‘ਬੀਬੀ ਰਜਨੀ’ ਦੇਖ ਪੰਜਾਬੀ ਸਿਨੇਮਾ ’ਤੇ ਮਾਣ ਮਹਿਸੂਸ ਹੋਵੇਗਾ

Thursday, Aug 29, 2024 - 05:12 PM (IST)

ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਰੂਪੀ ਗਿੱਲ, ਜੱਸ ਬਾਜਵਾ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਰਨੈਲ ਸਿੰਘ, ਬੀ. ਐੱਨ. ਸ਼ਰਮਾ ਤੇ ਸੀਮਾ ਕੌਸ਼ਲ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਹੈ, ਜੋ ਪਿੰਕੀ ਧਾਲੀਵਾਲ ਤੇ ਨਿਤਿਨ ਤਲਵਾਰ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ ਸਬੰਧੀ ਰੂਪੀ ਗਿੱਲ, ਜੱਸ ਬਾਜਵਾ ਤੇ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ, ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ– ‘ਬੀਬੀ ਰਜਨੀ’ ਦਾ ਕਿਰਦਾਰ ਨਿਭਾਉਣ ਲਈ ਖ਼ੁਦ ’ਤੇ ਕਿੰਨਾ ਭਰੋਸਾ ਸੀ?
ਰੂਪੀ ਗਿੱਲ– ਮੈਨੂੰ ਖ਼ੁਦ ’ਤੇ ਬਿਲਕੁਲ ਭਰੋਸਾ ਨਹੀਂ ਸੀ। ਉਂਝ ਵੀ ਮੈਨੂੰ ਕੋਈ ਵੀ ਕਿਰਦਾਰ ਹੋਵੇ, ਉਸ ਨੂੰ ਨਿਭਾਉਣ ਲਈ ਪਹਿਲਾਂ-ਪਹਿਲਾਂ ਆਤਮ ਵਿਸ਼ਵਾਸ ’ਚ ਨਹੀਂ ਹੁੰਦੀ। ਇਕ ਇਨਸਾਨ ਵਜੋਂ ਵੀ ਮੈਂ ਇੰਨੀ ਆਤਮ ਵਿਸ਼ਵਾਸ ’ਚ ਨਹੀਂ ਰਹਿੰਦੀ ਪਰ ਜਿਹੜੀ ਟੀਮ ਨੇ ਮੈਨੂੰ ਇਸ ਫ਼ਿਲਮ ਲਈ ਫੋਨ ਕੀਤਾ ਸੀ, ਉਸ ’ਤੇ ਮੈਨੂੰ ਪੂਰਾ ਭਰੋਸਾ ਸੀ। 

ਸਵਾਲ– ਇਤਿਹਾਸਕ ਫ਼ਿਲਮਾਂ ਦੇ ਦੌਰ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜੱਸ ਬਾਜਵਾ– ਪਿਛਲੀਆਂ ਕੁਝ ਇਤਿਹਾਸਕ ਫ਼ਿਲਮਾਂ ਨਹੀਂ ਚੱਲੀਆਂ ਕਿਉਂਕਿ ਲੋਕਾਂ ਨੂੰ ਆਸਾਂ ਬਹੁਤ ਹੁੰਦੀਆਂ ਹਨ। ਸਾਡੇ ਇਤਿਹਾਸ ’ਤੇ ਫ਼ਿਲਮ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ, ਜਿਹੜੇ ਨਹੀਂ ਵੀ ਤੁਰ-ਫਿਰ ਸਕਦੇ, ਉਨ੍ਹਾਂ ਨੂੰ ਵੀ ਉਹ ਸਿਨੇਮਾਘਰਾਂ ’ਚ ਲੈ ਕੇ ਜਾਂਦੇ ਹਨ ਕਿ ਕੁਝ ਇਨ੍ਹਾਂ ਦੇ ਮਤਲਬ ਦਾ ਆਇਆ ਤੇ ਉਨ੍ਹਾਂ ਦੇ ਦਿਲ ਨੂੰ ਵੀ ਇਸ ਚੀਜ਼ ਨੂੰ ਦੇਖ ਕੇ ਖ਼ੁਸ਼ੀ ਹੋਵੇਗੀ। ਇਤਿਹਾਸ ਨੂੰ ਦਿਖਾਉਣਾ ਆਪਣੇ ਆਪ ’ਚ ਸੁਈ ’ਚ ਨੱਕੇ ਵਾਲਾ ਕੰਮ ਹੁੰਦਾ ਹੈ। 

