ਅੈਕਸਾਈਟਿੰਗ ਦੌਰ ਹੈ। ‘ਸਰਜ਼ਮੀਨ’ ’ਤੇ ਮੇਰਾ ਸਭ ਤੋਂ ਖ਼ਰਾਬ ਦਿਨ ਵੀ ਕਿਸੇ ਹੋਰ ਫਿਲਮ ਦੇ ਚੰਗੇ ਦਿਨਾਂ ਤੋਂ ਬਿਹਤਰ ਸੀ। ਇਹ ਸਾਡੀ ਤਕਰੀਬਨ 3 ਸਾਲ ਦੀ ਮਿਹਨਤ ਹੈ, ਜੋ ਹੁਣ ਤਿਆਰ ਹੈ। ਕਰਨ ਜੌਹਰ ਨੇ ਇਕ ਵਾਰ ਕਿਹਾ ਸੀ ਕਿ ਹੁਣ ਇਹ ਫਿਲਮ ਤੁਹਾਡੀ ਨਹੀਂ, ਦਰਸ਼ਕਾਂ ਦੀ ਹੈ। ਇਹ ਗੱਲ ਹਮੇਸ਼ਾ ਯਾਦ ਰਹੇਗੀ।

ਪ੍ਰ. ਬਤੌਰ ਪ੍ਰੋਡਿਊਸਰ ਕਰਨ ਜੌਹਰ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ ਹੈ?

ਕਰਨ ਸਰ ਇਕ ਡਾਇਰੈਕਟਰ ਪ੍ਰੋਡਿਊਸਰ ਹਨ। ਉਹ ਆਪਣੀ ਰਾਏ ਜ਼ਰੂਰ ਦਿੰਦੇ ਹਨ ਪਰ ਕਦੇ ਉਸ ’ਤੇ ਜ਼ੋਰ ਨਹੀਂ ਪਾਉਂਦੇ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਜੇ ਤੁਸੀਂ ਗੜਬੜ ਵੀ ਕਰੋਗੇ ਤਾਂ ਮੈਂ ਨਾਲ ਖੜ੍ਹਾ ਰਹਾਂਗਾ ਤੇ ਜੇ ਸਫ਼ਲ ਹੋਏ ਤਾਂ ਤੁਹਾਡੇ ਨਾਲ ਸੈਲੀਬ੍ਰੇਟ ਕਰਾਂਗਾ। ਇਹੀ ਸਭ ਤੋਂ ਵੱਡੀ ਗੱਲ ਸੀ। ਮੈਂ ਬਹੁਤ ਖ਼ੁਸ਼ ਹਾਂ ਧਰਮਾ ਪ੍ਰੋਡਕਸ਼ਨ ਨਾਲ ਕੰਮ ਕਰ ਕੇ ਤੇ ਮੈਂ ਉਨ੍ਹਾਂ ਨਾਲ ਬਹੁਤ ਪ੍ਰੋਟੈਕਟੇਡ ਫੀਲ ਕਰਦਾ ਹਾਂ।

ਪ੍ਰ. ਫਿਲਮ ਦੀ ਕਾਸਟਿੰਗ ਕਿਵੇਂ ਹੋਈ ਸੀ?

ਕਰਨ ਸਰ ਨੇ ਮੈਨੂੰ ਦੱਸਿਆ ਕਿ ਸਾਨੂੰ ਸਭ ਤੋਂ ਪਹਿਲਾਂ ਪ੍ਰਿਥਵੀਰਾਜ ਸਰ ਕੋਲ ਜਾਣਾ ਚਾਹੀਦਾ ਹੈ। ਜਿਵੇਂ ਪ੍ਰਿਥਵੀ ਸਰ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਜਦੋਂ ਸਕ੍ਰਿਪਟ ਪੜ੍ਹੀ ਤਾਂ ਸ਼ਾਮ ਤੱਕ ਉਨ੍ਹਾਂ ਨੇ ਹਾਂ ਕਰ ਦਿੱਤੀ ਸੀ। ਮੈਨੂੰ ਏਨੀ ਜਲਦੀ ਵਿਸ਼ਵਾਸ ਨਹੀਂ ਹੋਇਆ ਕਿ ਉਹ ਸੱਚ ਸੀ। ਫਿਰ ਅਸੀਂ ਕਾਜੋਲ ਮੈਮ ਕੋਲ ਗਏ ਤੇ ਮੈਂ ਉਨ੍ਹਾਂ ਨੂੰ ਸਟੋਰੀ ਨਰੇਟ ਕੀਤੀ ਤੇ ਸਰ ਨੂੰ ਫੋਨ ਵੀ ਕੀਤਾ ਸੀ ਕਿ ਸ਼ਾਇਦ ਕਾਜੋਲ ਮੈਮ ਮਨਾ ਕਰ ਦੇਣ ਪਰ ਸ਼ਾਮ ਨੂੰ ਉਨ੍ਹਾਂ ਦਾ ਫੋਨ ਆਇਆ ਕਿ ਮੈਨੂੰ ਸਕ੍ਰਿਪਟ ਪਸੰਦ ਆਈ ਤੇ ਮੈਂ ਫਿਲਮ ਕਰਾਂਗੀ। ਇਬਰਾਹਿਮ ਦੀ ਕਾਸਟਿੰਗ ਲਈ ਇਕ ਦਮ ’ਚ ‘ਰੌਕੀ ਔਰ ਰਾਣੀ’ ਦੇ ਸੈੱਟ ’ਤੇ ਗਿਆ ਤਾਂ ਉੱਥੇ ਮੈਂ ਇਬਰਾਹਿਮ ਨੂੰ ਦੇਖਿਆ ਤੇ ਮੈਨੂੰ ਉਹ ਕੈਮਰੇ ’ਤੇ ਚੰਗੇ ਲੱਗ ਰਹੇ ਸੀ ਤਾਂ ਉਹ ਮੇਨ ਕਾਸਟਿੰਗ ਹੋਈ।

