ਭਾਰਤ ਦੀ ਮਿੱਟੀ, ਉਸ ਦੀ ਖ਼ੁਸ਼ਬੂ, ਉਸ ਦੀ ਖ਼ੂਬਸੂਰਤੀ-ਫਿਲਮ ਵਿਚ ਮਹਿਸੂਸ ਹੁੰਦੀ ਹੈ : ਈਸ਼ਾਨ
Wednesday, Oct 08, 2025 - 09:29 AM (IST)

ਮੁੰਬਈ- ਜਾਤੀਵਾਦ ਭੇਦਭਾਵ, ਸਮਾਜਿਕ ਹਾਸ਼ੀਏ ਅਤੇ ਇਨਸਾਨੀ ਮਾਣ ਵਰਗੇ ਵਿਸ਼ਿਆਂ ਨੂੰ ਜਿਸ ਡੂੰਘਾਈ ਅਤੇ ਸੰਵੇਦਨਸ਼ੀਲਤਾ ਨਾਲ ਨਿਰਦੇਸ਼ਕ ਨੀਰਜ ਘੇਵਾਨ ਪਰਦੇ ’ਤੇ ਲਿਆਉਂਦੇ ਹਨ, ਉਹ ਉਨ੍ਹਾਂ ਨੂੰ ਅੱਜ ਦੇ ਸਭ ਤੋਂ ਜ਼ਰੂਰੀ ਫਿਲਮਕਾਰਾਂ ’ਚ ਸ਼ਾਮਲ ਕਰਦਾ ਹੈ। ‘ਮਸਾਨ’ ਤੋਂ ਬਾਅਦ ਉਨ੍ਹਾਂ ਦੀ ਨਵੀਂ ਫਿਲਮ ‘ਹੋਮਬਾਊਂਡ’ ਇਕ ਵਾਰ ਫਿਰ ਸਾਬਿਤ ਕਰਦੀ ਹੈ ਕਿ ਸਿਨੇਮਾ ਸਿਰਫ਼ ਕਹਾਣੀ ਨਹੀਂ, ਸਮਾਜਿਕ ਦਖਲਅੰਦਾਜ਼ੀ ਵੀ ਹੁੰਦਾ ਹੈ। ਫਿਲਮ ਬਾਰੇ ਈਸ਼ਾਨ ਖੱਟਰ ਅਤੇ ਵਿਸ਼ਾਲ ਜੇਠਵਾ ਨੇ ‘ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ’ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...
ਫਿਲਮ ਬਾਰੇ ਸਭ ਤੋਂ ਪਹਿਲਾਂ ਕਰਨ ਸਰ ਨੇ ਦੱਸਿਆ ਸੀ : ਈਸ਼ਾਨ ਖੱਟਰ
ਪ੍ਰ. ਫਿਲਮ ਦਾ ਹਿੱਸਾ ਬਣਨ ਦੀ ਸ਼ੁਰੂਆਤ ਕਿਵੇਂ ਹੋਈ? ਸਭ ਤੋਂ ਪਹਿਲਾਂ ਕਿਸ ਨੇ ਇਸ ਪ੍ਰਾਜੈਕਟ ਬਾਰੇ ਦੱਸਿਆ?
