ਸਿਮਰਨ ਕੌਰ ਧਾਦਲੀ ਦੇ ਗੀਤ ‘ਲਹੂ ਦੀ ਆਵਾਜ਼’ ਨੇ ਫੈਮੇਨਿਜ਼ਮ ਨੂੰ ਲੈ ਕੇ ਛੇੜੀ ਨਵੀਂ ਚਰਚਾ (ਵੀਡੀਓ)

2021-09-14T15:09:48.967

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਪੰਜਾਬੀ ਗਾਇਕਾ ਸਿਮਰਨ ਕੌਰ ਧਾਦਲੀ ਦਾ ਗੀਤ ‘ਲਹੂ ਦੀ ਆਵਾਜ਼’ ਰਿਲੀਜ਼ ਹੋਇਆ ਹੈ। ਇਸ ਗੀਤ ਨੇ ਸੋਸ਼ਲ ਮੀਡੀਆ ’ਤੇ ਫੈਮੇਨਿਜ਼ਮ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।

ਅਸਲ ’ਚ ਗੀਤ ’ਚ ਸਿਮਰਨ ਨੇ ਉਨ੍ਹਾਂ ਕੁੜੀਆਂ ’ਤੇ ਤੰਜ ਕੱਸਿਆ ਹੈ, ਜੋ ਵਿਊਜ਼ ਤੇ ਫਾਲੋਅਰਜ਼ ਲਈ ਜਿਸਮ ਦੀ ਨੁਮਾਇਸ਼ ਕਰਦੀਆਂ ਹਨ। ਉਥੇ ਗੀਤ ’ਚ ਕੁਝ ਅਜਿਹੀਆਂ ਇੰਸਟਾਗ੍ਰਾਮ ਰੀਲਜ਼ ਵੀ ਦਿਖਾਈਆਂ ਗਈਆਂ ਹਨ, ਜੋ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।

ਗੀਤ ’ਚ ਸਿਮਰਨ ਕੌਰ ਧਾਦਲੀ ਨੇ ਹਾਲ ਹੀ ’ਚ ‘ਬਿੱਗ ਬੌਸ ਓ. ਟੀ. ਟੀ.’ ’ਚੋਂ ਬਾਹਰ ਹੋਈ ਮੂਸ ਜਟਾਣਾ ਨੂੰ ਲੈ ਕੇ ਵੀ ਟਿੱਪਣੀ ਕੀਤੀ ਹੈ। ਦੱਸ ਦੇਈਏ ਕਿ ਮੂਸ ਜਟਾਣਾ ਆਪਣੀ ਇਕ ਵੀਡੀਓ ਨੂੰ ਲੈ ਕੇ ਕਾਫੀ ਵਿਵਾਦਾਂ ’ਚ ਰਹੀ ਸੀ।

ਉਥੇ ਸਿਮਰਨ ਨੇ ਗੀਤ ’ਚ ਇਤਿਹਾਸ ਦੀ ਗੱਲ ਵੀ ਕੀਤੀ ਹੈ। ਗੀਤ ਨੂੰ ਸਿਮਰਨ ਨੇ ਆਪਣੇ ਅਧਿਕਾਰਕ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਹੈ, ਜਿਸ ਨੂੰ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਗੀਤ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh