‘ਆਦਿਪੁਰਸ਼’ ’ਚ ਸੈਫ ਅਲੀ ਖ਼ਾਨ ਦੇ ਲੁੱਕ ’ਚ ਹੋਵੇਗਾ ਵੱਡਾ ਬਦਲਾਅ, 30 ਕਰੋੜ ਦਾ ਆਵੇਗਾ ਖ਼ਰਚ

11/16/2022 10:37:47 AM

ਮੁੰਬਈ (ਬਿਊਰੋ)– ਡਾਇਰੈਕਟਰ ਓਮ ਰਾਓ ਦੀ ਫ਼ਿਲਮ ‘ਆਦਿਪੁਰਸ਼’ ਪਿਛਲੇ ਇਕ-ਢੇਡ ਮਹੀਨੇ ਤੋਂ ਸੁਰਖ਼ੀਆਂ ’ਚ ਛਾਈ ਹੋਈ ਹੈ। ਜਦੋਂ ਤੋਂ ਇਸ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਇਸ ’ਤੇ ਵਿਵਾਦ ਦੇ ਬੱਦਲ ਛਾਏ ਹੋਏ ਹਨ। ਫ਼ਿਲਮ ਦੇ ਵੀ. ਐੱਫ. ਐਕਸ. ’ਤੇ ਕਈ ਲੋਕਾਂ ਨੇ ਉਂਗਲ ਚੁੱਕੀ ਸੀ। ਨਾਲ ਹੀ ਕਹਾਣੀ ’ਤੇ ਵੀ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਸੀ ਤੇ ਬਾਈਕਾਟ ਦੀ ਮੰਗ ਕੀਤੀ ਸੀ।

ਇਸ ਤੋਂ ਬਾਅਦ ਮੇਕਰਜ਼ ਨੇ ਇਸ ਫ਼ਿਲਮ ਨੂੰ ਜਨਵਰੀ ਦੀ ਬਜਾਏ ਜੂਨ ’ਚ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ’ਚ ਕੁਝ ਬਦਲਾਅ ਕਰਨਗੇ। ਹੁਣ ਖ਼ਬਰ ਆ ਰਹੀ ਹੈ ਕਿ ਸੈਫ ਅਲੀ ਖ਼ਾਨ ਦੇ ਲੁੱਕ ’ਚ ਵੀ ਤਬਦੀਲੀ ਕੀਤੀ ਜਾਵੇਗੀ।

ਅਸਲ ’ਚ ਸੈਫ ਅਲੀ ਖ਼ਾਨ ‘ਆਦਿਪੁਰਸ਼’ ’ਚ ਰਾਵਣ ਦਾ ਕਿਰਦਾਰ ਨਿਭਾਅ ਰਹੇ ਹਨ। ਜਦੋਂ ਟੀਜ਼ਰ ਰਿਲੀਜ਼ ਹੋਇਆ ਸੀ ਤਾਂ ਸਾਰਿਆਂ ਨੇ ਸੈਫ ਦੇ ਲੁੱਕ ਨੂੰ ਲੈ ਕੇ ਇਤਰਾਜ਼ ਜਤਾਇਆ ਸੀ। ਸੈਫ ਦੀ ਦਾੜ੍ਹੀ-ਮੁੱਛ ’ਤੇ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਸੋਸ਼ਲ ਮੀਡੀਆ ’ਤੇ ਰੱਜ ਕੇ ਵਿਰੋਧ ਵੀ ਦੇਖਣ ਨੂੰ ਮਿਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਹੁਣ ਖ਼ਬਰ ਆ ਰਹੀ ਹੈ ਕਿ ਮੇਕਰਜ਼ ਨੇ ਇਸ ਦਾ ਵੀ ਇਲਾਜ ਲੱਭ ਲਿਆ ਹੈ। ਉਹ ਹੁਣ ਅਦਾਕਾਰ ਦੀ ਦਾੜ੍ਹੀ ਤੇ ਮੁੱਛ ਵੀ. ਐੱਫ. ਐਕਸ. ਰਾਹੀਂ ਹਟਾਉਣਗੇ। ਈਟਾਈਮਜ਼ ਦੀ ਖ਼ਬਰ ਮੁਤਾਬਕ ਸੈਫ ਦੇ ਲੁੱਕ ’ਤੇ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਹੁਣ ਡਿਜੀਟਲੀ ਅਦਾਕਾਰ ਦੇ ਲੁੱਕ ਨੂੰ ਬਦਲਿਆ ਜਾਵੇਗਾ। ਉਨ੍ਹਾਂ ਦੀ ਦਾੜ੍ਹੀ ਹਟਾਈ ਜਾਵੇਗੀ।

ਰਿਪੋਰਟ ਮੁਤਾਬਕ ਟੀਜ਼ਰ ਤੋਂ ਬਾਅਦ ਜਿਸ ਤਰ੍ਹਾਂ ਵਿਵਾਦ ਹੋਇਆ ਹੈ, ਉਸ ਹਿਸਾਬ ਨਾਲ ਫ਼ਿਲਮ ’ਚ ਬਦਲਾਅ ਕਰਨ ਲਈ ਲਗਭਗ 30 ਕਰੋੜ ਰੁਪਏ ਦਾ ਖਰਚਾ ਆਵੇਗਾ। ਹਾਲਾਂਕਿ ਅਜੇ ਇਸ ਬਾਰੇ ਕੋਈ ਵੀ ਅਧਿਕਾਰਕ ਜਾਣਕਾਰੀ ਨਹੀਂ ਆਈ ਹੈ। ਹਾਂ, ਸਿਰਫ ਡਾਇਰੈਕਟਰ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ’ਤੇ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਦੱਸੀ ਸੀ। ਹੁਣ ਇਹ ਫ਼ਿਲਮ ਵੱਡੇ ਬਦਲਾਅ ਨਾਲ 16 ਜੂਨ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News