-ਸਭ ਤੋਂ ਪਹਿਲਾਂ ਮੈਨੂੰ ਕਰਨ ਜੌਹਰ ਸਰ ਨੇ ਦੱਸਿਆ ਸੀ। 7 ਸਾਲ ਪਹਿਲਾਂ ਮੈਂ ਉਨ੍ਹਾਂ ਦੇ ਨਾਲ ‘ਧੜਕ’ ਕੀਤੀ ਸੀ। ਉਹ ਇੰਡਸਟਰੀ ’ਚ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਮੈਨੂੰ ਮਿਲਣ ਦੀ ਇੱਛਾ ਜਤਾਈ ਸੀ। ਉਨ੍ਹਾਂ ਨੇ ਮੈਨੂੰ ਪਰਖਿਆ, ਸਮਝਿਆ ਕਿ ਮੈਂ ਇਕ ਨੌਜਵਾਨ ਹਾਂ, ਜੋ ਸਿਨੇਮਾ ਨੂੰ ਲੈ ਕੇ ਕਿੰਨਾ ਜਨੂੰਨੀ ਹੈ ਤੇ ਫਿਰ 7 ਸਾਲ ਬਾਅਦ ਇਕ ਅਜਿਹੀ ਫਿਲਮ ਉਨ੍ਹਾਂ ਦੇ ਨਾਲ ਆਈ, ਜੋ ਮੇਰੇ ਦਿਲ ਦੇ ਬੇਹੱਦ ਕਰੀਬ ਹੈ। ਜਦੋਂ ਕਰਨ ਸਰ ਨੇ ਕਿਹਾ ਕਿ ਨੀਰਜ ਭਾਈ ਦੇ ਨਾਲ ਇਕ ਖ਼ੂਬਸੂਰਤ ਕਹਾਣੀ ਬਣ ਰਹੀ ਹੈ, ਉਨ੍ਹਾਂ ਨੇ ਮੈਨੂੰ ਕਿਹਾ-ਪੜ੍ਹੋ, ਤੁਹਾਨੂੰ ਪਸੰਦ ਆਵੇਗੀ ਤੇ ਮੈਂ ਤਾਂ ਹਮੇਸ਼ਾ ਤੋਂ ਨੀਰਜ ਭਾਈ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ। ‘ਮਸਾਨ’ ਦੇਖ ਕੇ ਹੀ ਮੈਂ ਪ੍ਰੇਰਿਤ ਹੋਇਆ ਸੀ। ਸਕ੍ਰਿਪਟ ਪੜ੍ਹਦੇ ਸਾਰ ਹੀ ਮੈਨੂੰ ਮਹਿਸੂਸ ਹੋਇਆ ਕਿ ਇਹ ਸਿਰਫ਼ ਇਕ ਫਿਲਮ ਨਹੀਂ, ਇਕ ਜ਼ਿੰਮੇਵਾਰੀ ਹੈ। ਇਹ ਕਹਾਣੀ ਸਾਡੇ ਸਾਰਿਆਂ ਨਾਲੋਂ ਵੱਡੀ ਹੈ।
ਪ੍ਰ. ਕਿਰਦਾਰ ਲਈ ਕਿੰਝ ਤਿਆਰੀ ਕੀਤੀ?
-ਤਿਆਰੀ ਜੂਨ-ਜੁਲਾਈ ਤੋਂ ਸ਼ੁਰੂ ਹੋ ਗਈ ਸੀ। ਸ਼੍ਰੀਧਰ ਦੂਬੇ ਨੇ ਡਾਇਲਾਗ ਲਿਖੇ ਸੀ, ਉਨ੍ਹਾਂ ਨੇ ਸਾਨੂੰ ਐਨਿਹਿਲੇਸ਼ਨ ਆਫ਼ ਕਾਸਟ ਵਰਗੇ ਪੜ੍ਹਨ ਲਈ ਟੈਕਸਟ ਦਿੱਤੇ ਤਾਂ ਕਿ ਅਸੀਂ ਸਮਾਜਿਕ ਅਤੇ ਇਤਿਹਾਸਕ ਸੰਦਰਭ ਸਮਝ ਸਕੀਏ। ਅਸੀਂ ਲੋਕ (ਮੈਂ, ਵਿਸ਼ਾਲ, ਨੀਰਜ ਭਾਈ ਅਤੇ ਟੀਮ) ਬਾਰਾਬੰਕੀ ਗਏ। ਪਿੰਡਾਂ ’ਚ ਜਾ ਕੇ ਲੋਕਾਂ ਨਾਲ ਬੈਠੇ, ਖਾਣਾ ਖਾਧਾ, ਉਨ੍ਹਾਂ ਦੀ ਜ਼ਿੰਦਗੀ ਸਮਝੀ। ਇਕ ਦਿਨ ਤਾਂ ਇੰਝ ਲੱਗਿਆ, ਜਿਵੇਂ ਉਹ ਮੇਰਾ ਹੀ ਪਿੰਡ ਹੈ। ਮੇਰੀ ਚਾਲ ਤੱਕ ਬਦਲ ਗਈ। ਵਿਸ਼ਾਲ ਨੇ ਦੇਖ ਕੇ ਹੀ ਕਿਹਾ ਸ਼ੋਇਬ! ਉਸ ਪਲ ਮੈਨੂੰ ਲੱਗਿਆ, ਮੈਂ ਕਿਰਦਾਰ ’ਚ ਉਤਰ ਗਿਆ।
ਪ੍ਰ. ਸਭ ਤੋਂ ਚੈਲੇਂਜਿੰਗ ਸੀਨ ਕਿਹੜੇ ਸਨ?
