‘ਲਾਗਆਊਟ’ ਦਾ ਮਕਸਦ ਡਿਜੀਟਲ ਦੁਨੀਆ ਦੇ ਪ੍ਰਭਾਵਾਂ ਨੂੰ ਉਜਾਗਰ ਕਰਨਾ : ਅਮਿਤ
Friday, Apr 18, 2025 - 01:06 PM (IST)

ਮੁੰਬਈ- ਸੋਸ਼ਲ ਮੀਡੀਆ ਅਤੇ ਇਸ ਦੇ ਪ੍ਰਭਾਵਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੋਅ ਤੇ ਫਿਲਮਾਂ ਬਣ ਰਹੀਆਂ ਹਨ। ਇਸੇ ਵਿਸ਼ੇ ’ਤੇ ਅਮਿਤ ਗੋਲਾਨੀ ਇਕ ਸਾਇਕੋਲਾਜੀਕਲ ਥ੍ਰਿਲਰ ਫਿਲਮ ‘ਲਾਗਆਊਟ’ ਲੈ ਕੇ ਆਏ ਹਨ, ਜਿਸ ’ਚ ਇਰਫ਼ਾਨ ਖ਼ਾਨ ਦਾ ਬੇਟਾ ਬਾਬਲ ਖ਼ਾਨ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਫਿਲਮ ਜ਼ੀ5 ’ਤੇ ਅੱਜ ਰਿਲੀਜ਼ ਹੋ ਗਈ ਹੈ। ਫਿਲਮ ’ਚ ਰਸਿਕਾ ਦੁੱਗਲ, ਨਿਮਿਸ਼ਾ ਨਾਇਰ ਤੇ ਗੰਧਰਵ ਦੀਵਾਨ ਵੀ ਅਹਿਮ ਭੂਮਿਕਾਵਾਂ ’ਚ ਹਨ। ਫਿਲਮ ਬਾਰੇ ਅਮਿਤ ਗੋਲਾਨੀ ਤੇ ਬਾਬਲ ਖ਼ਾਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਲਾਕਡਾਊਨ ਹਟਿਆ ਤਾਂ ਮਹਿਸੂਸ ਹੋਇਆ ਕਿ ਫੋਨ ਦੀ ਆਦਤ ਲੱਗ ਗਈ
ਅਮਿਤ ਗੋਲਾਨੀ
ਪ੍ਰ. ਇਸ ਫਿਲਮ ਨੂੰ ਬਣਾਉਣ ਦੀ ਪ੍ਰੇਰਨਾ ਕਿੱਥੋਂ ਮਿਲੀ?
-ਇਹ ਮੈਂ ਖ਼ੁਦ ਵੀ ਮਹਿਸੂਸ ਕੀਤਾ ਹੈ। ਲਾਕਡਾਊਨ ਸਮੇਂ ਤਾਂ ਸਾਡੀ ਫੋਨ ’ਤੇ ਨਿਰਭਰਤਾ ਕਾਫ਼ੀ ਵਧ ਗਈ ਸੀ। ਫਿਰ ਹੌਲੀ-ਹੌਲੀ ਹਰ ਕਿਸੇ ਨੂੰ ਇਹ ਮਹਿਸੂਸ ਹੋਇਆ ਕਿ ਕੰਮ ਦੇ ਸਮੇਂ ਦੌਰਾਨ ਵੀ ਕਿਤੇ ਨਾ ਕਿਤੇ ਸਾਨੂੰ ਫੋਨ ਦੀ ਬਹੁਤ ਆਦਤ ਲੱਗ ਚੁੱਕੀ ਹੈ ਤੇ ਕੋਈ ਇਕੱਲਾ ਨਹੀਂ ਹੈ, ਸਾਡੇ ਨਾਲ ਹੋਰ ਵੀ ਲੋਕਾਂ ਨੂੰ ਅਜਿਹਾ ਲੱਗਦਾ ਹੈ। ਇਸ ਲਈ ‘ਲਾਗਆਊਟ’ ਦਾ ਮਕਸਦ ਡਿਜੀਟਲ ਦੁਨੀਆ ਦੇ ਪ੍ਰਭਾਵਾਂ ਨੂੰ ਉਜਾਗਰ ਕਰਨਾ ਸੀ। ਸੋਸ਼ਲ ਮੀਡੀਆ ਦੀ ਵਧਦੀ ਭੂਮਿਕਾ ਤੇ ਡਿਜੀਟਲ ਪਛਾਣ ਦੇ ਪ੍ਰਭਾਵਾਂ ਨੂੰ ਦਰਸਾਉਂਦਿਆਂ ਅਸੀਂ ਇਕ ਅਜਿਹੇ ਕਿਰਦਾਰ ਦੀ ਕਹਾਣੀ ਪੇਸ਼ ਕੀਤੀ ਹੈ।
ਪ੍ਰ. ਹਮੇਸ਼ਾ ਪ੍ਰਸੰਗਿਕ ਵਿਸ਼ਿਆਂ ਨੂੰ ਚੁਣਦੇ ਹੋ, ਕੋਈ ਖ਼ਾਸ ਕਾਰਨ?
