ਗਾਇਕ ਜੈਜ਼ੀ ਬੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

Thursday, Jan 04, 2024 - 01:27 PM (IST)

ਗਾਇਕ ਜੈਜ਼ੀ ਬੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਜੈਜ਼ੀ ਬੀ ਨੇ ਜਨਵਰੀ 2023 'ਚ ਪੰਜਾਬੀ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਹਾਲ ਹੀ 'ਚ ਪੰਜਾਬੀ ਜੈਜ਼ੀ ਬੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਜੈਜ਼ੀ ਬੀ ਨੇ ਗੁਰੂ ਘਰ 'ਚ ਇਲਾਹੀ ਬਾਣੀ ਦਾ ਆਨੰਦ ਵੀ ਮਾਣਿਆ ਤੇ ਕੀਰਤਨ ਸਰਵਣ ਕੀਤਾ। 

PunjabKesari

ਦਰਬਾਰ ਸਾਹਿਬ ਪਹੁੰਚੇ ਜੈਜ਼ੀ ਬੀ ਨੇ ਆਖੀਆਂ ਇਹ ਗੱਲਾਂ
ਜੈਜ਼ੀ ਬੀ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵੇਂ ਸਾਲ ਮੌਕੇ ਗੁਰੂ ਘਰ 'ਚ ਮੱਥਾ ਟੇਕਣ ਲਈ ਆਏ ਹਾਂ। ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਕੌਮ ਚੜ੍ਹਦੀ ਕਲਾ 'ਚ ਰਹੇ। ਜੈਜ਼ੀ ਬੀ ਨੇ ਅੱਗੇ ਕਿਹਾ- ਜਿਹੜੀ ਸ਼ਾਂਤੀ ਮਨ ਨੂੰ ਗੁਰੂ ਘਰ ਆ ਕੇ ਮਿਲਦੀ ਹੈ, ਉਹ ਕਿਤੇ ਹੋਰ ਨਹੀਂ ਮਿਲਦੀ। ਅਸੀਂ ਜਦੋਂ ਵੀ ਆਪਣੇ ਸਟੇਜ ਸ਼ੋਅ ਦੌਰਾਨ ਸਟੇਜ 'ਤੇ ਚੜਦੇ ਹਾਂ ਤਾਂ ਸ਼ੁਰੂਆਤ ਬਾਣੀ ਤੋਂ ਹੀ ਕਰਦੇ ਹਾਂ, ਬਾਣੀ ਤੋਂ ਉੱਪਰ ਕੁਝ ਵੀ ਨਹੀਂ ਹੈ। ਇਸ ਤੋਂ ਇਲਾਵਾ ਜੈਜ਼ੀ ਬੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ- ਸੰਗਤਾਂ/ਲੋਕ ਆਪਸ 'ਚ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦਿਓ, ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਆਪਣੇ ਬੱਚਿਆ ਨੂੰ ਉਸ ਨਾਲ ਜ਼ਰੂਰ ਜੋੜੋ ਤੇ ਆਪਣੇ ਬੱਚਿਆ ਨੂੰ ਪੰਜਾਬੀ ਮਾਂ ਬੋਲੀ ਜ਼ਰੂਰ ਸਿਖਾਓ।