-ਕਈ ਹਨ, ਜੋ ਤੁਸੀਂ ਜ਼ਿਕਰ ਕੀਤਾ। ਇੰਡੀਆ-ਪਾਕਿਸਤਾਨ ਕ੍ਰਿਕਟ ਮੈਚ ਵਾਲਾ ਸੀਨ, ਆਖ਼ਰੀ ਸੀਨ, ਜਦੋਂ ਚਿੜੀ ਆ ਕੇ ਬੈਠਦੀ ਹੈ, ਉਹ ਬਹੁਤ ਖ਼ਾਸ ਹਨ। ਇਕ ਸੀਨ ਹੈ, ਜਦੋਂ ਸ਼ਾਲਿਨੀ ਵਤਸ ਦਾ ਕਿਰਦਾਰ ਵਿਰਾਸਤ ਵਿਚ ਮਿਲੀ ‘ਨੁਕੀਲੀ ਏਡੀਓਂ’ ਦੀ ਗੱਲ ਕਰਦਾ ਹੈ ਤੇ ਅੰਤ ’ਚ ਜਦੋਂ ਇਕ ਔਰਤ ਆ ਕੇ ਪਾਣੀ ਦਿੰਦੀ ਹੈ। ਇਹ ਪ੍ਰਤੀਕਾਤਮਕ ਦ੍ਰਿਸ਼ ਬੇਹੱਦ ਭਾਵੁਕ ਕਰ ਦੇਣ ਵਾਲੇ ਸਨ। ਕਲਾਈਮੈਕਸ ਵਾਲਾ ਬ੍ਰਿਜ, ਉਹ ਮੇਰੇ ਲਈ ਹੁਣ ਤੱਕ ਦਾ ਸਭ ਤੋਂ ਮੁਸ਼ਕਲ ਸੀਨ ਸੀ, ਸਕ੍ਰਿਪਟ ’ਤੇ ਵੀ ਅਤੇ ਸ਼ੂਟਿੰਗ ਦੇ ਸਮੇਂ ਵੀ।
ਪ੍ਰ. ਫਿਲਮ ਤੋਂ ਬਾਅਦ ਦਰਸ਼ਕਾਂ ਦੀ ਕੀ ਪ੍ਰਤੀਕਿਰਿਆ ਰਹੀ?