ਸਵਾਲ– ਬਾਕੀ ਫ਼ਿਲਮਾਂ ਨਾਲੋਂ ‘ਬੀਬੀ ਰਜਨੀ’ ਕਿਵੇਂ ਵੱਖ ਹੈ?
ਜੱਸ– ਮੈਂ ਫ਼ਿਲਮ ਦਾ ਫਰਸਟ ਕੱਟ ਦੇਖਿਆ ਹੈ ਤੇ ਮੈਂ ਇਹ ਦਾਅਵੇ ਨਾਲ ਗੱਲ ਕਹਿ ਸਕਦਾ ਕਿ ‘ਬੀਬੀ ਰਜਨੀ’ ਦੇਖ ਕੇ ਦਰਸ਼ਕ ਮਾਣ ਮਹਿਸੂਸ ਕਰਨਗੇ। ਅੱਜ ਪੰਜਾਬੀ ਸਿਨੇਮਾ ਕਿਥੋਂ ਸ਼ੁਰੂ ਹੋ ਕੇ ਕਿਥੇ ਪਹੁੰਚ ਚੁੱਕਿਆ ਹੈ। ਮੈਨੂੰ ਲੱਗਦਾ ਹੈ ਕਿ ਟੈਕਨੀਕਲ ਪੱਖੋਂ ‘ਬੀਬੀ ਰਜਨੀ’ ਪੰਜਾਬੀ ਸਿਨੇਮਾ ਦੀ ਬੈਸਟ ਫ਼ਿਲਮ ਹੋਣ ਵਾਲੀ ਹੈ।

ਸਵਾਲ– ਕਲਾਕਾਰਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ?
ਜਰਨੈਲ ਸਿੰਘ– ਕਲਾਕਾਰ ਪਾਣੀ ਵਾਂਗ ਹੁੰਦਾ ਹੈ, ਕਿਸੇ ਨੇ ਜਗ ’ਚ ਪਾ ਲੈਣਾ, ਕਿਸੇ ਨੇ ਗਲਾਸ ’ਚ ਤਾਂ ਕਿਸੇ ਨੇ ਕੌਲੀ ’ਚ। ਉਸ ਨੂੰ ਜਿਸ ਤਰ੍ਹਾਂ ਦਾ ਚਾਹੋਗੇ, ਉਸ ਨੇ ਉਸੇ ਤਰ੍ਹਾਂ ਦਾ ਹੋ ਜਾਣਾ। ‘ਬੀਬੀ ਰਜਨੀ’ ਫ਼ਿਲਮ ’ਚ ਕਿਸੇ ਨੂੰ ਸਿਫਾਰਿਸ਼ ਦੇ ਤੌਰ ’ਤੇ ਨਹੀਂ ਲਿਆ ਗਿਆ, ਜਿਹੜਾ ਕਿਰਦਾਰ ਜਿਥੇ ਫਿੱਟ ਹੁੰਦਾ ਸੀ, ਉਹ ਉਸੇ ਨੂੰ ਦਿੱਤਾ ਗਿਆ। ਨਾਲ ਹੀ ਕਲਾਕਾਰ ਉਹ ਮੂਰਤੀ ਹੈ, ਜਿਹੜੀ ਮਰਦੇ ਦਮ ਤਕ ਤਰਾਸ਼ੀ ਜਾਂਦੀ ਹੈ।