- ਅਜਿਹੇ ਵਿਸ਼ਿਆਂ ’ਤੇ ਸਾਡੇ ਕੋਲ ਕਹਿਣ ਲਈ ਬਹੁਤ ਕੁਝ ਹੁੰਦਾ ਹੈ। ਇਕ ਵਿਚਾਰ ਇਹ ਵੀ ਹੁੰਦਾ ਹੈ ਕਿ ਜੇ ਸਾਨੂੰ ਪਸੰਦ ਆ ਰਿਹਾ ਹੈ ਤਾਂ ਸ਼ਾਇਦ ਦਰਸ਼ਕਾਂ ਨੂੰ ਵੀ ਪਸੰਦ ਆਵੇਗਾ। ਅਸੀਂ ਹਮੇਸ਼ਾ ਇਹ ਦੇਖਦੇ ਹਾਂ ਕਿ ਕੀ ਮੈਨੂੰ ਇਸ ਵਿਸ਼ੇ ’ਚ ਦਿਲਚਸਪੀ ਹੈ ਜਾਂ ਮੇਰੇ ਕੋਲ ਕੁਝ ਹੈ ਇਸ ਬਾਰੇ ਕਹਿਣ ਲਈ ਤਾਂ ਉਹ ਜ਼ਿਆਦਾ ਮੈਟਰ ਕਰਦਾ ਹੈ ਬਜਾਏ ਵਿਸ਼ੇ ਦੀ ਪ੍ਰਸੰਗਿਕਤਾ ਦੇ।
ਪ੍ਰ. ਇਸ ਫਿਲਮ ਦਾ ਦਰਸ਼ਕਾਂ ’ਤੇ ਕੀ ਪ੍ਰਭਾਵ ਪਵੇਗਾ ਤੇ ਕੀ ਇਹ ਡਿਜੀਟਲ ਦੁਨੀਆ ਬਾਰੇ ਜਾਗਰੂਕ ਕਰੇਗੀ?
-ਸਭ ਤੋਂ ਪਹਿਲਾਂ ਤਾਂ ਮੈਂ ਇਹੋ ਚਾਹਾਂਗਾ ਕਿ ਲੋਕਾਂ ਨੂੰ ਮਜ਼ਾ ਆਵੇ ਦੇਖਣ ’ਚ। ਲੋਕਾਂ ਦੀ ਐਂਟਰਟੇਨਮੈਂਟ ਵੈਲਿਊ ਵਸੂਲ ਹੋਵੇ। ਇਸ ਫਿਲਮ ਨੂੰ ਦੇਖਣ ਲਈ ਜਿੰਨਾ ਸਮਾਂ ਉਨ੍ਹਾਂ ਨੇ ਬਿਤਾਇਆ, ਉਹ ਚੰਗਾ ਬੀਤਿਆ ਤਾਂ ਮੇਰੇ ਲਈ ਉਹੋ ਹੀ ਟੇਕ-ਅਵੇ ਹੈ। ਸਾਡਾ ਮਕਸਦ ਸੀ ਕਿ ਦਰਸ਼ਕ ਇਸ ਫਿਲਮ ਰਾਹੀਂ ਡਿਜੀਟਲ ਦੁਨੀਆ ਦੇ ਪ੍ਰਭਾਵਾਂ ਨੂੰ ਸਮਝਣ ਤੇ ਅਸਲ ਜ਼ਿੰਦਗੀ ’ਚ ਸੰਤੁਲਨ ਬਣਾਈ ਰੱਖਣ।
ਮੈਂ ਕਿਰਦਾਰ ਨੂੰ ਨਹੀਂ, ਕਿਰਦਾਰ ਮੈਨੂੰ ਚੁਣਦਾ ਹੈ
ਬਾਬਲ ਖ਼ਾਨ
ਪ੍ਰ. ਫਿਲਮ ‘ਲਾਗਆਊਟ’ ਕਰਨ ਪਿੱਛੇ ਕੀ ਕਾਰਨ ਰਿਹਾ?