-ਸਭ ਤੋਂ ਵੱਡੀ ਗੱਲ ਇਹ ਰਹੀ ਕਿ ਲੋਕ ਫਿਲਮ ਨੂੰ ਮਹਿਸੂਸ ਕਰ ਰਹੇ ਹਨ, ਉਸ ਨਾਲ ਜੁੜ ਰਹੇ ਹਨ। ਨਸੀਰੂਦੀਨ ਸ਼ਾਹ ਸਰ ਨੇ ਜੋ ਮੈਸੇਜ ਭੇਜਿਆ, ਉਹ ਬੇਹੱਦ ਖ਼ਾਸ ਸੀ। ਉਨ੍ਹਾਂ ਨੇ ਜੋ ਕੁਝ ਬਾਰੀਕ ਗੱਲਾਂ ਨੋਟਿਸ ਕੀਤੀਆਂ, ਉਹ ਕਿਸੇ ਮਾਸਟਰ ਐਕਟਰ ਦੀ ਹੀ ਨਜ਼ਰ ਹੋ ਸਕਦੀ ਹੈ। ਉਹੀ, ਕ੍ਰਿਟਿਕ ਰਾਹੁਲ ਦੇਸਾਈ ਨੇ ਲਿਖਿਆ ਕਿ ਤੁਸੀਂ ਉਸ ਦੀ ਆਤਮਾ ਅਤੇ ਉਸ ਦੇ ਦਿਲ ਦੇ ਟੁੱਟਣ ਵਿਚਲਾ ਅੰਤਰ ਵੀ ਦੇਖ ਸਕਦੇ ਹੋ। ਇਸ ਨੇ ਮੈਨੂੰ ਝੰਝੋੜ ਕੇ ਰੱਖ ਦਿੱਤਾ।
ਪ੍ਰ. ਸ਼ੂਟਿੰਗ ਦਾ ਕਿਹੋ ਜਿਹਾ ਅਨੁਭਵ ਰਿਹਾ?
-ਭੋਪਾਲ ਅਤੇ ਉਸ ਦੇ ਆਸਪਾਸ ਦੇ ਪਿੰਡਾਂ ’ਚ ਲੱਗਭਗ 90 ਫੀਸਦੀ ਸ਼ੂਟਿੰਗ ਹੋਈ। ਬਹੁਤ ਸੁੰਦਰ ਅਨੁਭਵ ਰਿਹਾ। ਭਾਰਤ ਦੀ ਮਿੱਟੀ, ਉਸ ਦੀ ਖ਼ੁਸ਼ਬੂ, ਉਸ ਦੀ ਖ਼ੂਬਸੂਰਤੀ- ਉਹ ਫਿਲਮ ਵਿਚ ਮਹਿਸੂਸ ਹੁੰਦੀ ਹੈ। ਅਜਿਹਾ ਲੱਗਦਾ ਹੈ, ਜਿਵੇਂ ਤੁਸੀਂ ਉਸ ਜਗ੍ਹਾ ਨੂੰ ਸੁੰਘ ਸਕਦੇ ਹੋ।
ਪ੍ਰ. ਫਿਲਮ ਆਸਕਰ ਦੀ ਰੇਸ ’ਚ ਹੈ। ਕੀ ਜਾਣਕਾਰੀ ਹੈ ਤੁਹਾਡੇ ਕੋਲ?
-ਆਸਕਰ ਸ਼ਾਰਟਲਿਸਟ ਨਵੰਬਰ-ਦਸੰਬਰ ’ਚ ਆਵੇਗੀ। ਕਰਨ ਸਰ ਇਸ ਫਿਲਮ ਦੇ ਵੱਡੇ ਚੈਂਪੀਅਨ ਰਹੇ ਹਨ ਅਤੇ ਮਾਰਟਿਨ ਸਕੋਰਸੇਸ ਸਰ ਦਾ ਨਾਂ ਜੁੜਨਾ, ਇਹ ਆਪਣੇ-ਆਪ ’ਚ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਨੀਰਜ ਭਾਈ ਦੀਆਂ ਪਹਿਲਾਂ ਦੀਆਂ ਫਿਲਮਾਂ ਦੀ ਸ਼ਲਾਘਾ ਕੀਤੀ ਸੀ।
ਪ੍ਰ. ਕੀ ਹੁਣ ਇੰਡਸਟਰੀ ਨਿਊਕਮਰਜ਼ ਨੂੰ ਜ਼ਿਆਦਾ ਮੌਕੇ ਦੇ ਰਹੀ ਹੈ?
