ਸੁਰੱਖਿਆ ਚਿੰਤਾਵਾਂ, IT ਨਿਯਮਾਂ ਕਾਰਨ OTT ਤੋਂ ਹਟਾਈ ਗਈ ‘ਸਤਲੁਜ’
Tuesday, Jul 07, 2026 - 09:26 AM (IST)
ਨਵੀਂ ਦਿੱਲੀ (ਏਜੰਸੀ)- ਕੇਂਦਰ ਸਰਕਾਰ ਨੇ ‘ਸੁਰੱਖਿਆ ਸਬੰਧੀ ਚਿੰਤਾਵਾਂ’ ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਨਿਯਮ 2021 ਦੇ ਤਹਿਤ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦੇ ਹੋਏ ਓ.ਟੀ.ਟੀ. ਪਲੇਟਫਾਰਮ ਜ਼ੀ-5 ਨੂੰ ਦਿਲਜੀਤ ਦੋਸਾਂਝ ਸਟਾਰਰ ਫ਼ਿਲਮ ‘ਸਤਲੁਜ’ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਸੀ। ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਫ਼ਿਲਮ ਪੰਜਾਬ ਵਿਚ 1990 ਦੇ ਦਹਾਕੇ ਦੇ ਅਸ਼ਾਂਤ ਦੌਰ ’ਚ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ। ਓ.ਟੀ.ਟੀ. ਸਮੱਗਰੀ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀ. ਬੀ. ਐੱਫ. ਸੀ.) ਦੇ ਦਾਇਰੇ ਵਿਚ ਨਹੀਂ ਆਉਂਦੀ ਅਤੇ ਇਸ ਨੂੰ ਸੂਚਨਾ ਤਕਨਾਲੋਜੀ (ਵਿਚੋਲੇ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਆਚਾਰ ਸੰਹਿਤਾ) ਨਿਯਮ, 2021 ਦੇ ਭਾਗ-3 ਦੇ ਉਪਬੰਧਾਂ ਦੇ ਤਹਿਤ ਕੰਟਰੋਲ ਕੀਤਾ ਜਾਂਦਾ ਹੈ।
ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ‘ਸਤਲੁਜ’ ਦੇ ਨਿਰਮਾਤਾਵਾਂ ਨੇ 2022 ਵਿਚ ਇਸ ਦੇ ਅਸਲ ਟਾਈਟਲ ‘ਪੰਜਾਬ 95’ ਤਹਿਤ ਸੀ.ਬੀ.ਐੱਫ.ਸੀ. ਸਰਟੀਫਿਕੇਸ਼ਨ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਨੇ ਸੈਂਸਰ ਬੋਰਡ ਵੱਲੋਂ ਸੁਝਾਏ ਗਏ 127 ‘ਕੱਟਾਂ’ ਨੂੰ ਨਹੀਂ ਮੰਨਿਆ ਅਤੇ ਇਸ ਦੀ ਰਿਲੀਜ਼ ਰੋਕ ਦਿੱਤੀ।
ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਸੁਝਾਏ ਗਏ ‘ਕੱਟਾਂ’ ’ਤੇ ਕੋਈ ਫੈਸਲਾ ਨਹੀਂ ਲਿਆ ਅਤੇ ਆਖ਼ਿਰਕਾਰ ਫ਼ਿਲਮ ਨੂੰ ਇਕ ਨਵੇਂ ਟਾਈਟਲ ਦੇ ਨਾਲ ਓ.ਟੀ.ਟੀ. ’ਤੇ ਰਿਲੀਜ਼ ਕਰ ਦਿੱਤਾ। ਓਧਰ, ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਉਨ੍ਹਾਂ ਦੀ ਫ਼ਿਲਮ ‘ਸਤਲੁਜ’ ’ਤੇ ਰੋਕ ਲੱਗਣੀ ਤੈਅ ਸੀ ਅਤੇ ਉਨ੍ਹਾਂ ਨੂੰ ਪਹਿਲਾਂ ਹੀ ਇਸ ਦਾ ਅੰਦਾਜ਼ਾ ਸੀ।
