‘ਆਸ਼ਿਕੀ’ ਫੇਮ ਰਾਹੁਲ ਰਾਏ ਨੂੰ ਪਿਆ ਦਿਮਾਗੀ ਦੌਰਾ, ਹਸਪਤਾਲ ਦਾਖ਼ਲ

11/30/2020 1:40:47 PM

ਜਲੰਧਰ (ਬਿਊਰੋ)– 1990 ’ਚ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ‘ਆਸ਼ਿਕੀ’ ਨਾਲ ਰਾਤੋ-ਰਾਤ ਸਟਾਰ ਬਣੇ ਅਦਾਕਾਰ ਰਾਹੁਲ ਰਾਏ ਨੂੰ ਕਾਰਗਿਲ ’ਚ ਫਿਲਮ ‘ਐੱਲ. ਏ. ਸੀ. : ਲਿਵ ਦਿ ਬੈਟਲ’ ਦੀ ਸ਼ੂਟਿੰਗ ਦੌਰਾਨ ਦਿਮਾਗੀ ਦੌਰਾ ਪਿਆ। ਰਾਹੁਲ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ 54 ਸਾਲਾ ਅਦਾਕਾਰ ਰਾਹੁਲ ਰਾਏ ਨੂੰ 7 ਦਿਨ ਪਹਿਲਾਂ ਕਾਰਗਿਲ ’ਚ ਸ਼ੂਟਿੰਗ ਦੌਰਾਨ ਦਿਮਾਗੀ ਦੌਰਾ ਪਿਆ ਸੀ ਤੇ ਉਨ੍ਹਾਂ ਨੂੰ ਸ਼੍ਰੀਨਗਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 28-29 ਨਵੰਬਰ ਦੀ ਦਰਮਿਆਨੀ ਰਾਤ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ਇਕ ਨਿਊਜ਼ ਪੋਰਟਲ ਨੂੰ ਰਾਹੁਲ ਰਾਏ ਦੇ ਜੀਜਾ ਰੋਮੀਰ ਸੇਨ ਨੇ ਦੱਸਿਆ, ‘ਹਾਂ ਰਾਹੁਲ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਦਾਖ਼ਲ ਹਨ। ਕੋਵਿਡ ਕਾਰਨ ਉਨ੍ਹਾਂ ਨੂੰ ਸਾਵਧਾਨੀ ਵਜੋਂ ਆਈ. ਸੀ. ਯੂ. ’ਚ ਦਾਖ਼ਲ ਕਰਵਾਇਆ ਗਿਆ ਹੈ। ਰਾਹੁਲ ਰਾਏ ਦੀ ਕੋਵਿਡ ਰਿਪੋਰਟ ਨੈਗੇਟਿਵ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ।’

ਰਾਹੁਲ ਰਾਏ ਦੀ ਭੈਣ ਪ੍ਰਿਅੰਕਾ ਰਾਏ ਨੇ ਵੀ ਆਪਣੇ ਭਰਾ ਦੀ ਸਿਹਤ ’ਚ ਸੁਧਾਰ ਹੋਣ ਦੀ ਗੱਲ ਆਖੀ ਹੈ।


Rahul Singh

Content Editor Rahul Singh