-ਮੁਸ਼ਕਿਲ ਤਾਂ ਅੱਜ ਵੀ ਹੈ, ਚਾਹੇ ਨਿਊਕਮਰ ਹੋਵੇ ਜਾਂ ਸਟਾਰਕਿੱਡ ਪਰ ਜੋ ਲੋਕ ਫਿਲਮੀ ਬੈਕਗਰਾਊਂਡ ਤੋਂ ਨਹੀਂ ਆਉਂਦੇ, ਉਨ੍ਹਾਂ ਦੇ ਲਈ ਸਭ ਤੋਂ ਵੱਡੀ ਦਿੱਕਤ ਮੌਕਾ ਮਿਲਣਾ ਹੁੰਦੀ ਹੈ। ਜੇਕਰ ਤੁਸੀਂ ਸ਼ੁਰੂਆਤੀ 1-2 ਫਿਲਮਾਂ ’ਚ ਕਮਾਲ ਨਹੀਂ ਕੀਤਾ ਜਾਂ ਪੈਸਾ ਨਹੀਂ ਕਮਾਇਆ ਤਾਂ ਅਗਲਾ ਮੌਕਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਕ ਐਕਟਰ ਸਿਰਫ਼ ਚੰਗਾ ਕਲਾਕਾਰ ਨਹੀਂ ਹੁੰਦਾ, ਬਲਕਿ ਉਸ ਨੂੰ ਰੋਜ਼ ਰਿਜੈਕਸ਼ਨ ਝੱਲ ਕੇ ਵੀ ਡਟੇ ਰਹਿਣਾ ਹੁੰਦਾ ਹੈ। ਖ਼ਾਸ ਕਰ ਕੇ ਉਹ ਲੋਕ ਜੋ ਦਿੱਲੀ, ਗੁੜਗਾਓਂ ਜਾਂ ਛੋਟੇ ਸ਼ਹਿਰਾਂ ਤੋਂ ਮੁੰਬਈ ਆਉਂਦੇ ਹਨ, ਕਿਰਾਏ ’ਤੇ ਰਹਿੰਦੇ ਹਨ ਤੇ ਅਣਜਾਣ ਮਾਹੌਲ ’ਚ ਜਿਊਂਦੇ ਹਨ। ਜਦੋਂ ਤੁਸੀਂ ਉਸ ਸੰਘਰਸ਼ ਤੋਂ ਨਿਕਲਦੇ ਹੋ ਤੇ ਇਕ ਦਿਨ ਫੋਟੋ ਖਿਚਵਾਉਣ ਲਾਈਕ ਪਛਾਣ ਬਣਦੇ ਹੋ, ਉਦੋਂ ਤੁਹਾਨੂੰ ਸਫ਼ਲ ਐਕਟਰ ਮੰਨਿਆ ਜਾਂਦਾ ਹੈ।
ਪ੍ਰ. ਕੀ ਤੁਸੀਂ ਵੀ ਅਸਲ ’ਚ ਹੋਮਬਾਊਂਡ ਪਰਸਨ ਹੋ?
-ਜਿਵੇਂ ਹੀ ਇੱਥੋਂ ਬਾਹਰ ਨਿਕਲਦਾ ਹਾਂ ਤਾਂ ਮੈਨੂੰ ਤੁਰੰਤ ਘਰ ਦੀ ਯਾਦ ਆਉਣ ਲੱਗਦੀ ਹੈ। ਘਰ ਤੋਂ ਜ਼ਿਆਦਾ ਮੈਨੂੰ ਪਰਿਵਾਰ ਦੀ ਯਾਦ ਆਉਂਦੀ ਹੈ। ਮਤਲਬ ਮੈਂ ਹਾਂ ਥੋੜਾ ਫੈਮਿਲੀ ਵਾਲਾ ਹੀ ਬੰਦਾ ਹਾਂ। 2-3 ਦਿਨ ਬਾਹਰ ਹੋ ਗਿਆ, ਬਸ ਠੀਕ ਹੈ ਹੋਟਲ ਦੇਖ ਲਿਆ, ਮਸਤੀ ਕਰ ਲਈ, ਹੋ ਗਿਆ ਬਸ, ਹੁਣ ਚਲੋ ਘਰ।
ਪ੍ਰ. ਤੁਸੀਂ ਟੀ. ਵੀ. ’ਚ ਲੀਡ ਰੋਲ ਕੀਤੇ, ਅਨੁਭਵ ਫਿਲਮਾਂ ’ਚ ਮਦਦਗਾਰ ਰਿਹਾ?
