ਸੀਰੀਜ਼ ''ਕਪਤਾਨ'' ਦੀ ਸ਼ੂਟਿੰਗ ਦੌਰਾਨ ਖ਼ਤਰਨਾਕ ਸਟੰਟ ਕਰਦੇ ਹੋਏ ਜ਼ਖ਼ਮੀ ਹੋ ਗਏ ਸਨ ਸਾਕਿਬ ਸਲੀਮ
Saturday, Apr 04, 2026 - 04:31 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰ ਸਾਕਿਬ ਸਲੀਮ ਇਨੀਂ ਦਿਨੀਂ ਆਪਣੀ ਨਵੀਂ ਐਕਸ਼ਨ ਥ੍ਰਿਲਰ ਸੀਰੀਜ਼ 'ਕਪਤਾਨ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਜਿੱਥੇ ਇੱਕ ਪਾਸੇ ਪ੍ਰਸ਼ੰਸਕ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਹ ਖ਼ਬਰ ਸਾਹਮਣੇ ਆਈ ਹੈ ਕਿ ਇਸ ਸੀਰੀਜ਼ ਦੇ ਇੱਕ ਖ਼ਤਰਨਾਕ ਸਟੰਟ ਦੌਰਾਨ ਸਾਕਿਬ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ।
ਕਿਵੇਂ ਹੋਇਆ ਹਾਦਸਾ?
ਸਾਕਿਬ ਸਲੀਮ ਨੇ ਖੁਦ ਇਸ ਘਟਨਾ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ, "ਐਕਸ਼ਨ ਸੀਨ ਜਿੰਨਾ ਪਰਦੇ 'ਤੇ ਰੋਮਾਂਚਕ ਲੱਗਦਾ ਹੈ, ਉਸ ਨੂੰ ਫਿਲਮਾਉਣ ਵੇਲੇ ਉਨਾ ਹੀ ਖਤਰਾ ਹੁੰਦਾ ਹੈ। ਇੱਕ ਸ਼ਾਟ ਦੌਰਾਨ ਮੈਂ ਆਪਣੀ ਗੁੱਟ (ਕਲਾਈ) ਦੇ ਭਾਰ ਹੇਠਾਂ ਡਿੱਗ ਗਿਆ। ਮੂਵਮੈਂਟ ਇੰਨੀ ਅਚਾਨਕ ਸੀ ਕਿ ਮੈਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਗੁੱਟ 'ਤੇ ਸੱਟ ਲੱਗ ਗਈ।"
ਸੁਰੱਖਿਆ ਦੇ ਬਾਵਜੂਦ ਲੱਗੀ ਸੱਟ
ਅਦਾਕਾਰ ਨੇ ਅੱਗੇ ਕਿਹਾ ਕਿ ਸੈੱਟ 'ਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਸਨ, ਪਰ ਸੀਨ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਉਹ ਪੂਰੀ ਤਰ੍ਹਾਂ ਉਸ ਵਿੱਚ ਡੁੱਬੇ ਹੋਏ ਸਨ। ਖੁਸ਼ਕਿਸਮਤੀ ਇਹ ਰਹੀ ਕਿ ਸੱਟ ਜ਼ਿਆਦਾ ਗੰਭੀਰ ਨਹੀਂ ਸੀ ਅਤੇ ਕੁਝ ਸਮੇਂ ਬਾਅਦ ਉਹ ਦੁਬਾਰਾ ਕੰਮ 'ਤੇ ਪਰਤ ਆਏ। ਸਾਕਿਬ ਦਾ ਕਹਿਣਾ ਹੈ ਕਿ ਉਹ ਇਸ ਸੀਰੀਜ਼ ਦੇ ਐਕਸ਼ਨ ਨੂੰ 'ਰੌਅ ਅਤੇ ਰੀਅਲ' ਰੱਖਣਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੇ ਜੀ-ਤੋੜ ਮਿਹਨਤ ਕੀਤੀ ਹੈ।
ਪੁਲਸ ਅਧਿਕਾਰੀ ਦੇ ਰੋਲ 'ਚ ਆ ਰਹੇ ਹਨ ਨਜ਼ਰ
ਦੱਸਣਯੋਗ ਹੈ ਕਿ ਸੀਰੀਜ਼ 'ਕਪਤਾਨ' ਵਿੱਚ ਸਾਕਿਬ ਸਲੀਮ ਇੱਕ ਸਮਰਪਿਤ ਪੁਲਸ ਅਧਿਕਾਰੀ ਸਮਰਦੀਪ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਦੀ ਇਹ ਸੀਰੀਜ਼ ਐਮਾਜ਼ਾਨ ਐਮਐਕਸ ਪਲੇਅਰ 'ਤੇ ਸਟ੍ਰੀਮ ਹੋ ਰਹੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