ਸ਼ੂਟਿੰਗ ਮਨਾਲੀ ਵਿਚ ਹੋਈ, ਕਸ਼ਮੀਰ ਵਿਚ ਕੁਝ ਬੈਕਗਰਾਊਂਡ ਸ਼ਾਟਸ ਲਏ

ਪ੍ਰ. ਕੀ ਫਿਲਮ ਦੀ ਸ਼ੂਟਿੰਗ ਸੱਚਮੁੱਚ ਕਸ਼ਮੀਰ ਵਿਚ ਹੋਈ ਹੈ?

ਨਹੀਂ, ਮੁੱਖ ਸ਼ੂਟਿੰਗ ਅਸੀਂ ਮਨਾਲੀ ਵਿਚ ਕੀਤੀ ਸੀ। ਕਸ਼ਮੀਰ ਵਿਚ ਸਿਰਫ਼ ਕੁਝ ਬੈਕਗਰਾਊਂਡ ਸ਼ਾਟ (ਵਾਈਡ ਸ਼ਾਟ) ਲਏ ਗਏ ਪਰ ਸ਼ੂਟ ਤੋਂ ਪਹਿਲਾਂ ਮੈਂ ਖ਼ੁਦ ਕੁਪਵਾੜਾ ਅਤੇ ਕੇਰਨ ਗਿਆ ਸੀ, ਜੋ ਐੱਲ.ਓ.ਸੀ. ਦੇ ਕੋਲ ਹੈ। ਮੈਂ ਫ਼ੌਜੀਆਂ ਨਾਲ ਸਮਾਂ ਬਿਤਾਇਆ ਤਾਂ ਕਿ ਮੈਂ ਉਨ੍ਹਾਂ ਦੇ ਅੰਦਰਲੇ ਸੰਘਰਸ਼ ਅਤੇ ਪਰਿਵਾਰ ਦੀ ਸਥਿਤੀ ਨੂੰ ਮਹਿਸੂਸ ਕਰ ਸਕਾਂ। ਇਹ ਫਿਲਮ ਸਾਡੀ ਫ਼ੌਜ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਰਪਿਤ ਹੈ।

ਪ੍ਰ. ਫਿਲਮ ਵਿਚ ਸੰਗੀਤ ਵੀ ਕਾਫ਼ੀ ਖ਼ਾਸ ਹੈ। ਏਨੇ ਵੱਡੇ ਗਾਇਕਾਂ ਨੂੰ ਕਿਵੇਂ ਜੋੜਿਆ?

ਅਸੀਂ ਜਿਨ੍ਹਾਂ ਨਾਲ ਵੀ ਸੰਪਰਕ ਕੀਤਾ, ਉਨ੍ਹਾਂ ਨੇ ਤੁਰੰਤ ਹਾਂ ਕਰ ਦਿੱਤੀ। ਬੀ ਪ੍ਰਾਕ ਸਰ ਨੇ ਕਿਹਾ, ਸ਼ਾਮ ਨੂੰ ਹੀ ਡੱਬ ਕਰ ਲੈਂਦੇ ਹਾਂ। ਸ਼੍ਰੇਆ ਘੋਸ਼ਾਲ, ਸੋਨੂੰ ਨਿਗਮ, ਵਿਸ਼ਾਲ ਮਿਸ਼ਰਾ, ਜਾਵੇਦ ਅਲੀ - ਸਾਰਿਆਂ ਦਾ ਸਾਥ ਮਿਲਣਾ ਖ਼ੁਸ਼ਕਿਸਮਤੀ ਦੀ ਗੱਲ ਹੈ। ਅਸੀਂ ਇਹ ਮਿਊਜ਼ਿਕ ਯਸ਼ ਰਾਜ ਸਟੂਡੀਓ ਵਿਚ ਬਣਾਇਆ ਅਤੇ ਮੈਂ ਇਸ ਨੂੰ ਲੈ ਕੇ ਬੇਹੱਦ ਭਾਵੁਕ ਹਾਂ। ਇਹ ਮੇਰਾ ਨਹੀਂ ਹੈ, ਵਿਸ਼ਾਲ ਖੁਰਾਣਾ ਤੇ ਪੂਰੀ ਟੀਮ ਦਾ ਕਮਾਲ ਹੈ।