-ਟੀ. ਵੀ. ਨੇ ਮੈਨੂੰ ਬਹੁਤ ਕੁਝ ਸਿਖਾਇਆ। ਮੈਂ ਤਕਰੀਬਨ 10 ਸਾਲ ਟੀ. ਵੀ. ’ਚ ਕੰਮ ਕੀਤਾ, ਉਦੋਂ ‘ਮਰਦਾਨੀ’ ਮਿਲੀ। ਟੀ. ਵੀ. ਸਕ੍ਰਿਪਟ ਸਵੇਰੇ ਮਿਲਦੀ ਸੀ ਅਤੇ ਸ਼ੂਟ ਉਸੇ ਦਿਨ ਹੁੰਦਾ ਸੀ। ਕਈ ਵਾਰ 99 ਲਾਈਨਾਂ ਹੁੰਦੀਆਂ ਸਨ ਤੇ ਬੋਲਣਾ ਵੀ ਅਜਿਹੀ ਭਾਸ਼ਾ ’ਚ ਹੁੰਦਾ ਸੀ, ਜੋ ਆਸਾਨ ਨਹੀਂ ਸੀ। ਜਿਵੇਂ ਮਾਇਥੋਲੌਜੀਕਲ ਜਾਂ ਹਿਸਟੋਰੀਕਲ ਸਕ੍ਰਿਪਟ, ਉਸ ਟ੍ਰੇਨਿੰਗ ਨੇ ਮੈਨੂੰ ਮਜ਼ਬੂਤ ਬਣਾ ਦਿੱਤਾ।
ਪ੍ਰ. ‘ਹੋਮਬਾਊਂਡ’ ਦਾ ਕਾਸਟਿੰਗ ਪ੍ਰੋਸੈੱਸ ਕਿਵੇਂ ਦਾ ਰਿਹਾ? ਕੀ ਇਹ ਆਸਾਨ ਸੀ?
-ਆਸਾਨ ਬਿਲਕੁਲ ਨਹੀਂ ਸੀ। ‘ਮਰਦਾਨੀ’ ਤੋਂ ਬਾਅਦ ਇਹ ਮੇਰਾ ਸਭ ਤੋਂ ਕਠਿਨ ਆਡੀਸ਼ਨ ਸੀ। ਪਹਿਲਾਂ ਮੈਨੂੰ ਸ਼ੋਇਬ ਨਾਂ ਦੇ ਕਿਰਦਾਰ ਲਈ ਬੁਲਾਇਆ ਗਿਆ ਪਰ ਮੈਂ ਸਿਲੈਕਟ ਨਹੀਂ ਹੋਇਆ। ਫਿਰ ਉਨ੍ਹਾਂ ਨੇ ਮੈਨੂੰ ਚੰਦਨ ਦੇ ਕਿਰਦਾਰ ਲਈ ਬੁਲਾਇਆ। ਇਸ ਦੌਰਾਨ ਮੇਰਾ ਘਰ ’ਚ ਐਕਸੀਡੈਂਟ ਹੋਇਆ, ਕੱਚ ਡਿੱਗਿਆ ਤੇ ਟੈਂਡਨ ਕੱਟ ਗਿਆ। ਆਪ੍ਰੇਸ਼ਨ ਹੋਇਆ, ਪਲੱਸਤਰ ਲੱਗਿਆ ਤੇ ਮੈਂ ਵਾਕਰ ਕੇ ਸਹਾਰੇ ਆਡੀਸ਼ਨ ਦੇਣ ਗਿਆ। ਪੌੜੀਆਂ ਇਕ ਪੈਰ ਨਾਲ ਉਲਟਾ ਚੜ੍ਹਿਆ। ਸੀਨ ’ਚ ਬੌਡੀ ਮੂਵਮੈਂਟ ਸੀ ਤੇ ਮੈਂ ਦਰਦ ’ਚ ਸੀ ਪਰ ਹਾਰ ਨਹੀਂ ਮੰਨੀ। ਫਿਰ ਨੀਰਜ ਸਰ ਨੇ ਮੈਨੂੰ ਅਤੇ ਈਸ਼ਾਨ ਨੂੰ ਬੁਲਾਇਆ, ਸਾਡੀ ਕੈਮਿਸਟਰੀ ਚੈੱਕ ਕੀਤੀ।
