ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : CBI ਜਾਂਚ ਨੂੰ ਲੈ ਕੇ ਪਟਨਾ ਹਾਈਕੋਰਟ ‘ਚ ਪਟੀਸ਼ਨ ਦਾਇਰ
Friday, Jul 31, 2020 - 01:01 PM (IST)

ਮੁੰਬਈ (ਵੈੱਬ ਡੈਸਕ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਕੇਸ ਹੁਣ ਕਾਨੂੰਨੀ ਉਲਝਣਾਂ ‘ਚ ਫਸਦਾ ਨਜ਼ਰ ਆ ਰਿਹਾ ਹੈ। ਬੰਬੇ ਹਾਈਕੋਰਟ ਤੋਂ ਬਾਅਦ ਹੁਣ ਸੀ. ਬੀ. ਆਈ. ਜਾਂਚ ਸਬੰਧੀ ਪਟਨਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤਾਜ਼ਾ ਪਟੀਸ਼ਨ ’ਚ ਮੁੰਬਈ ਪੁਲਸ ਦੀ ਜਾਂਚ ‘ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ’ਚ ਮੁੰਬਈ ਅਤੇ ਬਿਹਾਰ ਪੁਲਸ ਤਾਲਮੇਲ ਨਾਲ ਕੰਮ ਨਹੀਂ ਕਰ ਰਹੀ। ਪਟੀਸ਼ਨ ’ਚ ਵੀ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ ਹੈ। ਪਵਨ ਪ੍ਰਕਾਸ਼ ਪਾਠਕ ਤੇ ਗੌਰਵ ਕੁਮਾਰ ਨੇ ਪਟਨਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਹਾਲਾਂਕਿ, ਅਦਾਲਤ ਨੇ ਅਜੇ ਇਹ ਫ਼ੈਸਲਾ ਕਰਨਾ ਹੈ ਕਿ ਉਹ ਪਟੀਸ਼ਨ ‘ਤੇ ਸੁਣਵਾਈ ਕਰੇਗੀ ਜਾਂ ਨਹੀਂ।
ਕੀ ਹਨ ਸੰਭਾਵਨਾਵਾਂ :-
ਹੁਣ ਇੱਕ ਨਹੀਂ ਸਗੋਂ ਦੋ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸੀ. ਬੀ. ਆਈ. ਜਾਂਚ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਬਹੁਤ ਹੱਦ ਤੱਕ ਇਹ ਸੰਭਵ ਹੈ ਕਿ ਇਹ ਕੇਸ ਕਿਸੇ ਵੀ ਸਮੇਂ ਸੀ. ਬੀ. ਆਈ. ਨੂੰ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਮਹਾਰਾਸ਼ਟਰ ਸਰਕਾਰ ਨਿਰੰਤਰ ਇਸ ਦਾ ਵਿਰੋਧ ਕਰ ਰਹੀ ਹੈ ਪਰ ਬਿਹਾਰ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ’ਚ ਸੀ. ਬੀ. ਆਈ. ਜਾਂਚ ਦੇ ਹੱਕ ’ਚ ਹੈ। ਇਸ ਤੋਂ ਇਲਾਵਾ ਬੰਬੇ ਹਾਈਕੋਰਟ ਤੇ ਬਿਹਾਰ ਹਾਈਕੋਰਟ ’ਚ ਸੀ. ਬੀ. ਆਈ. ਜਾਂਚ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਗਈ ਹੈ।
Sushant Singh Rajput death case: A letter petition has been filed in Patna High Court seeking transfer of investigation from Patna State Police to the Central Bureau of Investigation (CBI). pic.twitter.com/Vmi8zwZ31V
— ANI (@ANI) July 31, 2020
ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਕਾਨੂੰਨ ਵਿਵਸਥਾ ਮੁਤਾਬਕ ਅਦਾਲਤ ਕੇਂਦਰ ਸਰਕਾਰ ਨੂੰ ਸੀ. ਬੀ. ਆਈ. ਜਾਂਚ ਦੇ ਆਦੇਸ਼ ਦੇ ਸਕਦੀ ਹੈ। ਨਾਲ ਹੀ, ਅਦਾਲਤ ਇੱਕ ਬੈਂਚ ਵੀ ਸਥਾਪਤ ਕਰ ਸਕਦੀ ਹੈ, ਜੋ ਕੇਸ ਦੀ ਜਾਂਚ ਦੀ ਕਾਰਵਾਈ ‘ਤੇ ਗੌਰ ਕਰ ਸਕਦੀ ਹੈ।