ਸਵਾਲ– ਇੰਡਸਟਰੀ ’ਚ ਕਿਵੇਂ ਦਾ ਮਾਹੌਲ ਰਹਿੰਦਾ ਹੈ?
ਰੂਪੀ– ਜਿਥੇ ਨੈਗੇਟੀਵਿਟੀ ਹੈ, ਉਥੇ ਪਾਜ਼ੇਟੀਵਿਟੀ ਵੀ ਹੁੰਦੀ ਹੈ। ਵੱਖ-ਵੱਖ ਤਰ੍ਹਾਂ ਦੇ ਲੋਕ ਹਨ। ਸਾਰਿਆਂ ਦਾ ਅਲੱਗ ਸੁਭਾਅ ਹੁੰਦਾ ਹੈ। ਸਾਰਿਆਂ ਦੇ ਕਰਮ ਵੱਖਰੇ ਹਨ ਤਜਰਬੇ ਵੱਖਰੇ ਹਨ ਪਰ ਇੰਡਸਟਰੀ ’ਚ ਜਿੰਨੇ ਵੀ ਮੇਰੇ ਸਹਿ-ਕਲਾਕਾਰ ਰਹੇ ਹਨ, ਮੈਂ ਕਿਸੇ ’ਚ ਵੀ ਹੰਕਾਰ ਨਹੀਂ ਦੇਖਿਆ। ਸਾਰੇ ਕੰਮ ਦੀ ਇੱਜ਼ਤ ਕਰਦੇ ਹਨ ਤੇ ਇਕ-ਦੂਜੇ ਦੀ ਵੀ। 

ਸਵਾਲ– ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਮਾਣ-ਸਤਿਕਾਰ ‘ਬੀਬੀ ਰਜਨੀ’ ਨੂੰ ਮਿਲਣਾ ਚਾਹੀਦਾ, ਉਹ ਅਜੇ ਤਕ ਨਹੀਂ ਮਿਲਿਆ?
ਜੱਸ– ਦੇਖੋ ਸਿਨੇਮਾ ਇਕ ਮਾਧਿਅਮ ਹੈ, ਜਿਸ ਰਾਹੀਂ ਬਹੁਤ ਵੱਡਾ ਸੁਨੇਹਾ ਦਿੱਤਾ ਜਾ ਸਕਦਾ ਹੈ। ਹੌਲੀ-ਹੌਲੀ ਸਾਡਾ ਇਤਿਹਾਸ ਅੱਖੋਂ-ਪਰੋਖੇ ਹੋ ਰਿਹਾ ਹੈ। ਹੌਲੀ-ਹੌਲੀ ਟੁੱਟਦੇ-ਟੁੱਟਦੇ ਅੱਜ ਇਹ ਦੱਸਣਾ ਪੈ ਰਿਹਾ ਹੈ ਕਿ ‘ਬੀਬੀ ਰਜਨੀ’ ਕੌਣ ਸਨ। ਹੋਣਾ ਇਹ ਚਾਹੀਦਾ ਹੈ ਕਿ ਜਿਥੇ ‘ਬੀਬੀ ਰਜਨੀ’ ਦਾ ਨਾਂ ਲਿਆ ਜਾਵੇ, ਉਥੇ ਬਹੁਤ ਹੀ ਇੱਜ਼ਤ-ਮਾਣ ਨਾਲ ਲਿਆ ਜਾਵੇ। ਸ੍ਰੀ ਹਰਿਮੰਦਰ ਸਾਹਿਬ ’ਚ ਦੁੱਖ ਭੰਜਨੀ ਬੇਰੀ ਉੁਨ੍ਹਾਂ ਦੇ ਨਾਲ ਹੀ ਜੁੜੀ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਉੱਪਰ ਤਾਂ ਸਾਡੇ ਲਈ ਦੁਨੀਆ ’ਚ ਕੁਝ ਵੀ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News