ਐਕਸੀਡੈਂਟ ਹੋ ਗਿਆ ਸੀ, ਵਾਕਰ ਦੇ ਸਹਾਰੇ ਆਡੀਸ਼ਨ ਦੇਣ ਗਿਆ ਸੀ : ਵਿਸ਼ਾਲ ਜੇਠਵਾ
ਪ੍ਰ. ਫਿਲਮ ਦਾ ਨਾਂ ਇੰਗਲਿਸ਼ ਵਿਚ ਕਿਉਂ ਰੱਖਿਆ ਗਿਆ?
ਸੱਚ ਕਹਾਂ ਤਾਂ ਜੋ ਨਾਂ ਅਸੀਂ ਅਸਲ ਵਿਚ ਚਾਹੁੰਦੇ ਸੀ, ਉਹ ਸਾਨੂੰ ਨਹੀਂ ਮਿਲ ਸਕਿਆ। ਸ਼ੁਰੂਆਤ ਵਿਚ ਫਿਲਮ ਦਾ ਨਾਂ ਨੀਰਜ ਸਰ ਨੇ ‘ਹੋਮਬਾਊਂਡ’ ਰੱਖਿਆ ਸੀ ਪਰ ਉਹ ਨਾਂ ਸ਼ਾਇਦ ਸਿਰਫ਼ ਅਸਥਾਈ ਤੌਰ ’ਤੇ ਰੱਖਿਆ ਗਿਆ ਸੀ। ਅਸਲ ਫੈਸਲਾ ਨੀਰਜ ਸਰ ਅਤੇ ਪ੍ਰੋਡਕਸ਼ਨ ਹਾਊਸ ਨੇ ਮਿਲ ਕੇ ਲਿਆ। ਅਸੀਂ ਸਭ ਮਿਲ ਕੇ ਦੂਜੇ ਨਾਵਾਂ ’ਤੇ ਵੀ ਸੋਚ-ਵਿਚਾਰ ਕਰ ਰਹੇ ਸੀ- ਜਿਵੇਂ ਪਰਿੰਦੇ ਜਾਂ ਬੰਦੇ ਵਰਗੇ ਕੁਝ ਹਿੰਦੀ ਨਾਵਾਂ ’ਤੇ ਚਰਚਾ ਹੋਈ ਸੀ ਪਰ ਸ਼ਾਇਦ ਕਿਸੇ ਕਾਰਨ ਉਹ ਨਾਂ ਫਾਈਨਲ ਨਹੀਂ ਹੋ ਸਕੇ। ਇਸ ਤੋਂ ਇਲਾਵਾ ਫਿਲਮ ਦਾ ਇੰਟਰਨੈਸ਼ਨਲ ਲੈਵਲ ’ਤੇ ਵੀ ਕੰਮ ਹੋ ਰਿਹਾ ਹੈ, ਇਸ ਲਈ ਇੰਗਲਿਸ਼ ਟਾਈਟਲ ‘ਹੋਮਬਾਊਂਡ’ ਜ਼ਿਆਦਾ ਢੁਕਵਾਂ ਅਤੇ ਅਸਰਦਾਰ ਲੱਗਿਆ। ਇਸੇ ਕਾਰਨ ਆਖਿਰ ਵਿਚ ਇਹੀ ਨਾਂ ਰੱਖਿਆ ਗਿਆ।