ਮੈਨੂੰ ਲੱਗਦਾ ਹੈ ਕਿ ਮੈਂ ਕਿਰਦਾਰ ਨੂੰ ਨਹੀਂ, ਕਿਰਦਾਰ ਮੈਨੂੰ ਚੁਣਦਾ ਹੈ ਤੇ ‘ਲਾਗਆਊਟ’ ਲਈ ਵੀ ਇਸ ਕਿਰਦਾਰ ਨੂੰ ਮੈਂ ਨਹੀਂ, ਅਮਿਤ ਸਰ ਨੇ ਮੇਰੇ ਲਈ ਚੁਣਿਆ ਹੈ ਤੇ ਮੈਨੂੰ ਸਰ ’ਤੇ ਪੂਰਾ ਭਰੋਸਾ ਹੈ।
ਪ੍ਰ. ਕੀ ਤੁਸੀਂ ਮੰਨਦੇ ਹੋ ਕਿ ਅੱਜਕੱਲ੍ਹ ਅਦਾਕਾਰ ਦੀ ਪਛਾਣ ਸੋਸ਼ਲ ਮੀਡੀਆ ’ਤੇ ਨਿਰਭਰ ਕਰਦੀ ਹੈ?
-ਹਾਂ, ਸਾਡੇ ਪ੍ਰੋਫੈਸ਼ਨ ’ਚ ਤਾਂ ਸੋਸ਼ਲ ਮੀਡੀਆ ਬਹੁਤ ਜ਼ਰੂਰੀ ਹੈ। ਸਾਡਾ ਬ੍ਰਾਂਡ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਸਾਡਾ ਕੰਮ। ਅੱਜਕੱਲ੍ਹ ਅਦਾਕਾਰ ਦੀ ਪਛਾਣ ਤੇ ਪ੍ਰਸੰਗਿਕਤਾ ਸੋਸ਼ਲ ਮੀਡੀਆ ’ਤੇ ਨਿਰਭਰ ਕਰਦੀ ਹੈ। ਸੋਸ਼ਲ ਮੀਡੀਆ ਦੇ ਨਾਲ-ਨਾਲ ਬਾਹਰੋਂ ਜੋ ਹੁੰਗਾਰਾ ਮਿਲ ਰਿਹਾ ਹੈ, ਖ਼ੁਦ ਨੂੰ ਅਪਣਾਏ ਜਾਣ ਨੂੰ ਲੈ ਕੇ ਜੋ ਮੇਰੇ ਅੰਦਰ ਸਵਾਲ ਉੱਠਦੇ ਹਨ, ਉਨ੍ਹਾਂ ਦੇ ਜਵਾਬ ਵੀ ਮਿਲਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਜਿੰਨਾ ਤੁਹਾਨੂੰ ਵੈਲੀਡੇਸ਼ਨ ਦਿੰਦੀ ਹੈ, ਓਨਾ ਹੀ ਤੁਸੀਂ ਟਰੋਲਿੰਗ ਦੇ ਵੀ ਸ਼ਿਕਾਰ ਹੁੰਦੇ ਹੋ।
ਪ੍ਰ. ਕੀ ਤੁਸੀਂ ਵੀ ਆਪਣੇ ਪਿਤਾ ਇਰਫ਼ਾਨ ਦੇ ਰਾਹ ’ਤੇ ਚੱਲਣਾ ਚਾਹੋਗੇ?
