MP ਸਰਕਾਰ ਦੀ ਚਿਤਾਵਨੀ ਤੋਂ ਬਾਅਦ 'ਸਾਰੇਗਾਮਾ' ਦਾ ਵੱਡਾ ਐਕਸ਼ਨ, ਸੋਸ਼ਲ ਮੀਡੀਆ 'ਤੇ ਲਿਖੀ ਇਹ ਪੋਸਟ
Monday, Dec 27, 2021 - 11:14 AM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੇ ਗੀਤ 'ਮਧੁਬਨ ਮੇਂ ਰਾਧਿਕਾ ਨਾਚੇ ਰੇ' ਨੂੰ ਲੈ ਕੇ ਲਗਾਤਾਰ ਵਿਵਾਦ ਹੋ ਰਿਹਾ ਹੈ। ਗੀਤ ਵਿਰੁੱਧ ਹੁੰਦਾ ਵਿਰੋਧ ਵੇਖ ਕੇ ਮਿਊਜ਼ਿਕ ਕੰਪਨੀ ਸਾਰੇਗਾਮਾ ਨੇ ਮੁਆਫ਼ੀ ਮੰਗ ਲਈ ਹੈ। ਵਿਰੋਧ ਤੋਂ ਬਾਅਦ ਇਸ ਗੀਤ ਨੂੰ ਰਿਲੀਜ਼ ਕਰਨ ਵਾਲੀ ਮਿਊਜ਼ਿਕ ਕੰਪਨੀ ਸਾਰੇਗਾਮਾ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਗੀਤ ਲਈ ਮੁਆਫ਼ੀ ਮੰਗੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗੀਤ ਦੇ ਬੋਲ ਜਲਦ ਬਦਲਣ ਦੀ ਜਾਣਕਾਰੀ ਵੀ ਦਿੱਤੀ ਹੈ। ਸਾਰੇਗਾਮਾ ਨੇ ਕਿਹਾ ਕਿ ਜਲਦ ਹੀ ਇਸ ਗੀਤ ਦੇ ਬੋਲ ਬਦਲ ਦਿੱਤੇ ਜਾਣਗੇ ਅਤੇ ਸਾਰੇ ਹੀ ਪਲੇਟਫਾਰਮਾਂ 'ਤੇ ਪੁਰਾਣੇ ਗੀਤ ਨੂੰ ਨਵੇਂ ਗੀਤ ਨਾਲ ਰਿਪਲੇਸ ਕਰ ਦਿੱਤਾ ਜਾਵੇਗਾ।
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਸੰਤਾਂ ਦੇ ਵਿਰੋਧ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਸਰਕਾਰ ਨੇ ਗੀਤ ਬਣਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ''ਜੇਕਰ ਤਿੰਨ ਦਿਨ 'ਚ ਇਹ ਗੀਤ ਨਾ ਹਟਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਕੁਝ ਅਧਰਮੀ ਲਗਾਤਾਰ ਹਿੰਦੂ ਆਸਥਾਵਾਂ ਨੂੰ ਸੱਟ ਪਹੁੰਚਾ ਰਹੇ ਹਨ। 'ਮਧੁਬਨ ਮੇਂ ਰਾਧਿਕਾ ਨਾਚੇ ਰੇ' ਅਜਿਹੀ ਹੀ ਨਿੰਦਣਯੋਗ ਕੋਸ਼ਿਸ਼ ਹੈ। ਮਾਂ ਰਾਧਾ ਈਸ਼ਵਰ ਦੇ ਬਰਾਬਰ ਹਨ। ਉਨ੍ਹਾਂ ਕਿਹਾ ਕਿ ਉਹ ਸੰਨੀ ਲਿਓਨ ਅਤੇ ਸ਼ਾਰਿਬ ਤੋਸ਼ੀ ਨੂੰ ਹਿਦਾਇਤ ਦੇ ਰਹੇ ਹਨ ਕਿ ਉਹ ਸਮਝਣ ਅਤੇ ਸੰਭਲਣ। ਜੇਕਰ ਤਿੰਨ ਦਿਨਾਂ 'ਚ ਦੋਵਾਂ ਨੇ ਮੁਆਫੀ ਮੰਗ ਕੇ ਗੀਤ ਨਾ ਹਟਾਇਆ ਤਾਂ ਉਨ੍ਹਾਂ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ।''
Announcement: 🙏 pic.twitter.com/lOJotcd04p
— Saregama (@saregamaglobal) December 26, 2021
ਦੱਸਣਯੋਗ ਹੈ ਕਿ ਗੀਤ 'ਮਧੁਬਨ ਮੇਂ ਰਾਧਿਕਾ ਨਾਚੇ ਰੇ' 22 ਦਸੰਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਿਆ ਸੀ। ਇਸ ਗੀਤ ਨੂੰ ਮਸ਼ਹੂਰ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਤੇ ਗਾਇਕ ਅਰਿੰਦਮ ਚੱਕਰਵਰਤੀ ਨੇ ਮਿਲ ਕੇ ਗਾਇਆ, ਜਿਸ ਦੇ ਬੋਲ ਮਨੋਜ ਯਾਦਵ ਵੱਲੋਂ ਲਿਖੇ ਗਏ ਸਨ। ਇਹ ਗੀਤ ਐਲਬਮ 'ਮਧੁਬਨ' ਦਾ ਟਾਈਟਲ ਸਾਂਗ ਹੈ, ਜਿਸ ਨੂੰ 'ਸਾਰੇਗਾਮਾ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ।