''ਅਸੀਂ ਵੀ ਮਿਹਨਤ ਕਰਦੇ ਹਾਂ'', ਰੁਪਾਲੀ ਗਾਂਗੁਲੀ ਨੇ TV ਕਲਾਕਾਰਾਂ ਲਈ ਕੀਤੀ ਰਾਸ਼ਟਰੀ ਪੁਰਸਕਾਰਾਂ ਦੀ ਮੰਗ

Tuesday, Aug 05, 2025 - 04:42 PM (IST)

''ਅਸੀਂ ਵੀ ਮਿਹਨਤ ਕਰਦੇ ਹਾਂ'', ਰੁਪਾਲੀ ਗਾਂਗੁਲੀ ਨੇ TV ਕਲਾਕਾਰਾਂ ਲਈ ਕੀਤੀ ਰਾਸ਼ਟਰੀ ਪੁਰਸਕਾਰਾਂ ਦੀ ਮੰਗ

ਨਵੀਂ ਦਿੱਲੀ (ਏਜੰਸੀ)– ਪ੍ਰਸਿੱਧ ਟੀਵੀ ਅਦਾਕਾਰਾ ਰੁਪਾਲੀ ਗਾਂਗੁਲੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਟੈਲੀਵੀਜ਼ਨ ਕਲਾਕਾਰਾਂ ਲਈ ਵੀ ਰਾਸ਼ਟਰੀ ਇਨਾਮਾਂ ਦੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਅਨੁਸਾਰ, ਟੀਵੀ ਅਦਾਕਾਰ ਵੀ ਫਿਲਮ ਸਿਤਾਰਿਆਂ ਵਾਂਗ ਬਰਾਬਰ ਦੀ ਮਿਹਨਤ ਕਰਦੇ ਹਨ ਪਰ ਉਨ੍ਹਾਂ ਨੂੰ ਕਦੇ ਵੀ ਉਹ ਮਾਣ ਅਤੇ ਮਾਨਤਾ ਨਹੀਂ ਮਿਲਦੀ, ਜਿਸ ਦੇ ਉਹ ਹੱਕਦਾਰ ਹਨ।

"ਸਭ ਲਈ ਇਨਾਮ ਹਨ, ਪਰ ਟੀਵੀ ਕਲਾਕਾਰਾਂ ਲਈ ਨਹੀਂ"

'ਅਨੁਪਮਾ' ਫੇਮ ਰੁਪਾਲੀ ਗਾਂਗੁਲੀ ਨੇ ਇੱਕ ਇਵੈਂਟ ਦੌਰਾਨ ਕਿਹਾ, “ਫਿਲਮ ਸਿਤਾਰਿਆਂ ਤੋਂ ਲੈ ਕੇ ਸੋਸ਼ਲ ਮੀਡੀਆ ਕੰਟੈਂਟ ਕਰੀਏਟਰਾਂ ਤੱਕ ਸਭ ਨੂੰ ਰਾਸ਼ਟਰੀ ਪੁਰਸਕਾਰ ਮਿਲਦੇ ਹਨ, ਪਰ ਟੀਵੀ ਕਲਾਕਾਰਾਂ ਲਈ ਅਜੇ ਤੱਕ ਕੋਈ ਐਸਾ ਪੁਰਸਕਾਰ ਨਹੀਂ ਬਣਾਇਆ ਗਿਆ।” ਉਨ੍ਹਾਂ ਇਹ ਵੀ ਕਿਹਾ ਕਿ, “ਜਦੋਂ ਕੋਈ ਫਿਲਮੀ ਸਿਤਾਰਾ ਲਗਾਤਾਰ ਕੰਮ ਕਰਦਾ ਹੈ ਤਾਂ ਉਹ ਸੁਰਖੀਆਂ ਬਣ ਜਾਂਦਾ ਹੈ ਪਰ ਜਦੋਂ ਅਸੀਂ ਟੀਵੀ ਕਲਾਕਾਰ ਕੋਰੋਨਾ ਮਹਾਂਮਾਰੀ ਦੌਰਾਨ ਵੀ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਤਾਰ ਕੰਮ ਕਰਦੇ ਰਹੇ, ਤਾਂ ਕਿਸੇ ਨੇ ਵੀ ਇਸ ਬਾਰੇ ਗੱਲ ਨਹੀਂ ਕੀਤੀ।”

"ਸਾਨੂੰ ਵੀ ਮਿਲੇ ਮਾਨਤਾ"

ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ, “ਟੈਲੀਵੀਜ਼ਨ ਕਲਾਕਾਰ ਵੀ ਕਾਫ਼ੀ ਮਿਹਨਤ ਕਰਦੇ ਹਨ। ਅਸੀਂ ਵੀ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਾਂ, ਸਾਡੀ ਭੂਮਿਕਾ ਵੀ ਮਹੱਤਵਪੂਰਨ ਹੈ। ਸਾਨੂੰ ਵੀ ਮਾਨਤਾ ਮਿਲਣੀ ਚਾਹੀਦੀ ਹੈ।”

ਲੰਬਾ ਤੇ ਸਫਲ ਟੀਵੀ ਕਰੀਅਰ

ਰੁਪਾਲੀ ਗਾਂਗੁਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਸਾਰਾਭਾਈ ਵਰਸਿਜ਼ ਸਾਰਾਭਾਈ’ ਵਿਚ ਮੋਨਿਸ਼ਾ ਦੇ ਕਿਰਦਾਰ ਨਾਲ ਕੀਤੀ ਸੀ। ਫਿਰ ਉਹ ‘ਪਰਵਰਿਸ਼ – ਕੁਝ ਖੱਟੀ ਕੁਝ ਮਿੱਠੀ’ ਵਿੱਚ ਵੀ ਨਜ਼ਰ ਆਈ। ਹੁਣ ਉਹ ‘ਅਨੁਪਮਾ’ ਵਿੱਚ ਮੁੱਖ ਭੂਮਿਕਾ ਨਿਭਾ ਰਹੀਆਂ ਹਨ, ਜੋ ਪਿਛਲੇ 5 ਸਾਲਾਂ ਤੋਂ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੀਵੀ ਸ਼ੋਅ ਬਣਿਆ ਹੋਇਆ ਹੈ। ਰੁਪਾਲੀ ਗਾਂਗੁਲੀ ਦੀ ਇਹ ਮੰਗ ਟੀਵੀ ਇੰਡਸਟਰੀ ਦੇ ਕਈ ਹੋਰ ਕਲਾਕਾਰਾਂ ਦੀ ਆਵਾਜ਼ ਬਣ ਰਹੀ ਹੈ, ਜੋ ਕਈ ਦਹਾਕਿਆਂ ਤੋਂ ਚੁੱਪ-ਚਾਪ ਆਪਣੀ ਮਿਹਨਤ ਰਾਹੀਂ ਦਰਸ਼ਕਾਂ ਦੇ ਦਿਲ ਜਿੱਤ ਰਹੇ ਹਨ।


author

cherry

Content Editor

Related News