PunjabKesari

‘ਕ੍ਰਾਊਨ ਪ੍ਰਿੰਸ ਆਫ ਭੰਗੜਾ’ਵੀ ਪ੍ਰਸਿੱਧ ਹੈ ਜੈਜ਼ੀ ਬੀ
ਜੈਜ਼ੀ ਬੀ ਦਾ ਜਨਮ 1 ਅਪ੍ਰੈਲ, 1975 ਨੂੰ ਦੁਰਗਾਪੁਰ, ਨਵਾਂਸ਼ਹਿਰ ਵਿਖੇ ਹੋਇਆ। ਜੈਜ਼ੀ ਬੀ ਦਾ ਅਸਲੀ ਨਾਂ ਜਸਵਿੰਦਰ ਸਿੰਘ ਬੈਂਸ ਹੈ। ਪੰਜਾਬੀ ਸੰਗੀਤ ਜਗਤ ’ਚ ਜੈਜ਼ੀ ਬੀ ‘ਕ੍ਰਾਊਨ ਪ੍ਰਿੰਸ ਆਫ ਭੰਗੜਾ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਜੈਜ਼ੀ ਬੀ ਜਦੋਂ 5 ਸਾਲਾਂ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਵੈਨਕੂਵਰ, ਕੈਨੇਡਾ ਵਿਖੇ ਚਲਾ ਗਿਆ ਸੀ। ਜੈਜ਼ੀ ਨੇ ਕੈਨੇਡਾ ’ਚ ਹੀ ਆਪਣੀ ਮੁੱਢਲੀ ਪੜ੍ਹਾਈ ਪੂਰੀ ਕੀਤੀ। ਛੋਟੀ ਉਮਰ ’ਚ ਹੀ ਜੈਜ਼ੀ ਬੀ ਨੂੰ ਸੰਗੀਤ ਨਾਲ ਲਗਾਅ ਹੋ ਗਿਆ। ਜੈਜ਼ੀ ਬਚਪਨ ਤੋਂ ਹੀ ਕੁਲਦੀਪ ਮਾਣਕ ਨੂੰ ਸੁਣਨਾ ਪਸੰਦ ਕਰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਜੈਜ਼ੀ 4 ਸਾਲਾਂ ਦੇ ਸਨ ਤਾਂ ਉਦੋਂ ਉਨ੍ਹਾਂ ਦੇ ਪਿੰਡ ’ਚ ਕੁਲਦੀਪ ਮਾਣਕ ਨੇ ਲਾਈਵ ਸ਼ੋਅ ਕੀਤਾ ਸੀ, ਜਿਸ ਤੋਂ ਬਾਅਦ ਜੈਜ਼ੀ ਬੀ ਨੂੰ ਸੰਗੀਤ ਨਾਲ ਲਗਾਅ ਹੋਣਾ ਸ਼ੁਰੂ ਹੋ ਗਿਆ।

ਕੈਨੇਡਾ 'ਚ ਕੀਤੇ ਅਜਿਹੇ ਕੰਮ
ਕੈਨੇਡਾ ’ਚ ਜੈਜ਼ੀ ਸਕੂਲ ਸਮੇਂ ਏਅਰ ਬੈਂਡ ਵਜਾਉਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭੰਗੜਾ ਪਾਉਣ ਤੇ ਪੰਜਾਬੀ ਗੀਤ ਗਾਉਣ ਦਾ ਵੀ ਸ਼ੌਕ ਸੀ। ਜਦੋਂ ਜੈਜ਼ੀ ਬੀ ਗ੍ਰੈਜੂਏਸ਼ਨ ਕਰ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਪਾਰਟ-ਟਾਈਮ ਕੰਸਟ੍ਰਕਸ਼ਨ ਵਰਕਰ ਵਜੋਂ ਵੀ ਕੰਮ ਕੀਤਾ। ਤਰਲੋਕ ਸਿੰਘ ਕੂਨਰ ਨਾਂ ਦੇ ਜਿਸ ਸ਼ਖਸ ਕੋਲ ਜੈਜ਼ੀ ਕੰਮ ਕਰਦੇ ਸਨ, ਉਨ੍ਹਾਂ ਨੇ ਹੀ ਜੈਜ਼ੀ ਬੀ ਨੂੰ ਆਪਣੀ ਮਿਊਜ਼ਿਕ ਐਲਬਮ ਰਿਲੀਜ਼ ਕਰਨ ਦੀ ਸਲਾਹ ਦਿੱਤੀ ਸੀ। ਇਥੋਂ ਤਕ ਕਿ ਉਨ੍ਹਾਂ ਨੇ ਜੈਜ਼ੀ ਬੀ ਦੀ ਪਹਿਲੀ ਐਲਬਮ ’ਤੇ 5000 ਡਾਲਰ ਵੀ ਖਰਚੇ ਸਨ।