ਸਕ੍ਰਿਪਟ ਪੜ੍ਹਦਿਆਂ ਹੀ ਹਾਂ ਕਰ ਦਿੱਤੀ : ਪ੍ਰਿਥਵੀਰਾਜ

ਪ੍ਰ. ਤੁਸੀਂ ਇਸ ਪ੍ਰਾਜੈਕਟ ਨਾਲ ਕਦੋਂ ਜੁੜੇ ਤੇ ਕੀ ਕਾਰਨ ਸੀ ਕਿ ਤੁਸੀਂ ਇਸ ਨੂੰ ਤੁਰੰਤ ਸਵੀਕਾਰ ਕਰ ਲਿਆ?

ਕਰੀਬ 2022 ਵਿਚ ਜਦੋਂ ਮੈਂ ਵਿਦੇਸ਼ ਵਿਚ ਇਕ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ, ਉਦੋਂ ਕਰਨ ਜੌਹਰ ਨੇ ਮੈਨੂੰ ਇਸ ਫਿਲਮ ਦੀ ਸਕ੍ਰਿਪਟ ਭੇਜੀ। ਮੈਂ ਸਕ੍ਰਿਪਟ ਪੜ੍ਹਦਿਆਂ ਹੀ ਉਨ੍ਹਾਂ ਨੂੰ ਕਿਹਾ ਕਿ ਮੈਂ ਇਹ ਫਿਲਮ ਕਰਨਾ ਚਾਹੁੰਦਾ ਹਾਂ। ਉਦੋਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਕੌਣ-ਕੌਣ ਇਸ ਫਿਲਮ ਵਿਚ ਹੈ ਜਾਂ ਡਾਇਰੈਕਟਰ ਕੌਣ ਹੈ। ਜਦੋਂ ਮੈਨੂੰ ਦੱਸਿਆ ਗਿਆ ਕਿ ਕਾਯੋਜ਼ ਨਿਰਦੇਸ਼ਤ ਕਰ ਰਹੇ ਹਨ ਤਾਂ ਮੈਂ ਉਨ੍ਹਾਂ ਦੀ ਇਕ ਸ਼ਾਰਟ ਫਿਲਮ ਦੇਖੀ, ਜੋ ਮੈਨੂੰ ਬੇਹੱਦ ਪਸੰਦ ਆਈ। ਮੈਨੂੰ ਲੱਗਿਆ ਕਿ ਇਹ ਇਕ ਬੇਹੱਦ ਸੰਵੇਦਨਸ਼ੀਲ ਅਤੇ ਇਨਸਾਨੀ ਭਾਵਨਾ ਨਾਲ ਜੁੜੀ ਕਹਾਣੀ ਹੈ। ਇਸ ਲਈ ਮੈਂ ਇਸ ਫਿਲਮ ਨਾਲ ਜੁੜ ਗਿਆ।

ਪ੍ਰ. ਤੁਸੀਂ ਇਕ ਡਾਇਰੈਕਟਰ ਵੀ ਹੋ ਤਾਂ ਸੈੱਟ ’ਤੇ ਕਿਵੇਂ ਤੁਸੀਂ ਆਪਣੇ ਆਪ ਨੂੰ ਪੂਰੇ ਐਕਟਰ ਵਾਲੇ ਜ਼ੋਨ ’ਚ ਸੈੱਟ ਕਰਦੇ ਸੀ?

ਜਦੋਂ ਤੋਂ ਮੈਂ ਨਿਰਦੇਸ਼ਕ ਬਣਿਆ ਹਾਂ, ਮੇਰੇ ਲਈ ਇਹ ਕਰਨਾ ਸਭ ਤੋਂ ਆਸਾਨ ਕੰਮ ਰਿਹਾ ਹੈ। ਇਕ ਐਕਟਰ ਦੇ ਤੌਰ ’ਤੇ ਮੈਨੂੰ ਜ਼ਿਆਦਾ ਕੁਝ ਨਹੀਂ ਸੋਚਣਾ। ਬਸ ਡਾਇਰੈਕਟਰ ਆਵੇ, ਮੈਨੂੰ ਸੀਨ ਸਮਝਾ ਕੇ ਚਲਾ ਜਾਵੇ ਤਾਂ ਮੈਂ ਇਹ ਫੇਸ ਜ਼ਿਆਦਾ ਇੰਜੁਆਏ ਕਰਦਾ ਹਾਂ।

ਪ੍ਰ. ਇਕ ਚੰਗਾ ਐਕਟਰ ਬਣਨ ਲਈ ਕੀ ਤੁਹਾਨੂੰ ਇਸ ਨੇ ਮਦਦ ਕੀਤੀ ਹੈ?

