ਸਾਊਥ ਸੁਪਰਸਟਾਰ ਕਿੱਚਾ ਸੁਦੀਪ ਨੂੰ ਮਿਲੀ ਧਮਕੀ ਭਰੀ ਚਿੱਠੀ, ਨਿੱਜੀ ਵੀਡੀਓ ਲੀਕ ਕਰਨ ਦੀ ਚਿਤਾਵਨੀ
Wednesday, Apr 05, 2023 - 04:42 PM (IST)

ਮੁੰਬਈ (ਬਿਊਰੋ)– ਕੰਨੜਾ ਸੁਪਰਸਟਾਰ ਕਿੱਚਾ ਸੁਦੀਪ ਦੇ ਮੈਨੇਜਰ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਉਸ ਚਿੱਠੀ ’ਚ ਅਦਾਕਾਰ ਦੀ ਨਿੱਜੀ ਵੀਡੀਓ ਲੀਕ ਕਰਨ ਦੀ ਗੱਲ ਲਿਖੀ ਹੈ। ਇਹ ਧਮਕੀ ਭਰੀ ਚਿੱਠੀ ਅਜਿਹੇ ਸਮੇਂ ’ਚ ਆਈ ਹੈ, ਜਦੋਂ ਕਿੱਚਾ ਸੁਦੀਪ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਉਸ ਦੇ ਮੈਨੇਜਰ ਨੇ ਇਸ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਰਨਾਟਕ ’ਚ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ਖ਼ਬਰਾਂ ਆ ਰਹੀਆਂ ਹਨ ਕਿ ਕਿੱਚਾ ਸੁਦੀਪ ਅੱਜ ਯਾਨੀ 5 ਅਪ੍ਰੈਲ ਨੂੰ ਆਪਣੇ ਪ੍ਰਸ਼ੰਸਕਾਂ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਕੌਣ ਰੋਕ ਰਹੇ ਮੂਸੇ ਵਾਲਾ ਦੇ ਹੱਕ ’ਚ ਬੋਲਣ ਤੋਂ? ਰੁਪਿੰਦਰ ਹਾਂਡਾ ਨੇ ਫੇਸਬੁੱਕ ’ਤੇ ਸਾਂਝੀ ਕੀਤੀ ਪੋਸਟ
ਸੁਦੀਪ ਦੇ ਮੈਨੇਜਰ ਜੈਕ ਮੰਜੂ ਨੇ ਇਸ ਮਾਮਲੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 04, 506 ਤੇ 120 (ਬੀ) ਦੇ ਤਹਿਤ ਵੀ ਮਾਮਲਾ ਦਰਜ ਕਰ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਅਧਿਕਾਰੀ ਇਸ ਮਾਮਲੇ ਨੂੰ ਕੇਂਦਰੀ ਅਪਰਾਧ ਸ਼ਾਖਾ (ਸੀ. ਸੀ. ਬੀ.) ਨੂੰ ਸੌਂਪਣ ’ਤੇ ਵੀ ਵਿਚਾਰ ਕਰ ਰਹੇ ਹਨ।
ਕਰਨਾਟਕ ’ਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਕਿੱਚਾ ਸੁਦੀਪ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਜਾ ਰਹੇ ਹਨ। ਫਰਵਰੀ ’ਚ ਉਹ ਮੁੱਖ ਮੰਤਰੀ ਬਸਵਰਾਜ ਬੋਮਈ ਸਮੇਤ ਭਾਜਪਾ ਦੇ ਕੁਝ ਸੀਨੀਅਰ ਨੇਤਾਵਾਂ ਨੂੰ ਮਿਲੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।