- ਉਨ੍ਹਾਂ ਨੇ ਜਦੋਂ ਕੰਮ ਸ਼ੁਰੂ ਕੀਤਾ ਸੀ, ਉਨ੍ਹਾਂ ਨੂੰ ਵੀ ਫੇਮ ਪਾਉਣ ਦੀ ਇੱਛਾ ਸੀ ਤੇ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਆਪਣੇ ਅੰਦਰ ਦੀ ਸੱਚਾਈ ਦਿਸਦੀ ਹੈ ਤੇ ਤੁਹਾਨੂੰ ਉਹ ਰਾਹ ਵੀ ਦਿਸਣ ਲੱਗ ਪੈਂਦਾ ਹੈ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦਾ ਰਸਤਾ ਤੇ ਮੇਰਾ ਰਸਤਾ ਇਕੋ ਜਿਹਾ ਹੈ ਕਿਉਂਕਿ ਉਨ੍ਹਾਂ ਨੇ ਜੋ ਕੀਤਾ, ਉਹ ਇਕ ਵੱਖਰੇ ਸਮੇਂ ’ਤੇ ਕੀਤਾ ਅਤੇ ਮੈਨੂੰ ਇਕ ਬਹੁਤ ਵੱਖਰਾ ਸਮਾਂ ਮਿਲਿਆ ਹੈ। ਮੇਰਾ ਹੁਣ ਇਕ ਵੱਖਰਾ ਰਾਹ ਹੈ। ਜੇ ਮੈਂ ਉਨ੍ਹਾਂ ਦੇ ਬਣਾਏ ਰਸਤੇ ਨੂੰ ਫਾਲੋ ਕਰਨ ਲੱਗਾ ਤਾਂ ਫਿਰ ਮੇਰਾ ਕੌਣ ਫਾਲੋ ਕਰੇਗਾ।
ਪ੍ਰ. ਕੀ ਤੁਸੀਂ ਆਪਣੇ ਕਿਰਦਾਰ ਨਿਭਾਉਂਦੇ ਸਮੇਂ ਆਪਣੇ ਪਿਤਾ ਦੇ ਪ੍ਰੋਸੈੱਸ ਨੂੰ ਅਪਣਾਉਂਦੇ ਹੋ?
-ਪਾਪਾ ਨੇ ਤਾਂ ਹਮੇਸ਼ਾ ਇਹੋ ਦੱਸਿਆ ਹੈ ਕਿ ਕੁਝ ਵੀ ਅਜਿਹੇ ਕਿਸੇ ਫਾਰਮੂਲੇ ਨਾਲ ਨਹੀਂ ਕਰਨਾ ਚਾਹੀਦਾ। ਹਰ ਕਿਰਦਾਰ ਨਿਭਾਉਣ ਸਮੇਂ ਉਸ ਦੇ ਮੁਤਾਬਕ ਲਚੀਲਾਪਣ ਹੋਣਾ ਚਾਹੀਦਾ ਹੈ। ਹਰ ਕਹਾਣੀ, ਹਰ ਕਿਰਦਾਰ ਤੁਹਾਨੂੰ ਕੁਝ ਨਵਾਂ ਸਿਖਾਵੇਗਾ। ਉਹ ਕਿਰਦਾਰ ਤੁਹਾਨੂੰ ਖ਼ੁਦ ਦੱਸੇਗਾ ਕਿ ਮੈਂ ਇਸ ਨੂੰ ਕਿਵੇਂ ਨਿਭਾਉਣਾ ਹੈ। ਮੈਂ ਆਪਣਾ ਫਾਰਮੂਲਾ ਲੈ ਕੇ ਜਾਵਾਂਗਾ ਤਾਂ ਉਹ ਕਿਰਦਾਰ ਹੀ ਮਰ ਜਾਵੇਗਾ।