ਇਕ ਅਦਾਕਾਰ ਦੇ ਰੂਪ ਵਿਚ ਅਤੇ ਇਕ ਅਦਾਕਾਰ ਹੋਣ ਦੀ ਪ੍ਰਕਿਰਿਆ ਨੇ ਮੈਨੂੰ ਇਕ ਨਿਰਦੇਸ਼ਕ ਦੇ ਰੂਪ ਵਿਚ ਕਾਫ਼ੀ ਮਦਦ ਕੀਤੀ ਹੈ। ਮੈਂ ਆਪਣੇ ਐਕਟਰਜ਼ ਤੋਂ ਬੈਸਟ ਪਾਉਣ ਦੀ ਕੋਸ਼ਿਸ਼ ਕਰਦਾ ਹਾਂ, ਜਿਸ ਲਈ ਮੈਂ ਖ਼ੁਦ ਵੀ ਆਪਣਾ ਬੈਸਟ ਦੇਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ। ਅਜਿਹਾ ਇਸ ਲਈ ਹੈ ਕਿਉਂਕਿ ਮੈਂ ਪ੍ਰਕਿਰਿਆ ਨੂੰ ਪ੍ਰੀਵਿਊੂ ਕਰਦਾ ਹਾਂ। ਫਿਲਮ ਪ੍ਰੋਡਕਸ਼ਨ ਦੀ ਤਕਨੀਕ ਬਾਰੇ ਜੋ ਵੀ ਗਿਆਨ ਮੇਰੇ ਕੋਲ ਹੈ, ਉਹ ਇਕ ਅਦਾਕਾਰ ਹੋਣ ਵਿਚ ਵੀ ਮਦਦ ਕਰਦਾ ਹੈ।

ਪ੍ਰ. ਤੁਸੀਂ ਹਿੰਦੀ ਵਿਚ ਕਿਵੇਂ ਸਹਿਜਤਾ ਲਿਆਉਂਦੇ ਹੋ?

ਮੈਂ ਸੈਨਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ, ਜਿੱਥੇ ਹਿੰਦੀ ਸਿਖਾਈ ਜਾਂਦੀ ਸੀ। ਮੈਂ ਹਿੰਦੀ ਪੜ੍ਹ ਅਤੇ ਲਿਖ ਸਕਦਾ ਹਾਂ। ਮੈਂ ਮਲਿਆਲਮ, ਅੰਗਰੇਜ਼ੀ ਅਤੇ ਤਾਮਿਲ ਵਿਚ ਫਲੂਏਂਟ ਹਾਂ ਅਤੇ ਤੇਲਗੂ ਵੀ ਥੋੜ੍ਹੀ ਬੋਲ ਲੈਂਦਾ ਹਾਂ। ਹਾਲਾਂਕਿ ਹਿੰਦੀ ਉਚਾਰਨ ਵਿਚ ਸੁਧਾਰ ਲਈ ਮੈਂ ਡਿਕਸ਼ਨ ਕੋਚ ਨਾਲ ਕੰਮ ਕਰਦਾ ਹਾਂ। ਉਨ੍ਹਾਂ ਨੇ ਮੇਰੇ ਲਈ ‘ਔਰੰਗਜ਼ੇਬ’ ਤੋਂ ਲੈ ਕੇ ‘ਸਰਜ਼ਮੀਨ’ ਤੱਕ ਹਰ ਫਿਲਮ ਵਿਚ ਮਦਦ ਕੀਤੀ ਹੈ।

ਪ੍ਰ. ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?

ਇਹ ਇਕ ਜਟਿਲ ਅਤੇ ਮਨੁੱਖੀ ਡਰਾਮਾ ਹੈ, ਜੋ ਕਸ਼ਮੀਰ ਦੇ ਪਿਛੋਕੜ ’ਤੇ ਹੈ। ਇਸ ਵਿਚ ਇਮੋਸ਼ਨ, ਸਕੇਲ, ਐਕਸ਼ਨ ਸਭ ਕੁਝ ਹੈ ਪਰ ਸਭ ਤੋਂ ਖ਼ਾਸ ਇਸ ਦਾ ਦਿਲ ਨਾਲ ਜੁੜਿਆ ਹੋਇਆ ਪੱਖ ਹੈ।

 


author

cherry

Content Editor

Related News