PunjabKesari

ਹਿੱਟ ਗੀਤ
ਜੈਜ਼ੀ ਬੀ ਦੇ ਸ਼ੁਰੂਆਤੀ ਸਫਰ ਦੇ ਹਿੱਟ ਗੀਤਾਂ ’ਚ ‘ਅੱਖ ਦੇ ਇਸ਼ਾਰੇ’, ‘ਪਤਲੋ’ ਤੇ ‘ਰੱਲ ਖੁਸ਼ੀਆਂ ਮਨਾਈਏ’, ‘ਦਿਲ ਆ ਗਿਆ ਏ ਤੇਰੇ ਤੇ’, ‘ਲੰਡਨੋਂ ਪਟੋਲਾ’, ‘ਹੁਸਣਾ ਦੀ ਸਰਕਾਰ’ ਤੇ ‘ਨਾਗ’ ਸ਼ਾਮਲ ਹਨ। ਜੈਜ਼ੀ ਬੀ ਕਰੀਅਰ ਦੀ ਸ਼ੁਰੂਆਤ ਦੌਰਾਨ ਆਪਣੇ ਵੱਖਰੇ ਸਟਾਈਲ ਕਾਰਨ ਵੀ ਬੇਹੱਦ ਚਰਚਾ ’ਚ ਆਉਣ ਲੱਗੇ। ਜੈਜ਼ੀ ਬੀ ਦੇ ਸਟਾਈਲ ਨੂੰ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਫਾਲੋਅ ਕੀਤਾ ਜਾਣ ਲੱਗਾ। ਜੈਜ਼ੀ ਬੀ ਨੇ ਸਾਲ 2016 ’ਚ ਆਪਣਾ ਕੱਪੜਿਆਂ ਦਾ ਬ੍ਰੈਂਡ ‘ਬੀ ਜੈਜ਼ੀ’ ਵੀ ਲਾਂਚ ਕੀਤਾ ਸੀ। ਜੈਜ਼ੀ ਜਿਥੇ ਆਪਣੇ ਸਟਾਈਲ ਕਾਰਨ ਮਸ਼ਹੂਰ ਹੋਏ, ਉਥੇ ਕੁਝ ਲੋਕਾਂ ਵਲੋਂ ਉਨ੍ਹਾਂ ਦੇ ਸਟਾਈਲ ਦੀ ਨਿੰਦਿਆ ਵੀ ਕੀਤੀ ਜਾਣ ਲੱਗੀ। ਉਥੇ ਵਿਵਾਦਾਂ ਦੀ ਗੱਲ ਕਰੀਏ ਤਾਂ ਜੈਜ਼ੀ ਬੀ ਆਪਣੇ ਗੀਤ ‘ਰਾਈਜ਼ ਅਬਵ ਹੇਟ’ ਕਾਰਨ ਕਾਫੀ ਸੁਰਖ਼ੀਆਂ ’ਚ ਆਏ ਸਨ। ਇਹ ਗੀਤ ਐੱਮ. ਟੀ. ਵੀ. ਲਈ ਸ਼ੂਟ ਕੀਤਾ ਗਿਆ ਸੀ, ਜਿਸ ’ਚ ਜੈਜ਼ੀ ਬੀ ਨਾਲ ਮਿਲਿੰਦ ਗਾਬਾ ਵੀ ਦਿਖਾਈ ਦਿੱਤੇ ਸਨ।

PunjabKesari

ਫ਼ਿਲਮੀ ਕਰੀਅਰ
ਜੈਜ਼ੀ ਬੀ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੇ ਹਨ। ਜੈਜ਼ੀ ਨੇ ਪਾਲੀਵੁੱਡ ’ਚ ਸਾਲ 2013 ’ਚ ਆਈ ਫ਼ਿਲਮ ‘ਬੈਸਟ ਆਫ ਲੱਕ’ ਨਾਲ ਐਂਟਰੀ ਕੀਤੀ ਸੀ। ਇਸ ਫ਼ਿਲਮ ਲਈ ਜੈਜ਼ੀ ਨੂੰ ਬੈਸਟ ਮੇਲ ਡੈਬਿਊ ਐਕਟਰ ਦਾ ਐਵਾਰਡ ਵੀ ਮਿਲਿਆ ਸੀ। ਇਸ ਤੋਂ ਇਲਾਵਾ ਉਹ ‘ਰੋਮੀਓ ਰਾਂਝਾ’ ਫ਼ਿਲਮ ’ਚ ਵੀ ਨਜ਼ਰ ਆ ਚੁੱਕੇ ਹਨ।

PunjabKesari


author

sunita

Content Editor

Related News